ਬਠਿੰਡਾ, 16 ਫਰਵਰੀ (ਮਨਦੀਪ ਅਗਰੋਈਆ)- ਅੱਜ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਬਠਿੰਡਾ ਦੇ ਯਤਨਾ ਸਦਕਾ ਇਕ 13 ਗੁੰਮਸ਼ੁਦਾ ਬੱਚੇ ਨੂੰ ਉਸਦੇ ਮਾਤਾ-ਪਿਤਾ ਦੇ ਹਵਾਲੇ ਕੀਤਾ ਗਿਆ ਹੈ। ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਬਠਿੰਡਾ ਦੁਆਰਾ ਨੰਦ ਕਿਸ਼ੋਰ ਦੇ ਪੁੱਤਰ ਬਾਲਕ ਸ਼ਿਵ ਕੁਮਾਰ ਨੂੰ ਇੱਕ ਮਹੀਨੇ ਬਾਅਦ ਉਸ ਦੇ ਮਾਤਾ-ਪਿਤਾ ਦੇ ਹਵਾਲੇ ਕੀਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਬਠਿੰਡਾ ਵੱਲੋਂ ਦਸਿਆ ਗਿਆ ਕਿ ਜਨਵਰੀ 28 ਨੂੰ ਚਾਈਲਡ ਲਾਈਨ ਅਲਵਰ (ਰਾਜਸਥਾਨ) ਵੱਲੋਂ ਬਠਿੰਡਾ ਦੇ ਇੱਕ ਗੁੰਮ ਬੱਚੇ ਬਾਰੇ ਜਾਣਕਾਰੀ ਮਿਲੀ ਸੀ। ਸ਼ਿਵ ਕੁਮਾਰ ਨਾਂ ਦਾ ਇਹ ਬੱਚਾ ਬਠਿੰਡਾ ਦੇ ਸ਼ੀਸ਼ ਮਹਲ ਕਾਲੋਨੀ ਨੇੜੇ ਇਲਾਕੇ ਦਾ ਵਾਸੀ ਹੈ। ਬਠਿੰਡਾ ਯੂਨਿਟ ਨੇ ਬੱਚੇ ਦੇ ਮਾਤਾ-ਪਿਤਾ ਦੀ ਤਲਾਸ਼ ਸ਼ੁਰੂ ਕੀਤੀ। ਲਾਪਤਾ ਬੱਚੇ ਦੀ ਪਰਿਵਾਰ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਚਾਈਲਡ ਲਾਈਨ ਅਲਵਰ ਅਤੇ ਬਾਲ ਭਲਾਈ ਕਮੇਟੀ ਨੂੰ ਦੱਸਿਆ ਗਿਆ। ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਘਰ ਦਾ ਪੱਕਾ ਪਤਾ ਅਤੇ ਮੋਬਾਇਲ ਨੰਬਰ ਜ਼ਰੂਰ ਯਾਦ ਕਰਵਾਉਣ, ਤਾਂ ਜੋ ਇਸ ਤਰ੍ਹਾਂ ਦੇ ਹਾਦਸੇ ਹੋਣ ’ਤੇ ਗੁੰਮਸ਼ੁਦਾ ਬੱਚਿਆਂ ਦੇ ਮਾਪਿਆਂ ਨੂੰ ਆਸਾਨੀ ਨਾਲ ਲੱਭਿਆ ਜਾ ਸਕੇ।



