ਜਲੰਧਰ, 20 ਮਾਰਚ (ਸੁਖਵਿੰਦਰ ਦਕੋਹਾ)- ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨੀਆਂ ਜਾਣ ਕਰਕੇ ਲਗਾਤਾਰ ਸੰਘਰਸ਼ ਦੇ ਰਾਹ ’ਤੇ ਚੱਲ ਰਹੇ ਪੰਜਾਬ ਦੇ ਸਿਹਤ ਕਰਮਚਾਰੀਆਂ ਦੇ ਧਰਨੇ ਪ੍ਰਦਰਸ਼ਨ ਨੇ ਸ਼ੁੱਕਰਵਾਰ ਨੂੰ ਉਗਰ ਰੂਪ ਧਾਰਨ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਕਰਮਚਾਰੀਆਂ ਨੇ ਪਹਿਲਾਂ ਕੰਪਨੀ ਬਾਗ ਚੌਕ ਵਿੱਚ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਜਲੰਧਰ ਸੈਂਟਰਲ ਹਲਕੇ ਦੇ ਭਾਜਪਾ ਵਿਧਾਇਕ ਮਨੋਰੰਜਨ ਕਾਲੀਆ ਦਾ ਘਰ ਘੇਰ ਲਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਿਧਾਇਕ ਦੇ ਘਰ ਦਾ ਘੇਰਾਓ ਦੇਖ ਕੇ ਅਧਿਕਾਰੀਆਂ ਨੇ ਭਾਰੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ। ਪੁਲਿਸ ਅਤੇ ਸਿਹਤ ਕਰਮਚਾਰੀਆਂ ਵਿੱਚਕਾਰ ਬਹਿਸਬਾਜ਼ੀ ਤੋਂ ਬਾਅਦ ਹਿੰਸਕ ਹੋਏ ਸਿਹਤ ਕਰਮਚਾਰੀਆਂ ਨੇ ਪੁਲਿਸ ਦੀਆਂ ਸਰਕਾਰੀ ਗੱਡੀਆਂ ਉੱਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਹਲਕਾ ਲਾਠੀਚਾਰਜ ਕਰਕੇ
ਹਿੰਸਕ ਹੋਏ ਸਿਹਤ ਕਰਮਚਾਰੀਆਂ ਵਿਚੋਂ 13 ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਸਿਹਤ ਕਰਮਚਾਰੀਆਂ ਦੁਆਰਾ ਰੋਸ਼ ਰੈਲੀ ਕੱਢੀ ਗਈ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਲੇਖਾ ਅਧਿਕਾਰੀ ਸੰਜੀਵ ਕੁਮਾਰ ਨੇ ਪਤਰਕਾਰਾਂ ਨੂੰ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਅਤੇ ਉਨ੍ਹਾਂ ’ਤੇ ਅਮਲ ਕਰਵਾਉਣ ਤਕ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਰੈਗੂਲਰ ਪੇ ਸਕੇਲ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਉਦੋਂ ਤੱਕ ਉਨ੍ਹਾਂ ਦੀ ਹੜਤਾਲ ਅਤੇ ਪ੍ਰਦਰਸ਼ਨ ਜਾਰੀ ਰਹੇਗਾ। ਰੈਲੀ ਵਿੱਚ ਯੂਨੀਅਨ ਦੇ ਰੋਹਿਤ ਠਾਕੁਰ, ਮੋਨਿਕਾ ਰਾਣੀ, ਜਤਿੰਦਰ ਕੌਰ, ਰਾਜਵੰਤ ਕੌਰ, ਦਰਸ਼ਨ ਕੌਰ, ਪਵਨ ਕੁਮਾਰ, ਨੀਲਮ ਰਾਣੀ, ਸਰਬਜੀਤ ਕੌਰ, ਭੁਪਿੰਦਰ ਸਿੰਘ, ਜਸਵੀਰ ਸਿੰਘ ਅਤੇ ਹੋਰ ਅਣਗਿਣਤ ਮੈਂਬਰ ਸ਼ਾਮਲ ਹੋਏ।