ਨਵੀਂ ਦਿੱਲੀ, 23 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਫੋਰਸ ਦੀ ਸਖਤ ਸੁਰਖਿਆ ਹੇਠ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੀਤ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 120 ਬੀ, 121 ਅਤੇ 307 ਅਧੀਨ ਸਮੇਂ ਤੋਂ ਤਕਰੀਬਨ ਦੋ ਘੰਟੇ ਦੀ ਦੇਰੀ ਨਾਲ ਅੱਜ ਫਿਰ ਬੇੜੀਆਂ ਵਿਚ ਜਕੜ ਕੇ ਜੱਜ ਰੀਤਿਸ਼ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਦਿੱਲੀ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚਲ ਰਹੀਆਂ ਹਨ ਤੇ ਅੱਜ ਅਦਾਲਤ ਵਿਚ ਸਰਕਾਰੀ ਗਵਾਹ ਦੇ ਹਾਜ਼ਰ ਨਾ ਹੋਣ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਕਾਰਵਾਈ ਨਹੀਂ ਹੋ ਸਕੀ ਜਿਸ ਕਰਕੇ ਮਾਮਲੇ ਦੀ ਅਗਲੀ ਸੁਣਵਾਈ ਭਲਕੇ 24 ਫਰਵਰੀ ਨੂੰ ਹੋਵੇਗੀ। ਅੱਜ ਜਿਸ ਵਕਤ ਭਾਈ ਹਵਾਰਾ ਨੂੰ ਬੇੜੀਆਂ ਵਿਚ ਜਕੜ ਕੇ ਪੁਲਿਸ ਦੇ ਸਖਤ ਘੇਰੇ ਵਿਚ ਲੈ ਕੇ ਜਾ ਰਹੇ ਸਨ ਤਦ ਇਕ ਪੁਲਿਸ ਇੰਸਪੈਕਟਰ ਸ਼ਰੇਆਮ ਹੱਥ ਵਿਚ ਲੋਡਡ ਰਿਵਾਲਵਰ ਨਾਲ ਲੈ ਕੇ ਇਸ ਤਰ੍ਹਾਂ ਤੁਰ ਰਿਹਾ ਸੀ ਜਿਵੇਂ ਅਦਾਲਤ ਵਿਚ ਕੋਈ ਹਮਲਾ ਹੋਣ ਵਾਲਾ ਹੋਵੇ। ਉਹ
ਇੰਸਪੈਕਟਰ ਅਦਾਲਤ ਦੇ ਅੰਦਰ ਵੀ ਰਿਵਾਲਵਰ ਹੱਥ ਵਿਚ ਹੀ ਲੈ ਕੇ ਚਲਾ ਗਿਆ ਸੀ। ਪੇਸ਼ੀ ਭੁਗਤਣ ਉਪਰੰਤ ਭਾਈ ਹਵਾਰਾ ਨੇ ਬੀਬੀ ਮਨਪ੍ਰੀਤ ਕੌਰ ਨਾਲ ਕੀਤੀ ਮੁਲਾਕਾਤ ਰਾਹੀਂ ਕਿਹਾ ਕਿ ਬਾਪੂ ਸੁਰਤ ਸਿੰਘ ਦੀ ਪੰਥ ਘਾਲਣਾਂ ਨੂੰ ਦੇਖਦੇ ਹੋਏ ਪੰਥ ਨੂੰ ਆਪਣਾ ਅਵੇਸਲਾ ਛੱਡ ਕੇ ਬਾਪੂ ਸੂਰਤ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ ਜੇਕਰ ਅੱਜ ਅਸੀਂ ਅਪਣਾਂ ਫਰਜਜ਼ ਨਾ ਪਛਾਣਿਆ ਤਦ ਬਾਪੂ ਜੀ ਦੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਲਈ ਨਿਰਾਸ਼ਤਾ ਛੱਡ ਕੇ ਇਕੋ ਪਲੇਟਫਾਰਮ ’ਤੇ ਇਕੱਠੇ ਹੋ ਕੇ ਬਾਪੂ ਸੂਰਤ ਸਿੰਘ ਖਾਲਸਾ ਦਾ ਸਾਥ ਦੇਣਾਂ ਸਮੇਂ ਦੀ ਮੰਗ ਹੈ। ਅੱਜ ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਾਈ ਮਨਪ੍ਰੀਤ ਸਿੰਘ ਖਾਲਸਾ, ਬੀਬੀ ਮਨਪ੍ਰੀਤ ਕੌਰ, ਬੀਬੀ ਨਿਰਪ੍ਰੀਤ ਕੌਰ, ਭਾਈ ਮਹਿੰਦਰਪਾਲ ਸਿੰਘ, ਭਾਈ ਬਲਦੀਪ ਸਿੰਘ ਰਾਮੂਵਾਲੀਆ, ਭਾਈ ਹਰਪਾਲ ਸਿੰਘ ਚੀਮਾ, ਭਾਈ ਪਰਮਜੀਤ ਸਿੰਘ ਕਰਨਾਲ ਸਮੇਤ ਦੇਸ਼ ਅਤੇ ਵਿਦੇਸ਼ ਤੋਂ ਬਹੁਤ ਸਾਰੇ ਸਿੰਘ ਅਤੇ ਪ੍ਰੇਮੀ ਸੱਜਣ ਹਾਜ਼ਰ ਸਨ। ਭਾਈ ਹਵਾਰਾ ਦੇ ਮਾਮਲੇ ਦੀ ਅਗਲੀ ਸੁਣਵਾਈ ਹੁਣ ਭਲਕੇ 24 ਫਰਵਰੀ ਨੂੰ ਹੋਵੇਗੀ ਤੇ ਭਾਈ ਪਰਮਜੀਤ ਸਿੰਘ ਭਿਓਰਾ ਦੀ ਪੇਸ਼ੀ ਵੀ ਭਲਕੇ ਹੋਣ ਕਰਕੇ ਹੁਣ ਦੋਨੋ ਸਿੰਘ ਅਦਾਲਤ ਵਿਚ ਪੇਸ਼ ਹੋਣਗੇ।



