ਸ਼ਾਹਕੋਟ, 20 ਫਰਵਰੀ (ਸੁਰਿੰਦਰ ਸਿੰਘ ਪਦਮ)- ਅੱਜ ਤੜਕਸਾਰ ਹੀ ਇਲਾਕੇ ਵਿਚ ਭਾਰੀ ਵਰਖਾ ਦੇ ਨਾਲ-ਨਾਲ ਵੱਡੀ ਮਾਤਰਾ ‘ਚ ਗੜ੍ਹੇਮਾਰੀ ਵੀ ਹੋਈ। ਵੱਡੇ ਸਾਈਜ਼ ਦੇ ਪਏ ਗੜ੍ਹਿਆਂ ਨਾਲ ਇਲਾਕੇ ਦੇ ਕਿਸਾਨਾਂ ਦੀ ਕਣਕ,ਮੱਕੀ,ਮਟਰ,ਹਰਾ ਚਾਰਾ ਅਤੇ ਹੋਰ ਵੀ ਕਈ ਫਸਲਾਂ ਬਰਬਾਦ ਹੋ ਗਈਆਂ। ਭਾਰੀ ਮੀਂਹ ਪੈਣ ਨਾਲ ਆਲੂਆ ਦੀ ਫਸਲ ‘ਚ ਪਾਣੀ ਖੜ੍ਹੇ ਹੋ ਜਾਣ ਕਾਰਨ,ਆਲੂਆ ਦੀ ਫਸਲ ਖਰਾਬ ਹੋ ਜਾਣ ਦਾ ਖਤਰਾ ਵਧ ਗਿਆ। ਜਿਕਰਯੋਗ ਹੈ ਕਿ ਇਸ ਇਲਾਕੇ ਵਿਚ ਵੱਡੀ ਗਿਣਤੀ ‘ਚ ਆਲੂਆ ਦੀ ਕਾਸ਼ਤ ਕੀਤੀ ਜ਼ਾਂਦੀ ਹੈ। ਇਸ ਵਾਰ ਵੀ ਇਲਾਕੇ ਦੇ ਕਿਸਾਨਾਂ ਨੇ ਮਹਿੰਗੇ ਭਾਅ ਦਾ ਬੀਜ਼ ਖ੍ਰੀਦ ਕੇ ਵੱਡੀ ਗਿਣਤੀ ‘ਚ ਆਲੂਆ ਦੀ ਫਸਲ ਦੀ ਬਿਜਾਈ ਕੀਤੀ ਹੋਈ ਹੈ। ਕੁਦਰਤ ਵੱਲੋਂ ਅਚਾਂਨਕ ਵਰਤਾਏ ਕਹਿਰ ਨਾਲ ਕਿਸਾਨਾਂ ਦੇ ਸ਼ਾਹ ਸੂਤੇ ਗਏ ਹਨ। ਵਰਖਾ ਅਤੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਇਲਾਕੇ ਵਿਚੋਂ ਕੀਤੇ ਸਰਵੇਂ ਨਾਲ ਕਿਸਾਨਾਂ ਦੀ ਆਰਥਿਕ
ਹਾਲਤ ਦੇ ਅਨੋਖੇ ਤੱਥ ਸਾਹਮਣੇ ਆਏ ਹਨ। ਕੀਤੇ ਗਏ ਸਰਵੇਂ ਮੁਤਾਬਿਕ ਜੁਗਰਾਜ ਸਿੰਘ ਵਾਸੀ ਕੋਟਲਾ ਸੂਰਜ ਮੱਲ੍ਹ ਦੀ 8ਏਕੜ ਕਣਕ, ਸ਼ਿੰਗਾਰਾਂ ਸਿੰਘ ਵਾਸੀ ਬਾਜਵਾ ਕਲਾਂ ਦੀ ਢਾਈ ਏਕੜ ਕਣਕ, ਜਸਵਿੰਦਰ ਸਿੰਘ ਵਾਸੀ ਗੱਟੀ ਪੀਰਬਖਸ਼ ਦੀ 6ਏਕੜ ਕਣਕ, ਨਿਰਮਲ ਸਿੰਘ ਵਾਸੀ ਗੱਟੀ ਪੀਰਬਖਸ਼ ਦੀ 6ਏਕੜ ਮੱਕੀ ਅਤੇ ਪਰਵਿੰਦਰ ਸਿੰਘ ਵਾਸੀ ਇਸਮਾਇਲਪੁਰ ਦੀ 2ਏਕੜ ਮਟਰ ਦੀ ਫਸਲ ਗੜ੍ਹਿਆਂ ਨਾਲਬਰਬਾਦ ਹੋ ਗਈ ਹੈ । ਬਲਦੇਵ ਸਿੰਘ ਤੇ ਨਿਰਮਲ ਸਿੰਘ ਵਾਸੀਆਨ ਕੋਟਲੀ ਗਾਜਰਾ ਦੀ ਮਟਰਾਂ ਦੀ ਫਸਲ ਦੇ ਨਾਲ ਨਾਲ ਉਨ੍ਹਾਂ ਦਾ ਹਰਾ ਚਾਰਾ ਵੀ ਖਰਾਬ ਹੋ ਗਿਆ। ਇਸੇ ਤਰ੍ਹਾਂ ਕੋਟਲੀ ਗਾਜਰਾਂ,ਖਾਨਪੁਰ ਰਾਜਪੂਤਾ, ਮੂਲੇਵਾਲ ਖੈਹਿਰਾ ਤੇ ਅਰਾਈਆਂ, ਬਾਜਵਾ ਕਲਾਂ ਤੇ ਖੁਰਦ, ਲਸੂੜੀ, ਮੀਏਵਾਲ ਅਰਾਈਆ ਤੇ ਮੌਲਵੀਆਂ, ਨਿਮਾਜ਼ੀਪੁਰ, ਨਿਹਾਲੂਵਾਲ, ਰੂਪੇਵਾਲ, ਕਾਸੂੁਪੁਰ, ਮਲਸੀਆਂ, ਗਿੱਲ, ਨਸ਼ੀਰੇਵਾਲ, ਨੱਲ੍ਹ, ਗਿਦੜਪਿੰਡੀ.