ਸੰਗਤ ਮੰਡੀ, 15 ਫਰਵਰੀ- ਸੰਗਤ ਨਗਰ ਕੌਂਸਲ ਚੋਣਾਂ ’ਚ ਪੈਸੇ ਦਾ ਦਖਲ ਹੱਦ ਤੋਂ ਵਧ ਗਿਆ ਹੈ। ਭੱਖ ਚੁਕੇ ਚੋਣ ਅਖਾੜੇ ਨੂੰ ਕਮਜ਼ੋਰ ਕਰਨ ਅਤੇ ਸਮੂਹ ਸੰਗਤ ਮੰਡੀ ਵਾਸੀ ਦੀਆਂ ਵੋਟਾਂ ਨੂੰ ਆਪਣੇ ਕੋਲ ਬੇਸ਼ੁਮਾਰ ਧਨ ਦੋਲਤ ਦੇ ਬਲਬੂਤੇ ਟਿੱਚ ਕਰਕੇ ਜਾਣਨ ਵਾਲੇ ਸਰਗਰਮ ਹੋ ਚੁੱਕੇ ਹਨ। ਅੱਜ ਵਾਰਡ ਨੰਬਰ 2 ਵਿੱਚ ਇੱਕ ਕਰੋੜਪਤੀ ਫਰਮ ਦੇ ਮਾਲਿਕ ਸੁਰਿੰਦਰ ਛਿੰਦੀ ਦੇ ਭਰਾ ਮੁਕਾਬਲੇ ਚੋਣ ਮੈਦਾਨ ਵਿੱਚ ਉਤਰੇ ਸਿੱਖ ਭਾਈਚਾਰੇ ਨਾਲ ਸਬੰਧਿਤ ਸਾਬਕਾ ਉ¤ਪ ਪ੍ਰਧਾਨ ਸ. ਗੁਰਜੰਟ ਸਿੰਘ ਨੂੰ ਡੰਡੇ ਦੇ ਜ਼ੋਰ ਹੇਠ ਉਨ੍ਹਾਂ ਦੇ ਫਾਰਮ ਚੁੱਕਵਾਉਣ ਦੀਆਂ ਕਰੋੜਪਤੀਆਂ ਵੱਲੋਂ ਸਵਾਦ ਲੈ ਲੈ ਕੇ ਗੱਲ੍ਹਾਂ ਕੀਤੀਆਂ ਜਾ ਰਹੀਆਂ ਹਨ, ਜਦਕਿ ਉਨ੍ਹਾਂ ਦਾ ਇਸ ਸਿੱਖ ਉਮੀਦਵਾਰ ਦੇ ਵਾਰਡ ’ਚ ਕੋਈ ਅਧਾਰ ਨਹੀਂ ਹੈ। ਕਰੋੜਪਤੀ ਫਰਮਾਂ ਦੇ ਮਾਲਿਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵਾਰਡ ’ਚੋਂ ਬਿਨਾ ਮੁਕਾਬਲਾ ਜਿੱਤਣ ਲਈ ਇੱਕ ਕਰੋੜ ਰੁਪਏ ਤੱਕ ਖਰਚ ਕਰਨ ਲਈ ਪਰੇ ਕੱਢ ਕੇ ਰੱਖ ਦਿੱਤੇ ਹਨ। ਸੰਗਤ ਮੰਡੀ ਅੰਦ
ਰ ਅੱਗ ਵਾਂਗ ਫੈਲੀ ਚਰਚਾ ਮੁਤਾਬਿਕ ਵਾਰਡ ਨੰ. 2 ਵਿੱਚ ਮਹਾਕਰੋੜਪਤੀ ਫਰਮ ਦੇ ਮਾਲਿਕ ਸੁਰਿੰਦਰ ਛਿੰਦੀ ਦੇ ਹੱਕ ਵਿੱਚ ਉਨ੍ਹਾਂ ਦੇ ਸਮਰਥਕਾਂ ਪਾਸੋਂ ਐਲਾਨ ਕੀਤਾ ਗਿਆ ਹੈ ਕਿ ਅਗਰ ਕੋਈ ਉਮੀਦਵਾਰ ਉਨ੍ਹਾਂ ਦੇ ਮੁਕਾਬਲੇ ਫਾਰਮ ਚੁੱਕਣ ਦੇ ਤੀਹ ਲੱਖ ਰੁਪਏ ਤੱਕ ਦੀ ਮੰਗ ਰੱਖਦਾ ਹੈ ਤਾਂ ਅਸੀਂ ਹੱਸਦੇ-ਹੱਸਦੇ ਦੇ ਦੇਵਾਂਗੇ ਪਰ ਸ਼ਰਤ ਇੱਕ ਹੀ ਹੈ ਕਿ ਅਸੀਂ ਬਿਨਾ ਮੁਕਾਬਲਾ ਜਿੱਤਾਂਗੇ। ਦੂਸਰੇ ਤਰਫ ਇਹ ਵੀ ਚਰਚਾ ਸੁਨਣ ’ਚ ਆਈ ਹੈ ਕਿ ਅਗਰ ਵਾਰਡ ਨੰ. 2 ਵਿੱਚ ਬਰਾਬਰ ਦਾ ਉਮੀਵਾਰ ਗੁਰਜੰਟ ਸਿੰਘ ਪ੍ਰਧਾਨ ਆਪਣੇ ਫਾਰਮ ਨਹੀਂ ਚੁੱਕਦਾ ਤਾਂ ਵਾਰਡ ਨੰ. 