ਪੰਜਾਬ ਵਲੋਂ ਇਟਲੀ ਦੀ ਕੰਪਨੀ ਨਾਲ ਪੰਜ ਬਾਇਓ ਈਥਾਨੌਲ ਪ੍ਰਾਜੈਕਟ ਲਾਉਣ ਲਈ ਵੀ ਕੀਤਾ ਗਿਆ ਸਮਝੌਤਾ
ਜਲੰਧਰ/ਨਵੀਂ ਦਿੱਲੀ, 16 ਫਰਵਰੀ- ਪੰਜਾਬ ਨੂੰ ਅੱਜ ਨਵਿਆਉਣਯੋਗ ਊਰਜਾ ਵਿਸ਼ਵ ਨਿਵੇਸ਼ਕ ਮਿਲਣੀ-2015 ਦੇ ਦੂਸਰੇ ਦਿਨ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਨਵੀਂ ਅਤੇ ਨਵਿਆਉਣਯੋਗ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਰਾਜ ਅੰਦਰ ਅਮਰੀਕਾ, ਇੰਗਲੈਂਡ ਅਤੇ ਇਟਲੀ ਦੀਆਂ ਨਾਮੀ ਕੌਮਾਂਤਰੀ ਕੰਪਨੀਆਂ ਵਲੋਂ 13500 ਕਰੋੜ ਰੁਪਏ ਦੀ ਲਾਗਤ ਨਾਲ ਲਾਏ ਜਾਣ ਵਾਲੇ ਸੂਰਜੀ ਊਰਜਾ ਪ੍ਰਾਜੈਕਟਾਂ ਲਈ ਸਮਝੌਤਿਆਂ ’ਤੇ ਸਹੀ ਪਾਈ ਗਈ। ਇਸ ਤੋਂ ਇਲਾਵਾ ਇਟਲੀ ਦੀ ਇਕ ਨਾਮੀ ਕੰਪਨੀ ਸੀ.ਵੀ.ਸੀ ਇਨਫਰਾਸਟ੍ਰਕਚਰ ਨਾਲ ਪੰਜ ਬਾਇਓ ਈਥਾਨੌਲ ਪ੍ਰਾਜੈਕਟਾਂ ਦੀ ਸਥਾਪਨਾ ਲਈ ਵੀ ਕਰਾਰ ਕੀਤਾ ਗਿਆ। ਅੱਜ ਜਿਨ੍ਹਾਂ ਸਮਝੌਤਿਆਂ ’ਤੇ ਸਹੀ ਪਾਈ ਗਈ ਉਨ੍ਹਾਂ ਵਿਚ ਅਮਰੀਕਨ ਕੰਪਨੀ 8
-ਮਿੰਟ ਐਨਰਜੀ ਕੈਲੀਫੋਰਨੀਆ ਵਲੋਂ 4000 ਕਰੋੜ ਰੁਪਏ ਦੀ ਲਾਗਤ ਨਾਲ 500 ਮੈਗਾਵਾਟ ਸੂਰਜੀ ਊਰਜਾ ਪ੍ਰਾਜੈਕਟ, ਇਟਲੀ ਦੀ ਕੰਪਨੀ ਪ੍ਰੋਗੈਟਿਕਾ-ਐਸ.ਆਰ.ਸੀ ਵਲੋਂ 800 ਕਰੋੜ ਰੁਪਏ ਦੀ ਲਾਗਤ ਨਾਲ 100 ਮੈਗਾਵਾਟ ਸੂਰਜੀ ਊਰਜਾ ਪ੍ਰਾਜੈਕਟ, ਇੰਗਲੈਂਡ ਦੀ ਲਾਈਟ ਸੋਰਸ ਰੀਨਿਉਏਬਲ ਡਿਵੈਲਪਮੈਂਟ ਲਿਮਟਿਡ ਨਾਲ 2400 ਕਰੋੜ ਰੁਪਏ ਦੀ ਲਾਗਤ ਨਾਲ ਨਹਿਰਾਂ ਉਪਰ 300 ਮੈਗਾਵਾਟ ਸੂਰਜੀ ਊਰਜਾ ਪ੍ਰਾਜੈਕਟ, ਪੀ.ਐਲ.