Skip to content
Independent perspectives. Global stories.
BREAKING

ਬਾਦਲ ਵੱਲੋਂ ਅੰਮ੍ਰਿਤਸਰ ਵਿਖੇ ਜੰਗੀ ਨਾਇਕ ਯਾਦਗਾਰ-ਕਮ-ਅਜਾਇਬ ਘਰ 15 ਅਗਸਤ ਨੂੰ ਕੌਮ ਨੂੰ ਸਮਰਪਿਤ ਕਰਨ ਦਾ ਐਲਾਨ

Share this story

ਉਚਪੱਧਰੀ ਮੀਟਿੰਗ ਦੌਰਾਨ ਯਾਦਗਾਰ ਦੀ ਪ੍ਰਗਤੀ ਦਾ ਜਾਇਜ਼ਾ

Page-1_06 ਜਲੰਧਰ/ਚੰਡੀਗੜ੍ਹ, 23 ਫਰਵਰੀ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਖੇ ਬਣਾਏ ਜਾ ਰਹੇ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ-ਕਮ-ਅਜਾਇਬ ਘਰ ਨੂੰ 15 ਅਗਸਤ ਕੌਮ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ ਹੈ। ਇਹ ਸ਼ਾਨਾਮੱਤਾ ਪ੍ਰਾਜੈਕਟ 130 ਕਰੋੜ ਰੁਪਏ ਦੀ ਲਾਗਤ ਨਾਲ ਇਸ ਪਵਿੱਤਰ ਸ਼ਹਿਰ ਵਿੱਚ ਉਸਾਰਿਆ ਜਾ ਰਿਹਾ ਹੈ ਜਿਸ ਵਿੱਚ ਸਾਡੀ ਮਾਤ-ਭੂਮੀ ਦੀ ਅਖੰਡਤਾ ਦੀ ਰੱਖਿਆ ਲਈ ਬਹਾਦਰ ਪੰਜਾਬੀ ਯੋਧਿਆਂ ਅਤੇ ਫੌਜੀਆਂ ਦੇ ਵਿਲੱਖਣ ਯੋਗਦਾਨ ਨੂੰ ਮੂਰਤੀਮਾਨ ਕੀਤਾ ਜਾਵੇਗੀ। ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਇਸ ਯਾਦਗਾਰ ਦੇ ਨਿਰਮਾਣ ਕਾਰਜਾਂ ਵਿੱਚ ਲੱਗੀਆਂ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਇਸ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਇੱਥੇ

