ਬਠਿੰਡਾ/ਨਥਾਣਾ 5 ਮਾਰਚ (ਗੁਰਤੇਜ ਸਿੱਧੂ, ਅਮਰਜੀਤ ਸਿੱਧੂ, ਇੰਦਰਜੀਤ ਨਥਾਣਾ)- ਇੱਕ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਅੱਜ ਬਠਿੰਡਾ ਦੀ ਅਦਾਲਤ ਨੇ ਇੱਕ ਪਰਿਵਾਰ ਦੇ ਪੰਜ ਵਿਅਕਤੀਆਂ ਨੂੰ ਉਮਰ ਕੈਦ ਅਤੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਕਤਲ ਕੇਸ ਵਿੱਚ ਦੋਸ਼ੀ ਪਾਏ ਗਏ ਪੰਜੇ ਨੌਜਵਾਨ ਚਚੇਰੇ ਭਰਾ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 8 ਅਕਤੂਬਰ 2012 ਨੂੰ ਕਸਬਾ ਨਥਾਣਾ ਦੇ ਇੱਕ ਨੌਜਵਾਨ ਬਲਕਾਰ ਸਿੰਘ ਪੁੱਤਰ ਨਾਹਰ ਸਿੰਘ ਦਾ ਕਤਲ ਹੋ ਗਿਆ ਸੀ। ਮ੍ਰਿਤਕ ਦੇ ਮਾਮੇ ਦੇ ਲੜਕੇ ਸੁਖਚੈਨ ਸਿੰਘ ਵਾਸੀ ਗੋਬਿੰਦਪੁਰਾ ਨੇ ਨਥਾਣਾ ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਦੱਸਿਆ ਸੀ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪਿੰਡ ਨਥਾਣਾ ਦੇ ਹੀ ਹਰਮੀਤ ਸਿੰਘ ਹੈਪੀ ਪੁੱਤਰ ਗੁਰਜੰਟ ਸਿੰਘ, ਮਨਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰਾਨ ਸੁਖਦੇਵ ਸਿੰਘ ਅਤੇ ਰਣਜੀਤ ਸਿੰਘ ਤੇ ਰਣਧੀਰ ਸਿੰਘ ਪੁੱਤਰਾਨ ਅੰਗਰੇਜ ਸਿੰਘ ਨੇ ਬਲਕਾਰ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸਦੀ ਕੁੱਝ ਦਿਨਾਂ ਬਾਅਦ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਪੁਲਿਸ ਨੇ ਸੁਖਚੈਨ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਉਕਤ ਪੰਜ ਚਚੇਰੇ ਭਰਾਵਾਂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ।
ਪਰ ਬਾਅਦ ਵਿੱਚ ਪੁਲਿਸ ਨੇ ਆਪਣੀ ਤਫਤੀਸ਼ ਵਿੱਚ ਜਸਵਿੰਦਰ ਸਿੰਘ, ਰਣਜੀਤ ਸਿੰਘ ਅਤੇ ਰਣਧੀਰ ਸਿੰਘ ਨੂੰ ਬੇਗੁਨਾਹ ਕਰਾਰ ਦੇ ਦਿੱਤਾ ਸੀ।
ਅਦਾਲਤ ਨੇ ਮੁੱਦਈ ਪੱਖ ਦੀ ਦਰਖਾਸਤ ਦੇ ਬਾਅਦ ਉਕਤ ਤਿੰਨ੍ਹੇ ਨੌਜਵਾਨਾਂ ਨੂੰ ਅਦਾਲਤ ਵਿੱਚ ਤਲਬ ਕਰ ਲਿਆ। ਅੱਜ ਬਠਿੰਡਾ ਦੇ ਐਡੀਸ਼ਨਲ ਸੈਸ਼ਨ ਜੱਜ ਅਵਤਾਰ ਸਿੰਘ ਦੀ ਅਦਾਲਤ ਨੇ ਇਸ ਕੇਸ ਦੀ ਸੁਣਵਾਈ ਕਰਦਿਆਂ ਪੰਜੇ ਚਚੇਰੇ ਭਰਾਵਾਂ ਨੂੰ ਬਾਮੁਸ਼ੱਕਤ ਉੁਮਰ ਕੈਦ ਅਤੇ ਪੰਜ ਪੰਜ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ੁਰਮਾਨਾਂ ਨਾਂ ਭਰਨ ਦੀ ਸੂਰਤ ਵਿੱਚ ਉਨ੍ਹਾਂ ਨੂੰ ਛੇ ਛੇ ਮਹੀਨੇ ਦੀ ਸਜ਼ਾ ਹੋਰ ਭੁਗਤਨੀ ਹੋਵੇਗੀ।



