ਚੰਡੀਗੜ੍ਹ, 17 ਮਾਰਚ (ਨਾਗਪਾਲ)- ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਯੂ ਨੇ ਅੱਜ ਵਿਧਾਨ ਸਭਾ ਵਿਚ ਪੇਸ਼ ਆਪਣੇ ਪਹਿਲੇ ਬਜਟ ਵਿਚ ਨਾ ਤਾਂ ਨਵਾਂ ਟੈਕਸ ਲਗਾਉਣ ਅਤੇ ਨਾ ਹੀ ਮੌਜੂਦਾ ਟੈਕਸ ਦਰਾਂ ਵਿਚ ਵਾਧਾ ਕਰਨ ਦਾ ਕੋਈ ਪ੍ਰਸਤਾਵ ਕੀਤਾ ਹੈ। ਇਸ ਦੇ ਬਜਾਏ ਵਿਧਾਨ ਸਭਾ ਚੋਣ ਵਿਚ ਭਾਰੀ ਬਹੁਮਤ ਪ੍ਰਾਪਤ ਕਰਕੇ ਸੱਤਾ ਵਿਚ ਆਈ ਭਾਜਪਾ ਸਰਕਾਰ ਦੇ ਪਹਿਲੇ ਬਜਟ ਵਿਚ ਚੌਗਿਰੰਦਾ ਤੇ ਮਿੱਟੀ ਸਿਹਤ ਲਈ ਜੈਵਿਕ ਖੇਤੀ ਅਤੇ ਜੈਵ ਖਾਦਾਂ ਦੀ ਵਰਤੋਂ ਨੂੰ ਪ੍ਰੋਤਸਾਹਿਤ ਕਰਨ ਲਈ ਜੈਵ ਖਾਦਾਂ ’ਤੇ ਵੈਟ ਹਟਾਉਣ ਦਾ ਪ੍ਰਸਤਾਵ ਹੈ। ਬਜਟ ਵਿਚ ਐਲ.ਈ.ਡੀ. ਲਾਈਆਂ ਅਤੇ ਪਾਇਪ ਫਿਟਿੰਗ ਤੇ ਪ੍ਰੀਫੇਬਰੀਕੇਡਿਟ ਸਟੀਲ ਸਟ੍ਰਕਚਰ ਦੀ ਵਰਤੋਂ ਨੂੰ ਪ੍ਰੋਤਸਾਹਿਤ ਕਰਨ ਲਈ ਇੰਨ੍ਹਾਂ ’ਤੇ ਵੈਟ ਦੀ ਦਰ ਨੂੰ ਘੱਟ ਕਰਕੇ 5 ਫੀਸਦੀ ਕਰਨ ਦਾ ਪ੍ਰਸਤਾਵ ਕਰਦਾ ਹੈ। ਕੈਪਟਨ ਅਭਿਮਨਯੂ ਨੇ ਕਿਹਾ, ‘ਮੈਨੂੰ ਭਰੋਸਾ ਹੈ ਕਿ ਇੰਨ੍ਹਾਂ ਛੋਟਾਂ ਦੇ ਬਾਵਜੂਦ ਆਸਾਨ ਲਾਗੂਕਰਨ ’ਤੇ ਵਧੀਆ ਪਾਲਣਾ ਦੇ ਕਾਰਣ
ਅਗਲੇ ਸਾਲ ਵਿਚ ਅਸੀਂ ਆਪਣੀ ਟੈਕਸ ਪ੍ਰਾਪਤੀਆਂ ਦੇ ਟੀਚੇ ਨੂੰ ਪ੍ਰਾਪਤ ਕਰ ਸਕਾਂਗੇ।’ ਰੁਕਾਵਟਾਂ ਤੋਂ ਪਾਰ ਪਾਉਣ ਲਈ ਵਿੱਤ ਮੰਤਰੀ ਨੇ ਅਗਲੇ ਦੋ ਸਾਲਾਂ ਵਿਚ ਵਿਕਾਸ ਦੀ ਦਰ ਨੂੰ ਦੋਹਰੇ ਅੰਕਾਂ ’ਤੇ ਲੈ ਜਾਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਸਹਿਕਾਰਤਾ ਸਮੇਤ ਖੇਤੀਬਾੜੀ ਤੇ ਸਬੰਧਤ ਖੇਤਰਾਂ ਨੂੰ 2636.65 ਕਰੋੜ ਰੁਪਏ, ਬਿਜਲੀ ਨੂੰ 6546.91 ਕਰੋੜ ਰੁਪਏ, ਸਿੰਚਾਈ ਨੂੰ 2351.74 ਕਰੋੜ ਰੁਪਏ, ਜਨ ਸਿਹਤ ਇੰਜੀਨੀਅਰਿੰਗ ਨੂੰ 2671.55 ਕਰੋੜ ਰੁਪਏ, ਸੜਕ ਤੇ ਟਰਾਂਸਪੋਰਟ ਨੂੰ 5541.14 ਕਰੋੜ ਰੁਪਏ, ਸ਼ਹਿਰੀ ਵਿਕਾਸ ਨੂੰ 3409.37 ਕਰੋੜ ਰੁਪਏ, ਸਿੱਖਿਆ, ਖੇਡ, ਕਲਾ ਤੇ ਸਭਿਆਚਾਰ ਨੂੰ 11907.09 ਕਰੋੜ ਰੁਪਏ, ਉਦਯੋਗਿਕ ਸਿੱਖਲਾਈ ਤੇ ਤਕਨੀਕੀ ਸਿੱਖਿਆ ਨੂੰ 916.38 ਕਰੋੜ ਰੁਪਏ, ਸਿਹਤ ਤੇ ਪਰਿਵਾਰ ਕਲਿਆਣ ਨੂੰ 3028.61 ਕਰੋੜ ਰੁਪਏ, ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਕਲਿਆਣ ਸਮੇਤ ਸਮਾਜਿਕ ਨਿਆਂ ਤੇ ਅਧਿਕਾਰਤਾ ਨੂੰ 5295.11 ਕਰੋੜ ਰੁਪਏ ਅਤੇ ਵਿਕਾਸ ਤੇ ਪੰਚਾਇਤ ਨੂੰ 2734.71 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ।