ਬੰਦ ਪਏ ਇੱਕ ਲੱਖ ਕਿਲੋਮੀਟਰ ਦੇ ਵੱਖ-ਵੱਖ ਰੂਟ ਵੀ ਹੁਣ ਜਲਦੀ ਸ਼ੁਰੂ ਹੋ ਜਾਣਗੇ
ਜਲੰਧਰ/ਚੰਡੀਗੜ੍ਹ, 14 ਅਪ੍ਰੈਲ- ਪੀ.ਆਰ.ਟੀ.ਸੀ ਵਲੋਂ ਪਾਈਆਂ ਜਾਣ ਵਾਲੀਆਂ 250 ਨਵੀਆਂ ਬੱਸਾਂ ਸਬੰਧੀ ਪਹਿਲੀ ਖੇਪ ਵਜੋਂ 20 ਚੈਸੀਆਂ ਪੀ.ਆਰ.ਟੀ.ਸੀ. ਦੇ ਮੁੱਖ ਦਫਤਰ ਵਿੱਚ ਪੁੱਜ ਗਈਆਂ ਹਨ। ਇਹ ਚੈਸੀਆਂ ਜਲਦੀ ਹੀ ਜਲੰਧਰ ਅਤੇ ਜੈਪੁਰ ਵਿੱਚ ਭੇਜੀਆਂ ਜਾ ਰਹੀਆਂ ਹਨ ਜੋ ਜਲਦੀ ਹੀ ਨਵੀਆਂ ਬੱਸਾਂ ਦੇ ਰੂਪ ਵਿੱਚ ਸੜਕਾਂ ਤੇ ਦੌੜਨਗੀਆਂ। ਅਦਾਰੇ ਵਲੋ‘ ਹਰ ਮਹੀਨੇ 50 ਨਵੀਆਂ ਬੱਸਾਂ ਤਿਆਰ ਕਰਵਾ ਲੈਣ ਦਾ ਟੀਚਾ ਮਿਥਿਆ ਗਿਆ ਹੈ। ਇਸ ਤਹਿਤ ਪਿਛਲੇ ਸਮੇ ਤੋਂ ਬੰਦ ਪਏ ਇੱਕ ਲੱਖ ਕਿਲੋਮੀਟਰ ਦੇ ਵੱਖ-ਵੱਖ ਰੂਟ ਵੀ ਹੁਣ ਜਲਦੀ ਸ਼ੁਰੂ ਹੋ ਜਾਣਗੇ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੀ.ਆਰ.ਟੀ.ਸੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੀ.ਆਰ.ਟੀ.ਸੀ ਕੋਲ ਇਸ ਵੇਲੇ 875 ਦੇ ਕਰੀਬ ਬੱਸਾਂ ਹਨ। ਇਨਾਂ ਵਿਚੋ 684 ਪੀ.ਆਰ.ਟੀ.ਸੀ ਦੀਆਂ ਆਪਣੀਆਂ ਅਤੇ 284 ਕਿਲੋਮੀਟਰ ਸਕੀਮ ਦੀਆਂ ਹਨ।
ਪੀ.ਆਰ.ਟੀ.ਸੀ ਦੇ ਐਮ.ਡੀ. ਸ. ਮਨਜੀਤ ਸਿੰਘ ਨਾਰੰਗ ਤੇ ਚੇਅਰਮੈਨ ਸ. ਅਵਤਾਰ ਸਿੰਘ ਬਰਾੜ ਵਲੋਂ 250 ਹੋਰ ਨਵੀਆਂ ਬੱਸਾਂ ਪਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸੇ ਕੜੀ ਵਜੋ‘ ਅਜਿਹੀਆਂ ਬੱਸਾਂ ਦੀਆਂ 20 ਚੈਸੀਆਂ ਆ ਚੁੱਕੀਆਂ ਹਨ।
ਸੈ‘ਟਰ ਵਰਕਸ਼ਾਪ ਦੇ ਇੰਚਾਰਜ ਐਕਸੀਅਨ ਸ੍ਰੀ ਡੀ.ਕੇ.ਸੂਦ ਨੇ ਦੱਸਿਆ ਕਿ ਇਹ ਚੈਸੀਆਂ ਮੈਸਰਜ਼ ਅਸ਼ੋਕ ਲੇਲੈਡ ਦੀਆਂ ਹਨ ਜਿਨਾਂ ਨੂੰ ਤਿਆਰ ਕਰਨ ਲਈ ਅਦਾਰੇ ਦਾ ਪੰਜ ਕੰਪਨੀਆਂ ਨਾਲ ਸਮਝੌਤਾ ਹੋ ਚੁੱਕਿਆਂ ਹੈ ਤੇ ਇਨਾਂ ਨੂੰ ਤਿਆਰ ਕਰਵਾਉਣ ਲਈ ਜੈਪੁਰ ਅਤੇ ਜਲੰਧਰ ਭੇਜਿਆ ਜਾ ਰਿਹਾ ਹੈ।
ਸ੍ਰੀ ਨਾਰੰਗ ਨੇ ਦੱਸਿਆ ਕਿ ਇਨਾਂ ਕੰਪਨੀਆਂ ਨਾਲ ਹਰ ਮਹੀਨੇ 50 ਬੱਸਾਂ ਤਿਆਰ ਕਰਨ ਦਾ ਸਮਝੌਤਾ ਹੋਇਆ ਹੈ। ਇਸ ਤਹਿਤ ਪੰਜ ਮਹੀਨਿਆਂ ਦੇ ਅੰਦਰ ਇਹ 250 ਬੱਸਾਂ ਸੜਕਾਂ ਤੇ ਦੌੜਨਗੀਆਂ। ਉਨਾਂ ਕਿਹਾ ਕਿ ਸਟਾਫ ਦੀ ਘਾਟ ਕਾਰਨ ਦਰਜਨਾਂ ਬੱਸਾਂ ਨੂੰ ਖੜ੍ਹਾਉਣਾ ਪੈ ਰਿਹਾ ਹੈ ਪਰ ਹੁਣੇ ਹੀ 200 ਨਵੇ‘ ਕੰਡਕਟਰਾਂ ਦੀ ਭਰਤੀ ਕੀਤੀ ਗਈ ਹੇ ਤੇ 200 ਹੋਰ ਨੂੰ ਵੇਟਿੰਗ ਵਿੱਚ ਰੱਖਿਆ ਗਿਆ ਹੈ। ਉਨਾ ਦੱਸਿਆ ਕਿ ਇਹ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ। ਇਸ ਸਬੰਧੀ ਵੇਰਵੇ ਕਾਰਪੋਰੇਸ਼ਨ ਦੀ ਵੈਬਸਾਈਟ ਤੇ ਪਾ ਦਿੱਤੇ ਗਏ ਹਨ।