ਬੁਢਲਾਡਾ, 4 ਮਾਰਚ (ਅਮਨ ਮਹਿਤਾ)- ਬਿਜਲੀ ਦਾ ਬਿੱਲ ਨਾ ਭਰੇ ਜਾਣ ਕਾਰਨ ਵਿਭਾਗ ਵੱਲੋਂ ਸਕੂਲ ਦਾ ਬਿਜਲੀ ਦਾ ਕੂਨੈਕਸ਼ਨ ਕੱਟਣ ਕਾਰਨ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਰਕਾਰੀ ਮਿਡਲ ਸਕੂਲ ਪਿੰਡ ਫੱਲੂਵਾਲਾ ਡੋਗਰਾ ਦੇ ਸਕੂਲ ਵਿੱਚ ਫੰਡਾਂ ਦੀ ਘਾਟ ਕਾਰਨ ਸਕੂਲ ਦਾ 7465 ਰੁਪਏ ਦਾ ਬਿਜਲੀ ਬਿੱਲ ਨਾ ਭਰੇ ਜਾਣ ਕਾਰਨ ਬਿਜਲੀ ਵਿਭਾਗ ਨੇ ਸਕੂਲ ਦਾ ਕੂਨੈਕਸ਼ਨ ਕੱਟ ਦਿੱਤਾ। ਜਿਸ ਕਾਰਨ ਸਕੂਲ ਵਿੱਚ ਅਠੱਵੀਂ ਕਲਾਸ ਤੱਕ ਦੀ ਕੰਪਿਊਟਰ ਸਿੱਖਿਆ ਦੇ ਲਗਭਗ 106 ਵਿਦਿਆਰਥੀ ਪਿਛਲੇ ਦਿਨਾਂ ਤੋਂ ਕੰਪਿਊਟਰ ਸਿੱਖਿਆ ਤੋਂ ਵਾਂਝੇ ਹਨ। ਸਕੂਲ ਦੀ ਵਿਦਿਆਰਥਣ ਅਮਨਦੀਪ ਕੌਰ, ਮਨਦੀਪ ਸਿੰਘ, ਗੁਰਜਿੰਦਰ ਸਿੰਘ, ਸੀਮਾ ਰਾਣੀ, ਕੁਲਵੀਰ ਕੌਰ ਦਾ ਕਹਿਣਾ ਹੈ ਕਿ ਸਕੂਲ ਵਿੱਚ ਕੰਪਿਊਟਰ ਕਲਾਸਾ ਨਾ ਲੱਗਣ ਕਾਰਨ ਉਹ ਸਾਲਾਨਾ ਪ੍ਰੀਖਿਆਵਾਂ ਵਿੱਚ ਪੇਪਰ ਕਿਸ ਤਰ੍ਹਾ ਦੇਣਗੀਆਂ। ਉਨ੍ਹਾਂ ਕਿਹਾ ਕਿ ਸਕੂਲ ਵਿੱਚੋਂ 106 ਵਿਦਿਆਰਥੀਆਂ ਵਿੱਚੋਂ 96 ਵਿਦਿਆਰਥੀ ਗਰੀਬ ਪਰਿਵਾਰਾਂ ਨਾਲ ਸੰਬੰਧਤ ਹਨ। ਜਿਨ੍ਹਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਤੌਰ ਤੇ ਕੰਪਿਊਟਰ ਦੀ ਸਿੱਖਿਆ ਦੇਣ ਵਿੱਚ ਅਸਮਰਥ ਹਨ। ਸਕੂਲ ਦੇ ਮੁੱਖ ਅਧਿਆਪਕ ਕਰਮ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਉਨ੍ਹਾਂ ਕੋਲ ਬਿਜਲੀ ਦਾ ਬਿੱਲ ਭਰਨ ਲਈ ਕੋਈ ਫੰਡ ਨਹੀਂ ਹੈ। ਇਸ ਸੰਬਧੀ ਪੰਚਾਇਤ ਨੂੰ ਬੇਨਤੀ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਆਇਆ। ਇਸ ਸੰਬੰਧੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ।