ਪੰਜਾਬ ਭਵਨ ਵਿਖੇ ਇਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ. ਬਾਦਲ ਨੇ ਲੋਕ ਨਿਰਮਾਣ ਵਿਭਾਗ ਨੂੰ ਇਸ ਪ੍ਰਾਜੈਕਟ ਦਾ ਨਿਰਮਾਣ ਕਾਰਜ ਨਿਰਧਾਰਤ ਸਮੇਂ ਦੇ ਵਿੱਚ-ਵਿੱਚ ਮੁਕੰਮਲ ਕਰਨ ਲਈ ਆਖਿਆ ਹੈ ਤਾਂ ਜੋ ਇਸ ਅਤੀ ਆਧੁਨਿਕ ਯਾਦਗਾਰ ਦਾ 69ਵੇਂ ਆਜ਼ਾਦੀ ਦਿਵਸ ਦੇ ਇਤਿਹਾਸਕ ਮੌਕੇ ਉਦਘਾਟਨ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਉਹ ਹਾਲ ਹੀ ਵਿੱਚ ਕੇਂਦਰੀ ਰੱਖਿਆ ਮੰਤਰੀ ਸ੍ਰੀ ਮਨੋਹਰ ਪਾਰੀਕਰ ਨੂੰ ਮਿਲੇ ਹਨ ਅਤੇ ਉਨ੍ਹਾਂ ਨੂੰ ਇਸ ਯਾਦਗਾਰ-ਕਮ-ਅਜਾਇਬ ਘਰ ਵਿੱਚ ਪ੍ਰਦਰਸ਼ਿਤ ਜੰਗੀ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਲਈ ਸਮਰਥਨ ਤੇ ਸਹਿਯੋਗ ਦੀ ਮੰਗ ਕੀਤੀ ਜੋ ਕਿ ਨਾ ਸਿਰਫ ਭਵਿੱਖੀ ਪੀੜੀਆਂ ਵਿੱਚ ਰਾਸ਼ਟਰਵਾਦ ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੇਗਾ ਸਗੋਂ ਹਥਿਆਰਬੰਦ ਸੈਨਾਵਾਂ ਦੇ ਫੌਜੀਆਂ ਵੱਲੋਂ ਸ਼ਾਨਦਾਰ ਬਹਾਦਰੀ ਦਿਖਾਉਣ ਮੌਕੇ ਵਰਤੇ ਗਏ ਸਾਜ਼ੋ-ਸਾਮਾਨ ਬਾਰੇ ਜਾਣਕਾਰੀ ਮੁਹੱਈਆ ਕਰਵਾਏਗਾ। ਉਨ੍ਹਾਂ ਨੇ ਸੈਨਿਕ ਭਲਾਈ ਵਿਭਾਗ ਨੂੰ ਆਖਿਆ ਕਿ ਉਹ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਐਡਵਰਟਾਈਜਿੰਗ ਐਂਡ ਵਿਜ਼ੂਅਲ ਪਬਲੀਸਿਟੀ ਵਿਭਾਗ (ਡੀ.ਏ.ਵੀ.ਪੀ.) ਨਾਲ ਸੰਪਰਕ ਕਰਕੇ ਆਡੀਟੋਰੀਅਮ ਵਿੱਚ ਦਿਖਾਈਆਂ ਜਾਣ ਵਾਲੀਆਂ 1962 ਦੀ ਭਾਰਤ-ਚੀਨ ਜੰਗ, 1965 ਤੇ 71 ਦੀ ਭਾਰਤ-ਪਾਕਿ ਜੰਗ ਅਤੇ 1999 ਦੇ ਕਾਰਗਿਲ ਯੁੱਧ ਦੀਆਂ ਡਾਕੂਮੈਂਟਰੀ ਫਿਲਮਾਂ ਪ੍ਰਾਪਤ ਕਰਨ। ਸ. ਬਾਦਲ ਨੇ ਸੈਨਿਕ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਨਾਲ ਲਗਾਤਾਰ ਤਾਲਮੇਲ ਬਣਾ ਕੇ ਰੱਖਣ ਲਈ ਆਖਿਆ ਹੈ ਤਾਂ ਜੋ ਇਸ ਪ੍ਰਾਜੈਕਟ ਦੀ ਪ੍ਰਗਤੀ ਦੀ ਉਨ੍ਹਾਂ ਨੂੰ ਨਿਯਮਤ ਤੌਰ ’ਤੇ ਜਾਣਕਾਰੀ ਮਿਲਦੀ ਰਹੇ।
       ਇਸ ਪ੍ਰਾਜੈਕਟ ਦੀ ਧਾਰਨਾ, ਡਿਜ਼ਾਇਨ ਤੇ ਰੂਪ-ਰੇਖਾ ਦੇ ਕਾਰਜਾਂ ਵਿੱਚ ਲੱਗੀ ਏਜੰਸੀ ਦੇ ਨੁਮਾਇੰਦੇ ਵੱਲੋਂ ਪਾਵਰ ਪੁਆਇੰਟ ’ਤੇ ਕੀਤੀ ਪੇਸ਼ਕਾਰੀ ਦੌਰਾਨ ਉਸ ਨੇ ਮੁੱਖ ਮੰਤਰੀ ਨੂੰ ਧਰਮ ਨਿਰਪੱਖ ਪਹੁੰਚ, ਇਤਿਹਾਸਕ ਸੰਦਰਭ, ਸ਼ਹੀਦੀ ਦਾ ਜਜ਼ਬਾ, ਮੀਰੀ-ਪੀਰੀ ਦਾ ਦਰਸ਼ਨ ਅਤੇ ਪੰਜਾਬ ਵਿੱਚ ਲੜੀਆਂ ਗਈਆਂ ਜੰਗਾਂ ਦੇ ਦੌਰਾਨ ਇਸ ਖਿੱਤੇ ਦੇ ਨਾਇਕਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ’ਤੇ ਅਧਾਰਿਤ ਅਪਣਾਈਆਂ ਸਿਧਾਂਤਕ ਸੇਧਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਹੋਰਨਾਂ ਵਿੱਚ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਬੀ.ਐਸ.ਧਾਲੀਵਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਤੇ ਸ੍ਰੀ ਐਸ. ਕਰੁਨਾ ਰਾਜੂ, ਡਾਇਰੈਕਟਰ ਸੈਨਿਕ ਭਲਾਈ ਬ੍ਰਿਗੇਡੀਅਰ (ਸੇਵਾ-ਮੁਕਤ) ਜੇ.ਐਸ. ਅਰੋੜਾ, ਡਾਇਰੈਕਟਰ ਸੱਭਿਆਚਾਰਕ ਮਾਮਲੇ ਸ੍ਰੀ ਨਵਜੋਤਪਾਲ ਰੰਧਾਵਾ, ਸੰਯੁਕਤ ਸਕੱਤਰ ਵਿੱਤ ਊਸ਼ਾ ਸਹਿਗਲ, ਚੀਫ ਆਰਕੀਟੈਕਟ ਪੰਜਾਬ ਸਪਨਾ, ਸੀ.ਈ. (ਪੀ.ਡਬਲਿਊ.ਡੀ.) ਜੀ.ਆਰ. ਬੈਂਸ ਤੋਂ ਇਲਾਵਾ ਇਤਿਹਾਸਕਾਰ ਡਾ. ਜਸਪਾਲ ਕੌਰ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਅਤੇ ਪ੍ਰੋ. ਬੀ.ਐਸ. ਘੁੰਮਣ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਸ਼ਾਮਲ ਸਨ।

WRITTEN BY