April 19, 2026 9:21 pm

ਬਠਿੰਡਾ ਦੇ ਕੈਮਿਸਟਾਂ ਤੋਂ 8 ਲੱਖ ਰੁਪਏ ਦੀਆਂ ਨਕਲੀ ਤੇ ਗੈਰ-ਕਾਨੂੰਨੀ ਦਵਾਈਆਂ ਬਰਾਮਦ

ਚੰਡੀਗੜ੍ਹ, 18 ਮਾਰਚ (ਅਮਰਜੀਤ ਸਿੰਘ ਸਿੱਧੂ/ਗੁਰਤੇਜ ਸਿੰਘ ਸਿੱਧੂ)- ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵਲੋਂ ਦਿਨ ਦਿੱਤੇ ਗਏ ਨਿਰਦੇਸ਼ਾਂ ਦੇ ਤਹਿਤ ਫੂਡ ਅਤੇ ਡਰੱਗ ਐਡਮਿਨਸਟਰੇਸ਼ਨ ਪੰਜਾਬ ਦੇ ਅਧਿਕਾਰੀਆਂ ਵਲੋਂ ਨਕਲੀ ਅਤੇ ਗੈਰਕਾਨੂੰਨੀ ਦਵਾਈਆਂ ਬਣਾਉਣ ਜਾਂ ਕਾਰੋਬਾਰ ਕਰਨ ਵਾਲਿਆਂ ਵਿੱਰੁਧ ਵੱਡੇ ਪੱਧਰ ਤੇ ਮੁਹਿੰਮ ਛੇੜ ਦਿੱਤੀ ਗਈ ਹੈ। ਇਸ ਸੰਬੰਧ ਵਿੱਚ ਡਰੱਗ ਕਮਿਸ਼ਨਰ ਸ੍ਰੀ ਹੁਸਨ ਲਾਲ ਨੂੰ ਪ੍ਰਾਪਤ ਹੋਈ ਗੁਪਤ ਸੂਚਨਾ ਦੇ ਆਧਾਰ ਤੇ ਉਨ੍ਹਾਂ ਵਲੋਂ ਸਹਾਇਕ ਡਰੱਗ ਕੰਟਰੋਲਰ ਸ੍ਰੀ ਭਾਗ ਸਿੰਘ ਅਤੇ ਸ੍ਰੀ ਪ੍ਰਦੀਪ ਮੱਟੂ ਦੀ ਅਗਵਾਈ ਵਿੱਚ ਇਕ ਟੀਮ ਦਾ ਗਠਿਤ ਕੀਤੀ ਗਈ, ਜਿਸ ਵਿੱਚ ਪਟਿਆਲਾ ਅਤੇ ਐਸ.ਏ.ਐਸ. ਨਗਰ ਦੇ ਤਿੰਨ ਡਰੱਗ ਇੰਸਪੈਕਟਰ ਸ਼ਾਮਿਲ ਸਨ। ਸੂਚਨਾ ਦੇ ਆਧਾਰ ਤੇ ਇਸ ਟੀਮ ਵਲੋਂ ਬਠਿੰਡਾ ਦੇ ਦੋ ਮੈਡੀਕਲ ਹਾਲਾਂ ਅਤੇ ਉਨ੍ਹਾਂ ਦੇ ਮਾਲਿਕਾਂ ਦੇ ਘਰਾਂ ਅਤੇ ਦਫਤਰਾਂ ਵਿੱਚ ਛਾਪੇਮਾਰੀ ਕਰਕੇ ਨਕਲੀ ਤੇ ਗੈਰ ਕਾਨੂੰਨੀ ਦਵਾਈਆਂ ਵੇਚਣ ਵਾਲਿਆਂ ਖਿਲਾਫ

