ਸੰਗਰੂਰ, 9 ਮਾਰਚ (ਹਰਜੀਤ ਸਿੰਘ ਹਸਨਪੁਰੀ)- ਬੀਤੀ 1 ਮਾਰਚ ਨੂੰ ਧੂਰੀ ਦੇ ਜੰਮਪਾਲ ਮਨੋਜ ਕਾਂਜਲਾ ਦੀ ਪਟਿਆਲਾ ਤੋਂ ਨਾਭਾ ਆਉਣ ਸਮੇਂ ਕੁਝ ਵਿਅਕਤੀਆਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਪਟਿਆਲਾ ਪੁਲੀਸ ਵੱਲੋਂ ਤਿੰਨ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਨ੍ਹਾ ਵਿੱਚ ਧੂਰੀ ਦੇ ਰਹਿਣ ਵਾਲੇ ਮਾਡਰਨ ਗਰੁੱਪ ਦੇ ਜਗਜੀਤ ਸਿੰਘ, ਬਲਜਿੰਦਰ ਸਿੰਘ ਤੇ ਸਰਬਜੀਤ ਸਿੰਘ ਦੇ ਨਾਂ ਸ਼ਾਮਲ ਹਨ। ਪਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀਆਂ ਦੇ ਕਾਨੂੰਨ ਦੀ ਗਿਰਫ ਤੋਂ ਬਾਹਰ ਹੋਣ ਕਾਰਨ ਪੁਲੀਸ ਦੀ ਨਿਰਾਸਾ ਕਾਰਵਾਈ ਨੇ ਪਰਿਵਾਰ ਵਿੱਚ ਰੋਸ ਪੈਦਾ ਕਰ ਦਿੱਤਾ। ਅੱਜ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਤੋਂ
ਇਲਾਵਾ ਸਵਰਨਕਾਰ ਸੰਘ ਦੇ ਪ੍ਰਧਾਨ ਦਰਸ਼ਨ ਸਿੰਘ ਖੁਰਮੀ, ਐਂਟੀ ਕਰਾਈਮ ਯੁੂਥ ਬਿਊਰੋ ਦੇ ਪ੍ਰਧਾਨ ਵਿਨੋਦ ਵਰਮਾ, ਭਾਜਪਾ ਮੰਡਲ ਪ੍ਰਧਾਨ ਵਿਕਾਸ ਜੈਨ, ਮਲਕੀਤ ਚਾਂਗਲੀ, ਸੰਜੈ ਕੁਮਾਰ, ਰੋਮੀ ਸਿੰਗਲਾ, ਹੈਪੀ ਕੁਮਾਰ ਤੇ ਹੋਰ ਦਰਜਨਾਂ ਵਿਅਕਤੀਆਂ ਨੇ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਕੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਤੇ ਸਰਕਾਰ ਮੰਤਰੀ ਸਿਕੰਦਰ ਸਿੰਘ ਮਲੂਕਾ ਵਿਰੁੱਧ ਕਾਤਲਾਂ ਦੀ ਮਦਦ ਕਰਨ ਦੇ ਵੀ ਦੋਸ਼ ਲਾਏ। ਇਹ ਰੋਸ ਦਰਸ਼ਨ ਸ਼ਹਿਰ ਦੇ ਵੱਖ ਵੱਖ ਬਜਾ ਵਿੱਚੋਂ ਪੈਦਾ ਹੋਇਆ ਸਥਾਨਕ ਸੱਟੇ ਵਾਲੇ ਪੁਲ ’ਤੇ ਸਮਾਪਤ ਹੋਇਆ। ਇਸ ਮੌਕੇ ਦਰਸ਼ਨ ਖੁਰਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਵਿੱਚ ਨਾਕਾਮ ਹੋ ਚੁੱਕੀ ਹੈ। ਜਿਸ ਕੜੀ ਤਹਿਤ ਕਤਲ ਵਰਗੇ ਸੰਗੀਨ ਜੁਰਮ ਦਿਨ ਵਧੱਦੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਮਨੋਜ ਕਾਂਝਲਾ ਦੇ ਕਤਲ ਦੇ ਜ਼ਿੰਮੇਵਾਰ ਵਿਅਕਤੀਆਂ ਦੀ ਸਰਕਾਰ ਦੇ ਇਕ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਚੰਗੀ ਨੇੜਤਾ ਹੈ ਜਿਸ ਕਾਰਨ ਕਾਤਲ ਆਪਣਾ ਰਾਜਨੀਤਿਕ ਰਸੂਕ ਵਰਤ ਕੇ ਪੁਲੀਸ ਦੀ ਗਿਰਫ ਤੋਂ ਦੂਰ ਹਨ। ਉਨ੍ਹਾਂ ਕਿਹਾ ਕਿ ਅਗਰ ਜਲਦੀ ਹੀ ਘਟਨਾ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਨਾਲ ਸਰਕਾਰ ਦੇ ਉਕਤ ਮੰਤਰੀ ਦੀ ਦਖਲਅੰਦਾਜੀ ਫੋਰੀ ਨਾ ਬੰਦ ਕੀਤੀ ਗਈ ਤਾਂ ਇਹ ਸੰਘਰਸ਼ ਵੱਡਾ ਰੂਪ ਅਖਤਿਆਰ ਕਰੇਗਾ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਦੁਆਉਣ ਲਈ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਮਿਲਿਆ ਜਾਵੇਗਾ। ਇਸ ਸਬੰਧੀ ਪਟਿਆਲਾ ਪੁਲੀਸ ਦੇ ਮੁੱਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਾ ਹੋ ਸਕਿਆ। ਪਰ ਡੀ ਐਸ ਪੀ (ਡੀ) ਪਟਿਆਲਾ ਗੁਰਮੇਲ ਸਿੰਘ ਧਾਲੀਵਾਲ ਨੇ ਕਿਹਾ ਕਿ ਕਤਲ ਦੇ ਜ਼ਿੰਮੇਵਾਰ ਵਿਅਕਤੀਆ ਨੂੰ ਗ੍ਰਿਫਤਾਰ ਕਰਨ ਲਈ ਕਿਸੇ ਵੀ ਕਿਸਮ ਦੀ ਢਿੱਲ ਨਹੀਂ ਵਰਤੀ ਜਾ ਰਹੀ। ਰੋਜ਼ਾਨਾ ਮੁਲਜ਼ਮਾਂ ਨੂੰ ਫੜਨ ਲਈ ਪੁਲੀਸ ਵੱਲੋਂ ਟੀਮਾਂ ਬਣਾ ਕੇ ਰੇਡ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆਂ ਨਹੀਂ ਜਾਵੇਗਾ। ਇਸ ਸਬੰਧੀ ਸਿਕੰਤਰ ਸਿੰਘ ਮਲੂਕਾ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਨਿੱਜੀ ਸਹਾਇਕ ਨੇ ਕਿਹਾ ਕਿ ਮੰਤਰੀ ਜੀ ਡਿਪਟੀ ਸੀਐਮ ਨਾਲ ਮੀਟਿੰਗ ਕਰ ਰਹੇ ਹਨ।
ਦੇਹਲਾ ਸੀਹਾਂ ਵਿਖੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਪੰਜ ਦਿਨਾ ਸਾਲਾਨਾ ਸ਼ਹੀਦੀ ਜੋੜ ਮੇਲਾ ਅੱਜ ਤੋਂ
ਮੂਨਕ, 9 ਮਾਰਚ (ਕੁਲਵੰਤ ਦੇਹਲਾ)- ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਪਿੰਡ ਦੇਹਲਾ ਸੀਹਾਂ ਵਿਖੇ 10 ਮਾਰਚ ਤੋਂ ਲੈ ਕੇ 14 ਮਾਰਚ ਤਕ ਮਨਾਇਆ ਜਾਵੇਗਾ। ਇਹ ਜਾਣਕਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ ਮੈਂਬਰ ਬਲਾਕ ਸੰਮਤੀ ਨੇ ਦਸਿਆ ਕਿ 10 ਮਾਰਚ ਤੋਂ ਲੈ ਕੇ 12 ਮਾਰਚ ਤਕ ਜਥੇਦਾਰ ਸੰਤ ਬੂਟਾ ਸਿੰਘ ਗੁੜਥਲੀ ਦੇ ਦੀਵਾਨ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਅਤੇ 13 ਮਾਰਚ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ। 14 ਮਾਰਚ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦੁਆਰਾ ਕਮੇਟੀ ਦੇ ਖਜ਼ਾਨਚੀ ਭਾਈ ਸੁਖਵਿੰਦਰ ਸਿੰਘ ਨੇ ਦਸਿਆ ਕਿ 14 ਮਾਰਚ ਨੂੰ ਦਸਤਾਰ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਜੋੜ ਮੇਲੇ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਹੋ ਚੁਕੇ ਹਨ ਅਤੇ ਬਾਹਰੋਂ ਆ ਰਹੀ ਸੰਗਤ ਨੂੰ ਲਿਆਉਣ ਵਾਸਤੇ ਸਾਧਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਗੁਰੂ ਦੇ ਲੰਗਰ ਵੀ ਸਜਾਏ ਜਾ ਰਹੇ ਹਨ।