ਭੁੱਲਰ, ਮੁੰਡੀ ਚੋਹਲੀਆਂ, ਧੱਕਾ ਬਸਤੀ, ਕਾਲੂ ਮੁੰਡੀ, ਗੱਟਾ ਮੁੰਡੀ ਕਾਸੂ, ਭਾਨੇਵਾਲ, ਜਾਣੀਆਂ,ਚੱਕ ਬੁੰਡਾਲਾ, ਫਹਿਤਪੁਰ ਭੰਗਵਾ ਅਤੇ ਕਾਂਗਣਾ ਆਦਿ ਵਿਖੇ ਵੀ ਗੜ੍ਹੇਮਾਰੀ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆ ਹਨ। ਬਲਕਾਰ ਸਿੰਘ ਚੱਠਾ ਵਾਸੀ ਢੰਡੋਵਾਲ, ਸਾਧਾ ਸਿੰਘ ਵਾਸੀ ਮੀਏਵਾਲ, ਨਿਰਮਲ ਸਿੰਘ, ਬਲਜਿੰਦਰ ਸਿੰਘ ਵਾਸੀ ਕੋਟਲੀ ਗਾਜਰਾਂ, ਜੋਗਾ ਸਿੰਘ ਚੱਕਚੇਲਾਂ,ਪਰਵਿੰਦਰ ਸਿੰਘ ਵਾਸੀ ਕੋਟਲੀ ਗਾਜਰਾਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਹੋਈ ਭਾਰੀ ਵਰਖਾ ਨਾਲ ਉਨ੍ਹਾਂ ਦੇ ਆਲੂਆ ਦੀ ਫਸਲ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁਝ ਦਿਨ ਹੋਰ ਆਲੂਆ ਦੀ ਫਸਲ ‘ਚ ਪਾਣੀ ਖੜ੍ਹਾ ਰਿਹਾ ਤਾਂ ਉਨ੍ਹਾਂ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ। ਕਿਸਾਨਾਂ ਨੇ ਬਹੁਤ ਹੀ ਭਰੇ ਮਨ ਨਾਲ ਕਿਹਾ ਕਿ ਫਸਲਾਂ ਦੇ ਵਾਜ਼ਬ ਭਾਅ ਨਾ ਮਿਲਣ ਅਤੇ ਖੇਤੀ ਪੈਦਾਵਾਰ ਲਈ ਵਰਤੇ ਜਾਂਦੇ ਮਹਿੰਗੇ ਬੀਜ਼,ਖਾਦ ਤੇ ਕੀਟਨਾਸ਼ਕ ਦਵਾਈਆਂ ਨੇ ਪਹਿਲਾ ਹੀ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਪਤਲਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਚਾਂਨਕ ਪਈ ਇਸ ਕੁਦਰਤ ਦੀ ਮਾਰ ਨੇ ਉਨ੍ਹਾਂ ਨੂੰ ਕੱਖੋਂ ਹੌਲੇ ਕਰਕੇ ਰੱਖ ਦਿੱਤਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਰਬਾਦ ਹੋਈਆਂ ਫਸਲਾਂ ਦਾ ਉੱਿਚਤ ਮੁਆਵਜਾ ਦਿੱਤਾ ਜਾਵੇ।



