ਪਠਾਨਕੋਟ, 20 ਮਾਰਚ (ਅਜੇ ਕੁਮਾਰ)- ਅੱਜ ਪੰਜਾਬ ਅਤੇ ਜੰਮੂ-ਕਸ਼ਮੀਰ (ਲਖਨਪੁਰ) ਦੇ ਪ੍ਰਵੇਸ਼ ਦੁਆਰ ਮਾਧੋਪੁਰ ’ਤੇ ਸਥਿਤ ਰਾਵੀ ਦਰਿਆ ਉੱਤੇ ਬੈਰੀਅਰ ’ਤੇ ਜ਼ਿਲ੍ਹਾ ਪਠਾਨਕੋਟ ਦੀ ਪੰਜਾਬ ਪੁਲਿਸ ਵੱਲੋਂ ਸਖ਼ਤੀ ਨਾਲ ਜੰਮੂ-ਕਸ਼ਮੀਰ ਤੋਂ ਆ ਰਹੀਆਂ ਅਤੇ ਜਾ ਰਹੀਆਂ ਗੱਡੀਆਂ ਨੂੰ ਚੈੱਕ ਕੀਤਾ ਗਿਆ। ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਪੈਂਦੇ ਰਾਜ ਬਾਗ ਏਰੀਆ ’ਚ ਹੋਏ ਅੱਤਵਾਦੀ ਹਮਲੇ ਦੇ ਚਲਦਿਆਂ ਮਾਧੋਪੁਰ ਬੈਰੀਅਰ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਜਿਸ ਦੇ ਨਾਲ ਪੰਜਾਬ ਪੁਲਿਸ ਵੱਲੋਂ ਸਖਤੀ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਦੂਜੇ ਪਾਸੇ ਮਾਧੋਪੁਰ ਬੈਰੀਅਰ ’ਤੇ ਚੈਕਿੰਗ ਕਰ ਰਹੇ ਐਸ. ਪੀ. ਜਸਪਾਲ ਸਿੰਘ ਪਠਾਨਕੋਟ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਬਾਰਡਰ ’ਤੇ ਭਾਰੀ ਪੁਲਿਸ ਦੀ ਤੈਨਾਤੀ ਕਰਕੇ ਜੰਮੂ-ਕਸ਼ਮੀਰ ਤੋਂ ਆ ਅਤੇ ਜਾ ਰਹੀਆਂ ਗੱਡੀਆਂ ਨੂੰ ਸਖ਼ਤੀ ਨਾਲ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਅੱਤਵਾਦੀ ਵੱਲੋਂ ਪੰਜਾਬ ਵਿੱਚ ਆ ਕੇ ਕਿਸੇ ਤਰ੍ਹਾਂ ਦੀ ਵਾਰਦਾਤ ਨੂੰ ਅੰਜ਼ਾਮ ਨਾ ਦਿੱਤਾ ਜਾ ਸਕੇ।