ਬਠਿੰਡਾ, 4 ਅਗਸਤ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ) ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਦੀ ਯੂ.ਪੀ.ਏ ਸਰਕਾਰ ਵੱਲੋਂ ਕੱਲ ਸ਼ੁਰੂ ਹੋਣ ਜਾ ਰਹੇ ਪਾਰਲੀਮੈਂਟ ਦੇ ਸੈਸ਼ਨ ਦੌਰਾਨ ਜੋ ਵੀ ਲੋਕ ਵਿਰੋਧੀ ਨੀਤੀਆਂ ਵਾਲੇ ਬਿੱਲ ਲਿਆਂਦੇ ਜਾਣਗੇ ਉਨ੍ਹਾਂ ਵੱਲੋਂ ਡਟ ਕੇ ਵਿਰੋਧ ਕੀਤਾ ਜਾਵੇਗਾ । ਉਹ ਸੈਸ਼ਨ ਦੌਰਾਨ ਗਰੀਬ ਲੋਕਾਂ ਦਾ ਮਜ਼ਾਕ ਉਡਾਉਣ ਵਾਲੇ ਕਾਂਗਰਸੀ ਆਗੂਆਂ ਤੋਂ ਪੁੱਛਣਗੇ ਕੇ 5 ਰੁਪਏ ‘ਚ ਕਿਸ ਤਰ੍ਹਾ ਪੇਟ ਭਰ ਕੇ ਖਾਣਾ ਖਾਧਾ ਜਾ ਸਕਦਾ ਹੈ । ਉਪਰੋਕਤ ਸ਼ਬਦਾਂ ਤਾ ਪ੍ਰਗਾਟਾਵਾ ਮੈਂਬਰ ਪਾਰਲੀਮੈਂਟ ਬਠਿੰਡਾ ਨੇ ਜ਼ਿਲ੍ਹੇ ਦੇ ਪਿੰਡ ਪੂਹਲੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਯੂ ਪੀ ਏ ਸਰਕਾਰ ਵੱਲੋਂ ਫੂਡ ਸਕਿਊਰਟੀ ਦੇ ਨਾਂ ਤੇ ਵੋਟ ਰਾਜਨੀਤੀ ਕੀਤੀ ਜਾ ਰਹੀ ਹੈ । ਯੂ ਪੀ ਏ ਸਰਕਾਰ ਵੱਲੋਂ ਟੈਕਸ ਤਾਂ ਦੇਸ਼ ਦੇ ਸਾਰੇ ਸੂਬਿਆਂ ਤੋਂ ਉਗਰਾਏ ਜਾਂਦੇ ਹਨ ਪਰ ਉਸ ਵੱਲੋਂ ਸੂਬਿਆਂ ਨੂੰ ਦੇਣ ਵਾਲੀਆਂ ਕੇਂਦਰੀ ਗਰਾਂਟਾਂ ਸਮੇਂ ਸਿਰਫ ਆਪਣੀਆਂ ਸਹਿਯੋਗੀ ਪਾਰਟੀਆਂ ਵਾਲੀਆਂ ਸਰਕਾਰਾਂ ਨੂੰ ਹੀ ਪੈਕੇਜ ਦਿੱਤੇ ਜਾਂਦੇ ਹਨ ਤੇ ਪੰਜਾਬ ਨਾਲ ਹਮੇਸ਼ਾ ਇਸ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ । ਮੈਂਬਰ ਪਾਰਲੀਮੈਂਟ ਬੀਬਾ ਬਾਦਲ ਵੱਲੋਂ ਅੱਜ ਜ਼ਿਲ੍ਹੇ ਦੇ ਪਿੰਡ ਬੀਬੀ ਵਾਲਾ , ਗੋਬਿੰਦਪੁਰਾ, ਸੇਮਾਂ ਕਲਾਂ, ਪੂਹਲੀ, ਭੁੱਚੋ ਕਲਾਂ , ਬੁਰਜ ਕਾਹਨ ਸਿੰਘ ਵਾਲਾ Îਵਿਖੇ ਕੀਤੇ ਗਏ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਕਾਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਦੇ ਸਾਸ਼ਨ ਦੌਰਾਨ ਦੇਸ਼ ਦਾ ਵਿਕਾਸ ਤਾਂ ਭਾਵੇ ਨਹੀਂ ਹੋਇਆ ਪਰ ਮਹਿਗਾਈ ਤੇ ਭ੍ਰਿਸ਼ਟਾਚਾਰ ਅਣਗਿਣਤ ਗੁਣਾ ਜ਼ਰੂਰ ਵਧਿਆ ਹੈ । ਕੇਂਦਰ ਦੀ ਯੂਪੀਏ ਸਰਕਾਰ ਵੱਲੋਂ ਹਮੇਸ਼ਾ ਹੀ ਆਮ ਲੋਕਾਂ ਅਤੇ ਖਾਸ਼ ਕਰਕੇ ਗਰੀਬ ਲੋਕਾਂ ਦੇ ਵਿਰੋਧੀ ਨੀਤੀਆਂ ਹੀ ਪਾਸ ਕੀਤੀਆਂ ਜਾਂਦੀਆਂ ਹਨ। ਕੇਂਦਰ ਸਰਕਾਰ ਮਹਿਗਾਈ , ਭ੍ਰਿਸ਼ਟਾਚਾਰ ਦੇ ਸੱਭ ਹੱਦਾਂ ਬੱਨੇ ਪਾਰ ਕਰ ਚੁੱਕੀ ਹੈ । ਲੱਕ ਤੋੜਵੀ ਮਹਿਗਾਈ ਨਾਲ ਇਹ ਗਰੀਬੀ ਨਹੀਂ ਸਗੋਂ ਗਰੀਬਾਂ ਦਾ ਮਜ਼ਾਕ ਉਡਾ ਕੇ ਗਰੀਬਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ । ਉਨ੍ਹਾਂ ਭਰੂਣ ਹੱਤਿਆਂ ਤੇ ਦਾਜ ਵਰਗੀਆਂ ਸਮਾਜਿਕ ਕੁਰੀਤੀਆਂ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਜਾਗ੍ਰਿਤ ਵੀ ਕੀਤਾ । ਅੱਜ ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਚੁੱਕੇ ਜਾ ਰਹੇ ਕਦਮਾਂ ਦਾ ਹਵਾਲਾ ਦਿੰਦਿਆਂ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਮੁਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਗਰੀਬ ਵਰਗਾਂ ਦੇ ਭਲੇ ਲਈ ਆਟਾ ਦਾਲ ਸਕੀਮ ਤਹਿਤ ਹੁਣ 16 ਲੱਖ ਪਰਿਵਾਰਾਂ ਦੀ ਥਾਂ 30 ਲੱਖ ਪਰਿਵਾਰਾਂ ਨੂੰ ਕਵਰ ਕੀਤਾ ਜਾਵੇਗਾ ਜੋ ਆਪਣੇ ਆਪ ਵਿੱਚ ਅਜਿਹੇ ਪਰਿਵਾਰਾਂ ਲਈ ਵੱਡੀ ਰਾਹਤ ਹੋਵੇਗੀ। ਉਨ੍ਹਾਂ ਨੌਜਵਾਨ ਵਰਗ ਅਤੇ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਵੱਧ ਤੋਂ ਵੱਧ ਰੁੱਖ ਲਾ ਕੇ ਗਰੀਨ ਪੰਜਾਬ ਲਹਿਰ ਨਾਲ ਜੁੜਨ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਣ ਸ਼ੁੱਧ ਰੱਖਿਆ ਜਾ ਸਕੇ। ਇਸ ਮੌਕੇ ਉਨ੍ਹਾਂ ਵੱਲੋਂ ਪਿੰਡਾਂ ਵਿੱਚ ਪੋਦੇ ਵੀ ਵੰਡੇ ਗਏ । ਮੈਂਬਰ ਪਾਰਲੀਮੈਂਟ ਬੀਬਾ ਬਾਦਲ ਵੱਲੋਂ ਸੰਗਤ ਦਰਸ਼ਨ ਪ੍ਰੋਗਰਾਮ ਦੋਰਾਨ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆ ਅਤੇ ਮੋਕੇ ਤੇ ਹੀ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਆਦੇਸ਼ ਵੀ ਦਿੱਤੇ । ਉਨ੍ਹਾਂ Îਪਿੰਡ ਬੀਬੀ ਵਾਲਾ ਵਿਖੇ ਬੱਸ ਸਰਵਿਸ ਦੀ ਸਮੱਸਿਆਂ ਦੇ ਹੱਲ ਲਈ ਕਿਹਾ ਪੀ.ਆਰ .ਟੀ ਸੀ ਦੇ ਬਠਿੰਡਾ ਡਿਪੂ ਵਿਖੇ ਜਲਦੀ ਹੀ 10 ਨਵੀਆਂ ਬੱਸਾਂ ਆ ਰਹੀਆ ਹਨ ਜਿਸ ਉਪਰੰਤ ਇਸ ਪਿੰਡ ਲਈ ਬੱਸ ਸਰਵਿਸ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਵੱਲੋਂ ਪਿੰਡ ਸੇਮਾਂ ਵਿਖੇ ਨਵੀਂ ਬਣਨ ਵਾਲੀ ਦਾਣਾ ਮੰਡੀ ਦਾ ਉਦਘਟਨ ਕੀਤਾ ਗਿਆ । ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਮੈਂਬਰ ਪਾਰਲੀਮੈਂਟ ਬਠਿੰਡਾ ਦੇ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਕਮਲ ਕਿਸ਼ੋਰ ਯਾਦਵ , ਜ਼ਿਲ੍ਹਾ ਪੁਲਿਸ ਮੁਖੀ ਰਵਚਰਨ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਮੁਹੰਮਦ ਤਇਅਬ,ਐਸ ਡੀ ਐਮ ਬਠਿੰਡਾ ਦਮਨਜੀਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਰਾਜਿੰਦਰ ਬਤਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਡਾ ਓਮ ਪ੍ਰਕਾਸ ਸ਼ਰਮਾ ਤੋਂ ਇਲਾਵਾ ਵੱਖ -ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।