ਪ੍ਰਧਾਨ ਮੰਤਰੀ ਦੀ ਸਹਿਮਤੀ ਪਿੱਛੋਂ ਇਸ ਹਫ਼ਤੇ ਬਣੇਗੀ ਸਰਕਾਰ
ਸ੍ਰੀਨਗਰ, 16 ਫਰਵਰੀ (ਪੀ. ਟੀ. ਲਾਇਵ)- ਜੇਕਰ ਕੋਈ ਵੱਡਾ ਅੜਿੱਕਾ ਨਾ ਪਿਆ ਤਾਂ ਜੰਮੂ-ਕਸ਼ਮੀਰ ਵਿੱਚ ਪੀਡੀਪੀ ਅਤੇ ਭਾਜਪਾ ਦੀ ਸਾਂਝੀ ਸਰਕਾਰ ਇਸ ਹਫਤੇ ਬਣ ਜਾਵੇਗੀ। ਇਸ ਸਬੰਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਹਿਮਤੀ ਤੋਂ ਬਾਅਦ ਐਲਾਨ ਹੋਣ ਦੇ ਆਸਾਰ ਹਨ ਦੋਵੇਂ ਪਾਰਟੀਆਂ ਘੱਟੋ-ਘੱਟ ਸਾਂਝੇ ਪ੍ਰੋਗਰਾਮ ਤਹਿਤ ਗੱਠਜੋੜ ਸਰਕਾਰ ਬਣਾਉਣ ਜਾ ਰਹੀਆਂ ਹਨ। ਸਾਂਝੇ ਪ੍ਰੋਗਰਾਮ ਸਬੰਧੀ ਪ੍ਰਧਾਨ ਮੰਤਰੀ ਨੇ ਹਾਲੇ ਆਖਰੀ ਸਹਿਮਤੀ ਨਹੀਂ ਭਰੀ। ਜੰਮੂ-ਕਸ਼ਮੀਰ ਦੀਆਂ ਚੋਣਾਂ ਦੌਰਾਨ ਪੀਡੀਪੀ ਨੂੰ ਸਭ ਤੋਂ ਵਧ ਸੀਟਾਂ ਮਿਲੀਆਂ ਸਨ, ਪ੍ਰੰਤੂ ਇਹ ਬਹੁਮਤ ਤੋਂ ਕਾਫੀ ਘੱਟ ਹਨ। ਭਜਾਪਾ ਇਨ੍ਹਾਂ ਚੋਣਾਂ ਵਿੱਚ ਦੂਜੇ ਨੰਬਰ ’ਤੇ ਆਈ ਸੀ। ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲੜੀਆਂ ਗਈਆਂ ਇਨ੍ਹਾਂ ਚੋਣਾਂ
ਵਿੱਚ ਬੇਸ਼ੱਕ ਭਾਜਪਾ ਨੂੰ ਪਹਿਲਾਂ ਦੇ ਮੁਕਾਬਲੇ ਸਭ ਤੋਂ ਵਧ ਸੀਟਾਂ ਮਿਲੀਆਂ ਪ੍ਰੰਤੂ ਉਸ ਨੂੰ ਸੂਬੇ ਦੇ ਮੁਸਲਿਮ ਬਹੁਲਤਾ ਵਾਲੇ ਖੇਤਰ ਵਿੱਚ ਕੋਈ ਹੁੰਗਾਰਾ ਨਾ ਮਿਲਣ ਕਾਰਨ ਭਾਜਪਾ ਦੀ ਸਰਕਾਰ ਨਹੀਂ ਬਣ ਸਕੀ। ਪੀਡੀਪੀ ਇਸ ਗੱਲ ’ਤੇ ਜ਼ੋਰ ਦੇ ਰਹੀ ਹੈ ਕਿ ਭਾਜਪਾ ਧਾਰਾ 370 ਬਾਰੇ ਲਿਖਤੀ ਭਰੋਸਾ ਦੇਵੇ ਤਦ ਹੀ ਉਹ ਗੱਠਜੋੜ ਸਰਕਾਰ ਲਈ ਸਹਿਮਤੀ ਭਰੇਗੀ। ਦੂਜਾ ਮਸਲਾ ਜੰਮੂ-ਕਸ਼ਮੀਰ ਵਿੱਚ ਤਾਇਨਾਤ ਫੌਜ ਨੂੰ ਦਿੱਤੇ ਵਿਸ਼ੇਸ਼ ਅਧਿਕਾਰ ਵਾਪਿਸ ਲੈਣ ਦਾ ਹੈ। ਦੋਵੇਂ ਮਾਮਲਿਆਂ ’ਤੇ ਆਪਸੀ ਸਹਿਮਤੀ ਲਈ ਯਤਨ ਹੋ ਰਹੇ ਹਨ। ਭਾਜਪਾ ਪਿਛਲੇ ਲੰਬੇ ਸਮੇਂ ਤੋਂ ਵੱਖਵਾਦ ਦੀ ਲਹਿਰ ਨੂੰ ਠੱਲ ਪਾਉਣ ਲਈ ਧਾਰਾ 370 ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਧਾਰਾ ਤਹਿਤ ਜੰਮੂ-ਕਸ਼ਮੀਰ ਨੂੰ ਸੰਵਿਧਾਨ ਵਿੱਚ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਭਾਜਪਾ ਧਾਰਾ 370 ਬਾਰੇ ਕੋਈ ਵਿਚਕਾਰਲਾ ਰਸਤਾ ਕੱਢਣਾ ਚਾਹੁੰਦੀ ਹੈ। ਜੇਕਰ ਦੋਵੇਂ ਪਾਰਟੀਆਂ ਦੀ ਸਾਂਝੀ ਸਰਕਾਰ ਬਣਦੀ ਹੈ ਤਾਂ ਆਪਸੀ ਸਹਿਮਤੀ ਮੁਤਾਬਿਕ ਸ੍ਰੀ ਮੁਫਤੀ ਮੁਹੰਮਦ ਸਈਅਦ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਬਣਨਗੇ। ਭਾਜਪਾ ਨੂੰ ਰਾਜ ਵਿੱਚ ਉੱਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਪਿੱਛੋਂ ਭਾਜਪਾ ਚੋਣਾਂ ਵਾਲੇ 5 ਰਾਜਾਂ ਵਿੱਚੋਂ 4 ਵਿੱਚ ਸਰਕਾਰ ਬਣਾ ਚੁੱਕੀ ਹੈ। ਜੰਮੂ-ਕਸ਼ਮੀਰ ਇਸ ਸੂਚੀ ਵਿੱਚ ਹੋਰ ਵਾਧਾ ਹੋਵੇਗਾ।



