ਚੰਡੀਗੜ੍ਹ, 4 ਮਾਰਚ (ਪੀ. ਟੀ.)-Êਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸੰਤ ਬਾਬਾ ਸੁਰਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਅੱਜ ਦੁਪਹਿਰ ਸੰਖੇਪ ਬਿਮਾਰੀ ਮਗਰੋਂ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਚੱਲ ਵਸੇ। ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਸੰਤ ਸੁਰਿੰਦਰ ਸਿੰਘ ਜੀ ਵੱਲੋਂ ਸੰਤ ਬਾਬਾ ਤਰਲੋਕ ਸਿੰਘ ਸਤਿਸੰਗ ਘਰ ਕਾਹਨਾ ਢੇਸੀਆਂ ਦੇ ਮੁਖੀ ਵਜੋਂ ਨਿਭਾਈ ਸੇਵਾ ਨੂੰ ਯਾਦ ਕੀਤਾ ਜਿਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਪਿਆਰ, ਦਿਆਲਤਾ ਤੇ ਭਾਈਚਾਰਕ ਸਾਂਝ ਦਾ ਪਾਸਾਰ ਕੀਤਾ। ਸੰਤ ਬਾਬਾ ਸੁਰਿੰਦਰ ਸਿੰਘ ਇਕ ਪਵਿੱਤਰ ਆਤਮਾ ਸਨ ਜਿਨ੍ਹਾਂ ਨੇ ਅਧਿਆਤਮਕਤਾ ਦੇ ਮਾਰਗ ’ਤੇ ਚਲਦਿਆਂ ਆਪਣੇ ਸ਼ਰਧਾਲੂਆਂ ਦੇ ਦੁੱਖ-ਦਰਦ ਦੂਰ ਕੀਤੇ। ਮੁੱਖ ਮੰਤਰੀ ਨੇ ਅੱਗੇ ਆਖਿਆ ਕਿ ਸੰਤ ਜੀ ਨੂੰ ਉਨ੍ਹਾਂ ਦੇ ਮਾਨਵਤਾ ਪ੍ਰਤੀ ਵਿਲੱਖਣ ਗੁਣਾਂ ਸਦਕਾ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਬਾਬਾ ਜੀ ਦੇ ਸ਼ਰਧਾਲੂਆਂ ਨੂੰ ਇਸ ਔਖੀ ਘੜੀ ਵਿੱਚ ਮਜ਼ਬੂਤੀ ਬਖਸ਼ਣ।



