ਬੁੱਢੇ ਬਾਰੇ ਮਿੱਟੀ ’ਚੋਂ ਕੀ ਭਾਲਦੈ- ਮੈਂ ਵੀ ਪੁੱਤ ਥੋਡੇ ਨਾਲ ਦਾ, ਗੁਆਚ ਗਈ ਜਵਾਨੀ ਮੇਰੀ ਉਹ ਭਾਲਦੈ
ਬਰਨਾਲਾ, 10 ਅਪ੍ਰੈਲ– ਪੰਜਾਬ ਦੇ ਹਜ਼ਾਰਾਂ ਪਿੰਡਾਂ ਦੇ ਸਰਪੰਚ ਬੁਢਾਪਾ ਪੈਨਸ਼ਨਾਂ ਦੇ ਕਰੀਬ 164 ਕਰੋੜ ਰੁਪਏ ਛਕ ਗਏ ਹਨ। ਗਰੀਬ ਬਜ਼ੁਰਗਾਂ ਦੀ ਥਾਂ ਇਹ ਪੈਸਾ ਸਰਪੰਚਾਂ ਦੀ ਜੇਬ ’ਚ ਚਲਾ ਗਿਆ ਹੈ। ਇਨ੍ਹਾਂ ’ਚ ਮੌਜੂਦਾ ਤੇ ਸਾਬਕਾ ਅਕਾਲੀ ਸਰਪੰਚਾਂ ਤੋਂ ਇਲਾਵਾ ਕੁੱਝ ਕੁ ਕਾਂਗਰਸੀ ਸਰਪੰਚ ਵੀ ਸ਼ਾਮਲ ਹਨ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਰਪੰਚਾਂ ਤੋਂ ਬੁਢਾਪਾ ਪੈਨਸ਼ਨ ਦੀ ਰਾਸ਼ੀ ਵਸੂਲੀ ਨਹੀਂ ਜਾ ਰਹੀ। ਇੱਥੋਂ ਤੱਕ ਕਿ ਪੰਜ ਵਰ੍ਹੇ ਪਹਿਲਾਂ ਜਾਰੀ ਪੈਸੇ ਦਾ ਵੀ ਸਰਪੰਚਾਂ ਨੇ ਸਰਕਾਰ ਨੂੰ ਹਾਲੇ ਤੱਕ ਹਿਸਾਬ ਕਿਤਾਬ ਨਹੀਂ ਦਿੱਤਾ ਹੈ। ਹਾਲਾਂਕਿ ਖਜ਼ਾਨਾ ਤੰਗੀ ’ਚ ਹੈ, ਪ੍ਰੰਤੂ ਇਸਦੇ ਬਾਵਜੂਦ ਸਰਕਾਰ ਨੇ ਡੋਰ ਢਿੱਲੀ ਛੱਡੀ ਹੋਈ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਤੋ ਆਰ.ਟੀ.ਆਈ. ਰਾਹੀਂ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੇ ਸਰਪੰਚਾਂ ਨੇ ਬੁਢਾਪਾ ਪੈਨਸ਼ਨ ਦੀ 164.24 ਕਰੋੜ ਰੁਪਏ ਦੀ ਰਾਸ਼ੀ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਹੈ। ਸਾਫ ਸ਼ਬਦਾਂ ’ਚ ਕਹੀਏ
ਤਾਂਾ ਸਰਪੰਚ ਇਹ ਪੈਸਾ ਛਕ ਗਏ ਹਨ ਜਦਂੋ ਕਿ ਮਹਿਕਮਾ ਆਖ ਰਿਹਾ ਹੈ ਕਿ ਇਨ੍ਹਾਂ ਸਰਪੰਚਾਂ ਨੇ ਏ. ਪੀ. ਆਰ. ਜਮ੍ਹਾਂ ਨਹੀਂ ਕਰਾਈਆਂ ਹਨ। ਪੰਜਾਬ ਸਰਕਾਰ ਵੱਲੋਂ ਪਹਿਲਾਂ ਬੈਂਕਾਂ ਰਾਹੀਂ ਬੁਢਾਪਾ ਪੈਨਸ਼ਨ ਵੰਡੀ ਜਾਂਦੀ ਸੀ, ਪ੍ਰੰਤੂ ਜੁਲਾਈ 2008 ਤੋਂ ਪੈਨਸ਼ਨ ਦੀ ਵੰਡ ਸਰਪੰਚਾਂ ਰਾਹੀਂ ਕਰ ਦਿੱਤੀ ਗਈ ਸੀ। ਗਾਈਡਲਾਈਨਜ਼ ਅਨੁਸਾਰ ਮਹਿਕਮੇ ਦੀ ਤਰਫੋਂ ਬੁਢਾਪਾ ਪੈਨਸ਼ਨ ਦੀ ਰਾਸ਼ੀ ਭੇਜਣ ਮਗਰੋਂ ਸਰਪੰਚਾਂ ਨੇ 10 ਦਿਨਾਂ ਦੇ ਅੰਦਰ-ਅੰਦਰ ਬੁਢਾਪਾ ਪੈਨਸ਼ਨ ਵੰਡਣੀ ਹੁੰਦੀ ਹੈ ਤੇ ਇੱਕ ਮਹੀਨੇ ਦੇ ਅੰਦਰ-ਅੰਦਰ ਵੰਡੀ ਪੈਨਸਸ਼ਨ ਦੀ ਏ.