ਕਾਰਵਾਈ ਕੀਤੀ। ਇਨ੍ਹਾਂ ਵਿੱਚੋਂ ਬਠਿੰਡਾ ਦੇ ਹਾਜੀ ਰਤਨ ਚੌਂਕ ਨਜ਼ਦੀਕ ਬਾਲਾਜੀ ਮੈਡੀਕਲ ਹਾਲ ਤੋਂ 18 ਤਰ੍ਹਾਂ ਦੀਆਂ ‘ਫਿਜ਼ਿਸ਼ਿਅਨ ਸੈਂਪਲ -ਨੋਟ ਫੋਰ ਸੇਲ’’ ਟੈਗ ਵਾਲੀਆਂ ਦਵਾਈਆਂ ਜਬਤ ਕੀਤੀਆਂ ਗਈਆਂ। ਟੀਮਾਂ ਵਲੋਂ ਦਵਾਈਆਂ ਦੇ ਸੈਂਪਲ ਵਿਸਥਾਰਪੂਰਵਕ ਜਾਂਚ ਲਈ ਭਰ ਲਏ ਗਏ ਹਨ। ਇਨ੍ਹਾਂ ਕੈਮਿਸਟਾਂ ਦੇ ਘਰੇਲੂ ਪਤੇ ਤੇ ਵੀ ਟੀਮ ਨੇ ਛਾਪੇਮਾਰੀ ਦੌਰਾਨ 89 ਤਰ੍ਹਾਂ ਦੀਆਂ ਅਜਿਹੀਆਂ ਦਵਾਈਆਂ ਨੂੰ ਸ਼ੱਕ ਦੇ ਆਧਾਰ ਤੇ ਬਰਾਮਦ ਕੀਤਾ ਹੈ। ਇਹ ਦਵਾਈਆਂ ਵਿਕਰੇਤਾ ਵਲੋਂ ਆਪਣੇ ਘਰ ਵਿੱਚ ਵੱਖ-ਵੱਖ ਥਾਵਾਂ ਤੇ ਲੁਕੋਈਆਂ ਗਈ ਸਨ। ਇਥੇ ਟੀਮ ਨੇ 13 ਤਰ੍ਹਾਂ ਦੇ ਸੈਂਪਲ ਵਿਸਥਾਰ ਜਾਂਚ ਲਈ ਭਰੇ। ਇਸੇ ਦੌਰਾਨ ਦੂਜੀ ਟੀਮ ਵਲੋਂ ਬਠਿੰਡਾ ਦੀ ਹੀ ਅਗਰਵਾਲ ਕਲੋਨੀ ਵਿਖੇ ਸਥਿਤ ਮੋਹਿਤ ਮੈਡੀਕੋਜ਼ ਤੋਂ ਵੀ 13 ਤਰ੍ਹਾਂ ਦੀਆਂ ਗੈਰ ਕਾਨੂੰਨੀ ਦਵਾਈਆਂ ਫੜੀਆਂ, ਜੋ ਕਿ ਵੀ ‘ਫਿਜ਼ਿਸ਼ਿਅਨ ਸੈਂਪਲ -ਨੋਟ ਫੋਰ ਸੇਲ’’ ਦੇ ਅਧੀਨ ਸਨ। ਇਨ੍ਹਾਂ ਰੇਡਾਂ ਦੌਰਾਨ ਬਰਾਮਦ ਕੀਤੀਆਂ ਦਵਾਈਆਂ ਦੀ ਕੀਮਤ 7-8 ਲੱਖ ਰੁਪਏ ਆਂਕੀ ਜਾਂਦੀ ਹੈ। ਸ੍ਰੀ ਹੁਸਨ ਲਾਲ ਕਮਿਸ਼ਨਰ ਫੂਡ ਐਂਡ ਡਰੱਗ ਪ੍ਰਸ਼ਾਸਨ ਪੰਜਾਬ ਵਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਵਲੋਂ ਇਸੇ ਤਰ੍ਹਾਂ ਸੰਗਰੂਰ ਅਤੇ ਬਰਨਾਲਾ ਵਿੱਚ ਵੀ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਕੁਝ ਕੈਮਿਸਟਾਂ ਤੇ ਵੀ ਦਬਿਸ਼ ਪਾਈ ਗਈ। ਜਿਥੋਂ ਵੀ 28 ਲੱਖ ਰੁਪਏ ਦੀਆਂ ‘ਫਿਜ਼ਿਸ਼ਿਅਨ ਸੈਂਪਲ -ਨੋਟ ਫੋਰ ਸੇਲ’’ ਟੈਗ ਦੀਆਂ ਦਵਾਈਆਂ ਬਰਾਮਦ ਕੀਤੀਆਂ ਗਈ। ਉਨ੍ਹਾਂ ਵਲੋਂ ਦੱਸਿਆ ਕਿ ਵਿਭਾਗ ਵਲੋਂ ਅਜਿਹੀਆਂ ਨਕਲੀ ਦਵਾਈਆਂ ਬਣਾਉਣ ਅਤੇ ਵੇਚਣ ਵਾਲਿਆਂ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਮੇਂ-ਸਮੇਂ ਸਿਰ ਕਾਰਵਾਈ ਵੀ ਕੀਤੀ ਜਾਂਦੀ ਹੈ। ਸ੍ਰੀ ਹੁਸਨ ਲਾਲ ਨੇ ਕਿਹਾ ਕਿ ਭਵਿੱਖ ਵਿੱਚ ਵੀ ਜੇਕਰ ਕੋਈ ਅਜਿਹਾ ਕਰਦਾ ਫੜਿਆ ਗਿਆ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਦਿਨ ਰਾਤ ਮਿਹਨਤ ਕਰਨ ਵਾਲੇ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਦੇ ਅਫਸਰਾਂ ਨੂੰ ਵੀ ਸਮਾਨਿਤ ਕੀਤਾ ਜਾਵੇਗਾ। ਇਸੇ ਸਿਲਸਿਲੇ ਵਿੱਚ ਵਿਭਾਗ ਵਲੋਂ ਤੈਅ ਕੀਤਾ ਗਿਆ ਹੈ ਕਿ ਹਾਲ ਹੀ ਵਿੱਚ ਹੋਈ ਸੰਗਰੂਰ ਅਤੇ ਬਠਿੰਡਾ ਵਿੱਚ ਛਾਪਾਮਾਰੀ ਦੌਰਾਨ ਅਹਿਮ ਭੂਮਿਕਾ ਨਿਭਾਉਣ ਦੇਣ ਵਾਲੇ ਜੋਨਲ ਲਾਈਸੈਸਿੰਗ ਅਥਾਰਟੀ ਸ੍ਰੀ ਵਿਨੇ ਜਿੰਦਲ ਨੂੰ ਵਿਭਾਗ ਵਲੋਂ ਪ੍ਰਸ਼ੰਸਾ ਪੱਤਰ ਨਾਲ ਨਿਵਾਜਿਤ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ।

Send this to a friend