April 21, 2026 3:47 pm

ਸੇਮ ਦੀ ਸਮੱਸਿਆ ਨੂੰ ਹੱਲ ਕਰਨ ਲਈ 2246 ਕਰੋੜ ਰੁਪਏ ਦਾ ਪ੍ਰੋਜੈਕਟ ਪ੍ਰਵਾਨ : ਹਰਸਿਮਰਤ ਬਾਦਲ

Page-1_14 ਮਲੋਟ, 30 ਮਾਰਚ (ਲੱਖ਼ਾ ਸ਼ਰਮਾ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਮੇਤ ਮਾਲਵੇ ਦੇ ਸੇਮ ਪੀੜ੍ਹਤ ਜ਼ਿਲ੍ਹਿਆਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਇਨ੍ਹਾਂ ਖੇਤਰਾਂ ਵਿਚ ਸੇਮ ਦੇ ਖਾਤਮੇ ਲਈ ਇੰਟੇਗਰੇਟਿਡ ਪ੍ਰੋਗਰਾਮ ਤਹਿਤ ਦੱਖਣੀ ਪੱਛਮੀ ਪੰਜਾਬ ਲਈ  2246 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਮੰਨਜ਼ੂਰੀ ਭਾਰਤ ਸਰਕਾਰ ਤੋਂ ਹੋ ਗਈ ਹੈ। ਇਸ ਪ੍ਰੋਜੈਕਟ ਦੇ ਮੁਕਮੰਲ ਹੋਣ ਨਾਲ ਸੂਬੇ ਵਿਚੋਂ ਸੇਮ ਦੀ ਸਮੱਸਿਆ ਦਾ ਸਥਾਈ ਹੱਲ ਸੰਭਵ ਹੋ ਸਕੇਗਾ। ਇਸ ਸਬੰਧੀ ਕੇਂਦਰੀ ਵਿੱਤ ਮੰਤਰੀ ਅਤੇ ਕੇਂਦਰੀ ਪਾਣੀ ਦੇ ਵਸੀਲਿਆਂ ਦੇ ਮੰਤਰੀ ਦਾ ਧੰਨਵਾਦ ਕਰਦੇ ਹੋਏ ਸ੍ਰੀਮਤੀ  ਬਾਦਲ ਨੇ ਕਿਹਾ ਕਿ ਨਹਿਰਾਂ ਦੀ ਲਾਈਨਿੰਗ  ਹੋਣ ਨਾਲ ਕਿਸਾਨਾਂ ਨੂੰ ਪੂਰੀ ਮਾਤਰਾ  ’ਚ ਪਾਣੀ ਮਿਲੇਗਾ ਅਤੇ