ਪੀ.ਆਰ. ਜਮ੍ਹਾ ਕਰਾਉਣੀ ਹੁੰਦੀ ਹੈ, ਤਾਂ ਜੋ ਬੁਢਾਪਾ ਪੈਨਸ਼ਨ ਦੀ ਵੰਡ ਤੋਂ ਸਰਕਾਰ ਜਾਣੂ ਹੋ ਸਕੇ। ਸਰਕਾਰੀ ਸੂਚਨਾ ਅਨੁਸਾਰ ਪੰਜਾਬ ਭਰ ’ਚੋਂ ਜ਼ਿਲ੍ਹਾ ਫਿਰੋਜ਼ਪੁਰ ਇਸ ਮਾਮਲੇ ’ਚ ਪਹਿਲੇ ਨੰਬਰ ’ਤੇ ਹੈ, ਜਿੱਥੋਂ ਦੇ ਸਰਪੰਚ ਬੁਢਾਪਾ ਪੈਨਸ਼ਨਾਂ ਦੀ 33.17 ਕਰੋੜ ਦੀ ਰਾਸ਼ੀ ਛਕ ਗਏ ਹਨ। ਰਾਸ਼ੀ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ ਹੈ। ਦੂਸਰੇ ਨੰਬਰ ’ਤੇ ਜ਼ਿਲ੍ਹਾ ਸੰਗਰੂਰ ਦਾ ਨਾਂਅ ਆਉਂਦਾ ਹੈ, ਜਿਥੋਂ ਦੇ ਸਰਪੰਚਾਂ ਨੇ 29.72 ਕਰੋੜ ਰੁਪਏ ਬੁਢਾਪਾ ਪੈਨਸ਼ਨ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਕੁਲਵਿੰਦਰ ਕੌਰ ਦਾ ਕਹਿਣਾ ਸੀ ਕਿ ਜ਼ਿਲ੍ਹੇ ਦੇ ਪਿੰਡਾਂ ’ਚੋਂ ਕਾਫੀ ਸ਼ਿਕਾਇਤਾਂ ਮਿਲੀਆਂ ਹਨ ਕਿ ਸਰਪੰਚਾਂ ਨੇ ਬੁਢਾਪਾ ਪੈਨਸ਼ਨ ਵੰਡੀ ਹੀ ਨਹੀਂ ਹੈ ਤੇ ਉਨ੍ਹਾਂ ਨੇ ਆਪਣੇ ਖਾਤੇ ’ਚ ਪੈਨਸ਼ਨ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਡਿਪਟੀ ਕਮਿਸ਼ਨਰ ਰਾਹੀਂ ਬਕਾਏ ਪੈਸੇ ਦੀ ਵਸੂਲੀ ਲਈ ਇੱਕ ਮੀਟਿੰਗ ਰੱਖ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ’ਚੋਂ ਤੀਜਾ ਨੰਬਰ ਅੰਮ੍ਰਿਤਸਰ ਦਾ ਹੈ ਜਿਥੋਂ ਦੇ ਸਰਪੰਚਾਂ ਨੇ 19.30 ਕਰੋੜ ਦੀ ਬੁਢਾਪਾ ਪੈਨਸ਼ਨ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਹੈ। ਕੁੱਝ ਸਰਪੰਚਾਂ ਨੇ ਤਾਂ ਸਾਲ 2010 ਵਿੱਚ ਆਈ ਬੁਢਾਪਾ ਪੈਨਸ਼ਨ ਦੀ 8.14 ਲੱਖ ਰੁਪਏ ਦੀ ਰਾਸ਼ੀ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ। ਪੰਜਾਬ ’ਚੋਂ ਇਕੱਲਾ ਮਾਨਸਾ ਜ਼ਿਲ੍ਹਾ ਅਜਿਹਾ ਹੈ ਜਿੱਥੇ ਸਾਰੀ ਬੁਢਾਪਾ ਪੈਨਸ਼ਨ ਲਾਭਪਾਤਰੀਆਂ ਨੂੰ ਮਿਲ ਚੁੱਕੀ ਹੈ। ਜ਼ਿਲ੍ਹਾ ਪਟਿਆਲਾ, ਮੁਕਤਸਰ ਤੇ ਪਠਾਨਕੋਟ ਦੀ ਸਥਿਤੀ ਇਸ ਮਾਮਲੇ ’ਚ ਬਹੁਤ ਬੇਹਤਰ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ ਦੇ ਸਰਪੰਚਾਂ ਵੱਲ ਮਾਮੂਲੀ ਰਾਸ਼ੀ ਹੀ ਬਕਾਇਆ ਖੜ੍ਹੀ ਹੈ। ਪੰਚਾਇਤ ਯੂਨੀਅਨ ਦੇ ਸੰਸਥਾਪਕ ਸ. ਯਾਦਵਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਬੁਢਾਪਾ ਪੈਨਸ਼ਨ ਦੀ ਰਾਸ਼ੀ ਕਈ ਦਫਾ ਸਰਪੰਚ ਹੋਰ ਕੰਮਾਂ ’ਤੇ ਖਰਚ ਕਰ ਬੈਠਦੇ ਹਨ ਤੇ ਕਈ ਵਾਰ ਮਹਿਕਮੇ ਦੇ ਮੁਲਾਜ਼ਮ ਹੀ ਸਮੇਂ- ਸਿਰ ਸਰਕਾਰ ਕੋਲ ਏ. ਪੀ. ਆਰਜ਼ ਜਮ੍ਹਾ ਨਹੀਂ ਕਰਵਾਉਂਦੇ, ਜਿਸ ਕਰਕੇ ਪੈਸਾ ਸਰਪੰਚਾਂ ਵੱਲ ਹੀ ਬੋਲਦਾ ਰਹਿੰਦਾ ਹੈ। ਦੂਸਰੀ ਤਰਫ ਗਰਾਮ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਸ. ਸਤਵਿੰਦਰ ਸਿੰਘ ਕੰਗ ਦਾ ਪ੍ਰਤੀਕਰਮ ਸੀ ਕਿ ਅਸਲ ਵਿੱਚ ਸਰਪੰਚ ਹੋਰ ਕਿਧਰੇ ਵੀ ਬੁਢਾਪਾ ਪੈਨਸ਼ਨ ਦਾ ਪੈਸਾ ਨਹੀਂ ਵਰਤਦੇ ਬਲਕਿ ਉਹ ਅਣਗਹਿਲੀ ਜ਼ਰੂਰ ਵਰਤ ਜਾਂਦੇ ਹਨ ਕਿ ਸਮਂੇ ਸਿਰ ਏ.ਪੀ. ਆਰਜ਼ ਜਮ੍ਹਾ ਨਹੀਂ ਕਰਵਾਉਂਦੇ। ਉਨ੍ਹਾਂ ਕਿਹਾ ਕਿ ਬਹੁਤੀ ਦਫਾ ਇਹ ਏ.ਪੀ. ਆਰਜ਼ ਬਲਾਕ ਵਿਕਾਸ ਤੇ ਪੰਚਾਇਤ ਦਫਤਰਾਂ ’ਚ ਹੀ ਪਈਆਂ ਰਹਿੰਦੀਆਂ ਹਨ। ਕਸੂਰ ਸਰਪੰਚਾਂ ਦਾ ਕੱਢ ਦਿੱਤਾ ਜਾਂਦਾ ਹੈ। ਸੂਚਨਾ ਅਨੁਸਾਰ ਜ਼ਿਲ੍ਹਾ ਮੋਗਾ ਦੇ ਸਰਪੰਚਾਂ ਨੇ 10.72 ਕਰੋੜ ਤੇ ਜ਼ਿਲ੍ਹਾ ਜ¦ਧਰ ਦੇ ਸਰਪੰਚਾਂ ਨੇ 9.16 ਕਰੋੜ ਰੁਪਏ ਦੇ ਬੁਢਾਪਾ ਪੈਨਸ਼ਨ ਦੇ ਫੰਡ ਆਪਣੇ ਨਿੱਜੀ ਕੰਮਾਂ ਵਾਸਤੇ ਵਰਤ ਲਏ ਹਨ। ਇਵੇਂ ਹੀ ਮੁਹਾਲੀ ਦੇ ਸਰਪੰਚਾਂ ਨੇ 8.46 ਕਰੋੜ, ਬਠਿੰਡਾ ਜ਼ਿਲ੍ਹੇ ਦੇ ਸਰਪੰਚਾਂ ਨੇ 6.62 ਕਰੋੜ ਦੀ ਰਾਸ਼ੀ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ। ਦੱਸਣਯੋਗ ਹੈ ਕਿ ਪੰਜਾਬ ਦੇ ਬਜ਼ੁਰਗਾਂ ਨੂੰ ਹੁਣ ਤਾਂ ਸਤੰਬਰ 2014 ਤੋਂ ਮਗਰੋਂ ਬੁਢਾਪਾ ਪੈਨਸ਼ਨ ਹੀ ਨਹੀਂ ਮਿਲੀ ਹੈ। ਜਦੋਂ ਇਸ ਸਬੰਧੀ ਮਹਿਕਮੇ ਦੇ ਪ੍ਰਬੰਧਕੀ ਸਕੱਤਰ ਤੇ ਡਾਇਰੈਕਟਰ ਨਾਲ ਗੱਲ ਕਰਨੀ ਚਾਹੀ ਤਾਂ ਸੰਪਰਕ ਨਾ ਹੋ ਸਕਿਆ।