ਜੀ ਐਨਰਜੀ ਸਿਸਟਮਜ਼ ਨਾਲ 1400 ਕਰੋੜ ਰੁਪਏ ਦੀ ਲਾਗਤ ਨਾਲ 200 ਮੈਗਾਵਾਟ ਸੂਰਜੀ ਊਰਜਾ ਪ੍ਰਾਜੈਕਟ, ਓ ਟੀ ਬੀ ਐਨਰਜੀ, ਯੂ ਕੇ ਵਲੋਂ 4000 ਕਰੋੜ ਰੁਪਏ ਦਾ ਰਹਿੰਦ-ਖੂਹੰਦ ਤੋਂ ਬਿਜ਼ਲੀ ਤਿਆਰ ਕਰਨ ਦਾ ਪ੍ਰੋਜੈਕਟ, ਸਪਰੇਅ ਇੰਜੀਨੀਅਰਜ਼ ਮੋਹਾਲੀ ਨਾਲ 900 ਕਰੋੜ ਰੁਪਏ ਦੇ ਨਿਵੇਸ਼ ਨਾਲ ਸੂਰਜੀ/ਖੇਤੀ ਰਹਿੰਦ ਖੁਹੰਦ ਕੰਪਲੈਕਸ ਦੀ ਸਥਾਪਨਾ ਅਤੇ ਬ੍ਰਿਟਿਸ ਫੋਟੋ ਵਾਲਟੈਕ ਐਸੋਸੀਏਸ਼ਨ, ਇੰਗਲੈਂਡ ਅਤੇ ਪੇਡਾ ਦਰਮਿਆਨ ਖੋਜ ਅਤੇ ਵਿਕਾਸ/ਸਿਖਲਾਈ/ਤਕਨੀਕੀ ਵਿਕਾਸ ਦੇ ਖੇਤਰ ਵਿਚ ਸਹਿਯੋਗ ਸਬੰਧੀ ਸਮਝੌਤੇ ਪ੍ਰਮੁੱਖ ਹਨ।
ਅੱਜ ਸ. ਬਿਕਰਮ ਸਿੰਘ ਮਜੀਠੀਆ ਵਲੋਂ ਸੀ.ਵੀ.ਸੀ ਇਨਫਰਾਸਟ੍ਰਕਚਰ, ਇਟਲੀ ਨਾਲ ਝੋਨੇ ਦੀ ਪਰਾਲੀ, ਨੇਪੀਅਰ ਘਾਹ ਅਤੇ ਕਪਾਹ ਦੀਆਂ ਛਟੀਆਂ ’ਤੇ ਅਧਾਰਤ ਪੰਜ ਬਾਇਓ ਈਥਾਨੌਲ ਰਿਫਾਇਨਰੀਆਂ ਦੀ ਸਥਾਪਨਾ ਲਈ ਵੀ ਕਰਾਰ ਨੂੰ ਵੀ ਅੰਤਿਮ ਰੂਪ ਦਿੱਤਾ ਗਿਆ। ਸੀ.ਵੀ.ਸੀ ਅਧਿਕਾਰੀਆਂ ਨੇ ਦੱਸਿਆ ਕਿ ਉਹ 1200 ਕਰੋੜ ਰੁਪਏ ਦੇ ਨਿਵੇਸ਼ ਨਾਲ ਪਹਿਲੀ ਬਾਇਓ ਰਿਫਾਇਨਰੀ ਤੋਂ ਦਸੰਬਰ 2017 ਤੱਕ ਵਪਾਰਕ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ।
ਸ. ਮਜੀਠੀਆ ਨੇ ਨਿਵੇਸ਼ਕਾਂ ਨਾਲ ਗਲਬਾਤ ਦੌਰਾਨ ਲਾਈਟ ਸੋਰਸ ਰਿਨੀਉਏਬਲ ਡਿਵੈਲਪਮੈਂਟ ਵਲੋਂ ਰਾਜ ਦੀਆਂ ਨਹਿਰਾਂ ’ਤੇ ਸੂਰਜੀ ਊਰਜਾ ਪੈਨਲ ਲਾਉਣ ਸਬੰਧੀ ਢੁੱਕਵੀਂ ਤਕਨਾਲੋਜੀ ਲਿਆਉਣ ਦੇ ਵਾਅਦੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਰਾਜ ਅੰਦਰ 50 ਤੋਂ 5 ਮੀਟਰ ਤੱਕ ਦੀ ਚੋੜਾਈ ਵਾਲੀਆਂ ਨਹਿਰਾਂ ਹਨ ਜਿਨ੍ਹਾਂ ਦੀ ¦ਬਾਈ 5000 ਕਿਲੋਮੀਟਰ ਹੋਣ ਸਦਕਾ ਨਹਿਰਾਂ ’ਤੇ ਅਧਾਰਤ ਅਜਿਹੇ ਪ੍ਰਾਜੈਕਟਾਂ ਲਈ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਇਸ ਮੌਕੇ 22000 ਏਕੜ ਰਕਬੇ ਵਿਚ ਫੈਲੀ ਹੋਈ ਰਣਜੀਤ ਸਾਗਰ ਡੈਮ ਝੀਲ ਅੰਦਰ ਤੈਰਦੇ ਸੋਲਰ ਪੈਨਲ ਲਾਉਣ ਦਾ ਪ੍ਰਸਤਾਵ ਵੀ ਨਿਵੇਸ਼ਕਾਂ ਅੱਗੇ ਰੱਖਿਆ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤੋਂ ਹੀ 2000 ਮੈਗਾਵਾਟ ਤੱਕ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਇਸ ਮੌਕੇ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਇੰਗਲੈਂਡ ਵਿਚ ਇੱਕ ਤੈਰਦਾ ਸੋਲਰ ਪਾਰਕ ਸਥਾਪਤ ਕਰ ਚੁੱਕੇ ਹਨ ਅਤੇ ਉਹ ਉਸ ਤਕਨੀਕ ਨੂੰ ਰਣਜੀਤ ਸਾਗਰ ਵਿਚ ਵਰਤਣ ਲਈ ਛੇਤੀ ਹੀ ਅਧਿਐਨ ਸ਼ੁਰੂ ਕਰ ਦੇਣਗੇ।
ਰਾਜ ਅੰਦਰ ਨੈਟ ਮੀਟਰਿੰਗ ਵਿਵਸਥਾ ਨੂੰ ਉਤਸ਼ਾਹਤ ਕਰਨ ਲਈ ਸ. ਮਜੀਠੀਆ ਨੇ ਨਿਵੇਸ਼ਕਾਂ ਨਾਲ ਪਾਇਲਟ ਅਧਾਰ ’ਤੇ ਅਜਿਹੇ ਪ੍ਰਾਜੈਕਟ ਸ਼ੁਰੂ ਕਰਨ ਲਈ ਗਲ ਕੀਤੀ ਤਾਂ ਜੋ ਲੋਕਾਂ ਨੂੰ ਅਜਿਹੇ ਪ੍ਰਾਜੈਕਟਾਂ ਤੋਂ ਹੋਣ ਵਾਲੇ ਆਰਥਿਕ ਲਾਭ ਲਈ ਹੋਰ ਵਧੇਰੇ ਸ਼ਿੱਦਤ ਨਾਲ ਸਮਝਾਇਆ ਜਾ ਸਕੇ।
ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਨੇ ਬਾਅਦ ਵਿਚ ਰਾਜਾਂ ਵਲੋਂ ਨਵਿਆਉਣਯੋਗ ਊਰਜਾ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਪੇਸ਼ਕਾਰੀਆਂ ਦੇਣ ਸਬੰਧੀ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਇਸ ਲਈ ਸੂਰਜੀ ਊਰਜਾ ਪ੍ਰਾਜੈਕਟਾਂ ਨੂੰ ਵੀ ਪੰਜ ਵਰਗਾਂ ਕ੍ਰਮਵਾਰ ਜ਼ਮੀਨ ’ਤੇ ਲੱਗਣ ਵਾਲੇ, ਛੱਤ ’ਤੇ ਲੱਗਣ ਵਾਲੇ, ਨਹਿਰਾਂ ’ਤੇ ਲੱਗਣ ਵਾਲੇ, ਵੱਡੀਆਂ ਝੀਲਾਂ ’ਤੇ ਲੱਗਣ ਵਾਲੇ ਅਤੇ ਨੈਟ ਮੀਟਰਿੰਗ ਪ੍ਰਾਜੈਕਟਾਂ ਵਿਚ ਵੰਡਿਆ ਜਾਣਾ ਚਾਹੀਦਾ ਹੈ। ਉਨ੍ਹਾਂ ਖੇਤੀ ਰਹਿੰਦ ਖੁਹੰਦ ਤੋਂ ਬਿਜਲੀ ਪੈਦਾ ਕੀਤੇ ਜਾਣ ’ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਸਮਰੱਥਾ ਦੀ ਵਰਤੋਂ ਨਾ ਹੋਣ ਕਾਰਨ ਪੰਜਾਬ ਵਿਚ ਹਰ ਸਾਲ 20 ਮਿਲੀਅਨ ਟਨ ਖੇਤੀ ਰਹਿੰਦ ਖੁਹੰਦ ਨੂੰ ਸਾੜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਇਓਮਾਸ ਪ੍ਰਾਜੈਕਟਾਂ ਦੀ ਸਫਲਤਾ ਲਈ ਕੌਮੀ ਨੀਤੀ ਘਾੜਿਆਂ ਨੂੰ ਦਰਾਂ ਵਿਚ ਸੋਧ ਕਰਨੀ ਚਾਹੀਦੀ ਹੈ ਕਿਉਂਕਿ ਕਿਸਾਨਾਂ ਨੂੰ ਵਧੀਕ ਆਮਦਨ ਜ਼ਰੀਏ ਹੀ ਇਸ ਮਕਸਦ ਲਈ ਪ੍ਰੇਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਪ੍ਰਗਤੀ ਸਦਕਾ ਇਨ੍ਹਾਂ ਦੀਆਂ ਦਰਾਂ ਵੀ ਸੂਰਜੀ ਊਰਜਾ ਪ੍ਰਾਜੈਕਟਾਂ ਦੀਆਂ ਦਰਾਂ ਵਾਂਗ ਘੱਟ ਜਾਣਗੀਆਂ। ਉਨ੍ਹਾਂ ਇਸ ਮੌਕੇ ਦੱਸਿਆ ਕਿ ਪੰਜਾਬ ਵਿਚ 7 ਮੈਗਾਵਾਟ ਸਮਰੱਥਾ ਦਾ ਰੂਫ ਟਾਪ ਸੂਰਜੀ ਊਰਜਾ ਪ੍ਰਾਜੈਕਟ ਬਿਆਸ ਵਿਖੇ ਸਫਲਤਾ ਪੂਰਵਕ ਸ਼ੁਰੂ ਹੋ ਗਿਆ ਹੈ ਅਤੇ ਇਸ ਨੂੰ 35 ਮੈਗਾਵਾਟ ਤੱਕ ਵਧਾ ਕੇ ਦੁਨੀਆਂ ਦਾ ਸਭ ਤੋਂ ਵੱਡਾ ਪ੍ਰਾਜੈਕਟਾ ਬਣਾਉਣ ਦਾ ਟੀਚਾ ਹੈ।
ਇਸ ਮੌਕੇ ਸ਼੍ਰੀ ਅਨਿਰੁਧ ਤਿਵਾੜੀ, ਸਕੱਤਰ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ, ਡਾ. ਅਮਰਪਾਲ ਸਿੰਘ, ਸੀ.ਈ.ਓ ਪੇਡਾ ਅਤੇ ਸ. ਬਲੌਰ ਸਿੰਘ, ਡਾਇਰੈਕਟਰ ਪੇਡਾ ਪ੍ਰਮੁੱਖ ਤੌਰ ’ਤੇ ਹਾਜ਼ਰ ਸਨ।



