ਬਠਿੰਡਾ, 9 ਮਾਰਚ (ਗੁਰਤੇਜ ਸਿੰਘ ਸਿੱਧੂ / ਅਮਰਜੀਤ ਸਿੰਘ ਸਿੱਧੂ)- ਅੱਜ ਬਠਿੰਡਾ ਵਿੱਚ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਆਮਦ ਮੌਕੇ ਸਥਿਤੀ ਬੜੀ ਹਾਸੋਹੀਣੀ ਬਣ ਗਈ ਜਦੋਂ ਕਿਸੇ ਵੀ ਬੁਲਾਰੇ ਨੇ ਨਗਰ ਨਿਗਮ ਬਠਿੰਡਾ ਦੇ ਅੱਜ ਚੁਣੇ ਗਏ ਪਹਿਲੇ ਦਲਿਤ ਮੇਅਰ ਬਲਵੰਤ ਰਾਏ ਨਾਥ ਦੇ ਨਾਂ ਦਾ ਜਿਕਰ ਕਰਨਾਂ ਵੀ ਮੁਨਾਸਿਬ ਨਹੀਂ ਸਮਝਿਆ। ਸ਼੍ਰੀ ਨਾਥ ਜਾਣੇ ਪਹਿਚ੍ਯਾਣੇ ਸਮਾਜ ਸੇਵੀ ਅਤੇ ਦਲਿਤ ਆਗੂ ਹਨ ਜੋ ਸ਼ਹਿਰ ਦੇ ਤੀਜੀ ਵਾਰ ਕੌਸਲਰ ਚੁਣੇ ਗਏ ਹਨ। ਜਿਕਰਯੋਗ ਗੱਲ ਇਹ ਹੈ ਕਿ ਇਸ ਵਾਰ ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਨੂੰ ਅਠਾਰਾਂ ਸੌ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਉੱਪ ਮੁੱਖ ਮੰਤਰੀ ਅੱਜ ਨਵੇਂ ਬਨਣ ਜਾ ਰਹੇ ਜਿਲ੍ਹਾ ਪ੍ਰੀਸ਼ਦ ਦੇ ਪ੍ਰਬੰਧਕੀ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਆਏ ਸਨ ਜਿਥੇ ਪ੍ਰਸਾਸ਼ਨ ਵੱਲੋਂ ਪ੍ਰਭਾਵਸ਼ਾਲੀ ਸਮਾਗਮ ਰੱਖਿਆ ਗਿਆ ਸੀ ਜਿਸ ਵਿੱਚ ਸੱਤਾਧਾਰੀ ਧਿਰ ਦੇ ਵੱਡੇ ਆਗੂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਸਮੂਲੀਅਤ ਕੀਤੀ, ਪਰ
ਨਵੇਂ ਚੁਣੇ ਮੇਅਰ ਦਾ ਕਿਸੇ ਨੇ ਨੋਟਿਸ ਨਹੀਂ ਲਿਆ। ਇਥੋ ਤੱਕ ਕਿ ਸਟੇਜ ਤੋਂ ਬੋਲਣ ਵਾਲੇ ਵੱਖ ਵੱਖ ਬੁਲਾਰਿਆਂ ਨੇ ਵੀ ਉਨ੍ਹਾਂ ਦੀ ਹਾਜ਼ਰੀ ਦਾ ਜ਼ਿਕਰ ਤੱਕ ਨਹੀਂ ਕੀਤਾ। ਇਸ ਤਰ੍ਹਾਂ ਦੀ ਸਥਿਤੀ ਬਨਣ ਦਾ ਸਮਾਗਮ ਵਿੱਚ ਸ਼ਾਮਲ ਦਲਿਤ ਭਾਈਚਾਰੇ ਦੇ ਲੋਕਾਂ ਨੇ ਕਾਫੀ ਬੁਰਾ ਮਨਾਇਆ। ਜਿਕਰਯੋਗ ਹੈ ਕਿ ਸ਼੍ਰੀ ਨਾਥ ਸਫਾਈ ਮਜ਼ਦੂਰਾਂ ਦੇ ਵਰਗ ਨਾਲ ਸਬੰਧ ਰੱਖਦੇ ਹਨ। ਇਹ ਪਹਿਲੀ ਵਾਰ ਹੇੈ ਕਿ ਇਸ ਵਰਗ ਨਾਲ ਸਬੰਧਿਤ ਵਿਅਕਤੀ ਨੂੰ ਪੰਜਾਬ ਸਰਕਾਰ ਵੱਲੋਂ ਇਹ ੳੁੱਚ ਅਹੁਦਾ ਦੇ ਕੇ ਨਿਵਾਜਿਆ ਹੈ। ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਂਨ ਕਿਰਨਜੀਤ ਸਿੰਘ ਗਹਿਰੀ ਨੇ ਅਜਿਹੇ ਹਲਾਤ ਉਂੱਤਪਨ ਹੋਣ ਤੇ ਟਿੱਪਣੀ ਕਰਦਿਆਂ ਕਿਹਾ ਕਿ ਅਮੀਰ ਅਤੇ ਸੱਤਾ ਤੇ ਕਾਬਜ਼ ਲੋਕਾਂ ਨੇ ਦਲਿਤ ਸਮਾਜ ਪ੍ਰਤੀ ਆਪਣੀ ਮਾਨਸਿਕਤਾ ਨੂੰ ਦਰਸਾ ਕੇ ਆਪਣੇ ਅੰਦਰਲੇ ਮਨ ਦੇ ਖੁੱਲ੍ਹੇ ਦਰਸ਼ਨ ਕਰਵਾ ਦਿੱਤੇ ਹਨ, ਜਿਸ ਤੋ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਮੁੜ ਸੋਚ ਵਿਚਾਰ ਕਰਨੀ ਚਾਹੀਦੀ ਹੈ।