ਸਿੰਚਾਈ ਵਾਲੇ ਪਾਣੀ ਨਾਲ ਸਬੰਧਤ ਕੋਈ  ਮੁਸ਼ਕਲ ਨਹੀਂ ਝਲਣੀ ਪਵੇਗੀ। ਸਿੰਚਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਗਰਾਮ ’ਚ ਰਾਜਸਥਾਨ ਫੀਡਰ ਕੈਨਾਲ ਦੀ ਲਾਈਨਿੰਗ, ਸਰਹੰਦ ਫੀਡਰ ਕੈਨਾਲ ਦੀ ਲਾਈਨਿੰਗ ਅਤੇ ਡਰੇਨਜ਼ ਦਾ ਸਤਹਿ ਅਤੇ ਸਬ ਸਤਹਿ ਕੰਮ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਸਿੰਚਾਈ ਵਿਭਾਗ ਇਸ ਪ੍ਰੋਜੈਕਟ ਨੂੰ 3 ਸਾਲਾਂ ਦੇ ਅੰਦਰ-ਅੰਦਰ 31 ਮਾਰਚ 2017 ਤੱਕ ਮੁਕੰਮਲ ਕਰ ਦੇਵੇਗਾ ਅਤੇ ਇਸ ਨਾਲ ਲੱਖਾਂ ਹੀ ਸੇਮ ਪੀੜ੍ਹਤ ਕਿਸਾਨਾਂ ਨੂੰ ਸੇਮ ਤੋਂ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਅਕਾਲੀ ਦਲ-ਭਾਜਪਾ ਸਰਕਾਰ ਦਾ ਇਹ ਉਪਰਾਲਾ ਕਿਸਾਨਾਂ ਲਈ ਬਹੁਤ ਲਾਹੇਬੰਦ ਸਿੱਧ ਹੋਵੇਗਾ।
ਇਸ ਵਿਚ ਭਾਰਤ ਸਰਕਾਰ ਦੁਆਰਾ 960 ਕਰੋੜ ਰੁਪਏ ਦਾ ਇਕ ਪ੍ਰੋਜੈਕਟ ਨੂੰ ਵੀ ਮੰਨਜ਼ੂਰੀ ਦਿੱਤੀ ਗਈ ਹੈ, ਜਿਸ ਤਹਿਤ ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਰੀਦਕੋਟ, ਗੁਰਦਾਸਪੁਰ ਅਤੇ ਫਿਰੋਜਪੁਰ ਜ਼ਿਲ੍ਹਿਆਂ ਦੇ ਨਵੇਂ ਸਤਹਿ ਨਾਲੇ, ਸਬ ਸਤਹਿ ਤੇ ਡਰੇਨਜ਼ ਪ੍ਰਣਾਲੀ ਲਿਫਟ ਸਿੰਚਾਈ ਦੀਆਂ ਸਕੀਮਾਂ, ਕੱਚੇ ਨਾਲਿਆ ਨੂੰ ਪੱਕਾ ਕਰਨਾ ਅਤੇ ਨਾਲਿਆ ਦੇ ਨਾਲ-ਨਾਲ ਲੱਗੇ ਦਰੱਖਤਾਂ ਨੂੰ ਵੀ ਹਟਾਉਣ ਦਾ ਕੰਮ ਸ਼ਾਮਲ ਹੈ। ਭਾਰਤ ਸਰਕਾਰ ਦੁਆਰਾ ਇਸ ਕੰਮ ਲਈ 960 ਕਰੋੜ ਰੁਪਏ 75:25 ਦੀ ਰੇਸ਼ੋ ’ਚ ਦਿੱਤੇ ਜਾ ਰਹੇ ਹਨ। ਇਸ ਵਿਚ 720 ਕਰੋੜ ਰੁਪਏ ਭਾਰਤ ਸਰਕਾਰ ਦੁਆਰਾ 3 ਕਿਸ਼ਤਾਂ ’ਚ 240 ਕਰੋੜ ਰੁਪਈਆ ਹਰ ਸਾਲ ਦੇ ਹਿਸਾਬ ਨਾਲ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਪੰਜਾਬ ਸਰਕਾਰ 240 ਕਰੋੜ ਰੁਪਏ ਦਾ ਯੋਗਦਾਨ ਪਾਵੇਗੀ। ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਪਹਿਲੇ ਸਾਲ ਦੇ ਟੋਕਨ ਮਨੀ ਵਜੋਂ ਭਾਰਤ ਸਰਕਾਰ ਦੁਆਰਾ 50 ਕਰੋੜ ਰੁਪਏ ਸਾਲ 2014 ਦੌਰਾਨ ਜਾਰੀ ਕਰ ਦਿੱਤੇ ਗਏ ਸਨ ਅਤੇ ਪਹਿਲੀ 190 ਕਰੋੜ ਰੁਪਏ ਦੀ ਕਿਸ਼ਤ 17 ਮਾਰਚ 2015 ਨੂੰ ਜਾਰੀ ਕੀਤੀ ਗਈ ਹੈ। ਪੁੱਲਾਂ ਅਤੇ ਪਗਡੰਡੀਆਂ ਨੂੰ ਬਣਾਉਣ ਦਾ ਕੰਮ, ਨਾਲਿਆਂ ਦੀ ਕਰਾਸਿੰਗ ਅਤੇ ਪਾਣੀ ਦੇ ਸਹੀ ਵਹਾਓ ਨੂੰ ਕਾਇਮ ਰੱਖਣ ਲਈ ਵੀ ਕੰਮ ਕੀਤਾ ਜਾ ਰਿਹਾ ਹੈ।
ਇਨ੍ਹਾਂ ਕੰਮਾਂ ਤੋਂ ਇਲਾਵਾ ਲਿਫਟ ਸਿੰਚਾਈ ਅਤੇ ਨਾਲਿਆਂ ਨੂੰ ਸਾਫ਼ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਪੰਜਾਬ ਦਾ 60 ਹਜ਼ਾਰ ਹੈਕਟੇਅਰ ਸੇਮ ਪੀੜ੍ਹਤ ਇਲਾਕਾ ਮੁੜ ਖੇਤੀ ਯੋਗ ਬਣ ਜਾਵੇਗਾ। 
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਪੰਜਾਬ ਦੇ ਸਾਲਾਨਾ ਪਲਾਨ 2014-15 ਤਹਿਤ 190 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਉਨ੍ਹਾਂ ਨੇ ਨਿਤੀ ਆਯੋਗ ਅਤੇ ਮੰਤਰੀ ਮੰਤਰਾਲੇ ਨਾਲ ਵੀ ਗੱਲ ਕੀਤੀ। ਇਨ੍ਹਾਂ ਯਤਨਾ ਸਦਕਾ ਵਿੱਤ ਮੰਤਰਾਲੇ ਦੁਆਰਾ 190 ਕਰੋੜ ਰੁਪਏ ਦੀ ਰਾਸ਼ੀ ਖਾਲਿਆਂ ਅਤੇ ਸਰਫੇਸ ਦੇ ਕੰਮਾਂ ਲਈ ਜਾਰੀ ਕੀਤੇ ਗਏ ਹਨ।

Send this to a friend