2 ਦਾ ਕੋਈ ਵੀ ਵੋਟਰ ਆਉ ਅਤੇ ਬੇਝਿਜਕ ਇੱਕ ਲੱਖ ਰੁਪਿਆ ਇੱਕ ਵੋਟ ਦਾ ਲੈ ਜਾਊ। ਇਥੇ ਦੱਸ ਦੀਏ ਪਹਿਲਾਂ ਸੰਗਤ ਮੰਡੀ ਵਿੱਚ ਵੋਟਾਂ 30 ਹਜ਼ਾਰ ਤੋਂ 60 ਹਜ਼ਾਰ ਰੁਪਏ ਤੱਕ ਪ੍ਰਤੀ ਇੱਕ ਵੋਟ ਦੇ ਹਿਸਾਬ ਖਰੀਦੀਆਂ ਗਈਆਂ ਸਨ। ਤਾਜ਼ਾ ਚੋਣ ਵਿੱਚ ਹੁਣ ਇੱਕ ਲੱਖ ਰੁਪਏ ਦੀ ਬੋਲੀ ਖੁੱਲ੍ਹੇਆਮ ਹੋ ਜਾਣ ਸਦਕਾ ਵਾਰਡ ਨੰ. 2 ’ਚ ਵੋਟਾਂ ਮੁੱਲ ਵਿਕਣ ਜਾ ਰਹੀਆਂ ਹਨ ਤੇ ਕੁੰਡੀਆਂ ਦੇ ਸਿੰਘ ਫਸਣ ਸਦਕਾ ਇੱਕ ਵੋਟ ਦੋ ਲੱਖ ਰੁਪਏ ਤੱਕ ਵੀ ਖਰੀਦਣ ਦਾ ਬੁਲੰਦ ਹੋਸਲਾ ਸੰਗਤ ਮੰਡੀ ਅੰਦਰ ਵੇਖਣ ਨੂੰ ਮਿਲ ਰਿਹਾ ਹੈ। ਅਜਿਹਾ ਹੀ ਨਹੀਂ ਇਸ ਕਰੋੜਪਤੀ ਫਰਮ ਦੀਆਂ ਕਾਰਵਾਈਆਂ ਤੋਂ ਸਮੂਹ ਸੰਗਤ ਮੰਡੀ ਵਾਸੀ ਅਤੇ ਪਿੰਡ ਵਾਸੀ ਵੀ ਅੰਦਰੋ ਅੰਦਰ ਡਰੇ ਹੋਏ ਹਨ ਕਿਉਂਕਿ ਇੱਕ ਸਾਲ ਪਹਿਲਾਂ ਉਕਤ ਫਾਰਮ ਨੇ ਬਾਹਰੋਂ ਕਿਰਾਏ ਦੇ ਗੁੰਡੇ ਮੰਗਵਾ ਕੇ ਆਪਣੇ ਸਹਿਯੋਗੀ ਆੜਤੀਆ ਵਿਨੋਦ ਕੁਮਾਰ ਦੀ ਦੁਕਾਨ ’ਚ ਵੜ ਕੇ ਉਸ ’ਤੇ ਕਾਤਲਾਨਾ ਹਮਲਾ ਕਰਵਾਇਆ ਗਿਆ ਸੀ ਤੇ ਉਕਤ ਕਰੋੜਪਤੀ ਫਰਮ ਵੱਲੋਂ ਕੀਤੇ ਕਾਤਲਾਨਾ ਹਮਲੇ ਦੀ ਸਾਰੀ ਫੁਟੇਜ ਵਿਨੋਦ ਕੁਮਾਰ ਆੜਤੀਏ ਦੀ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਰਿਕਾਰਡਿੰਗ ਕੈਦ ਹੋ ਗਈ ਸੀ ਤੇ ਉਕਤ ਫਰਮ ਆਪਣੇ ਬਚਾਵ ਖਾਤਰ ਬੇਸ਼ੁਮਾਰ ਧੰਨ ਅਤੇ ਰਾਜਨੀਤਿਕ ਨੇਤਾਵਾਂ ਦੇ ਗੋਢੀਂ ਹੱਥ ਲਗਾਉਣ ਦੇ ਬਾਵਜੂਦ ਵਿਨੋਦ ਕੁਮਾਰ ਆੜਤੀਏ ਨੇ ਇਸ ਫਰਮ ਖਿਲਾਫ ਪੁਲਿਸ ਮੁਕੱਦਮੇ ਤੱਕ ਤਰਜ ਕਰਵਾ ਦਿੱਤੇ ਸੀ। ਅਜਿਹੀਆਂ ਕਾਰਵਾਈਆਂ ਦਾ ਮੁੱਦਾ ਵੀ ਸੰਗਤ ਮੰਡੀ ਵਾਸੀ ਜ਼ੋਰ ਸ਼ੋਰ ਨਾਲ ਉਠਾ ਕੇ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਸੰਗਤ ਮੰਡੀ ਅੰਦਰ ਉਠੀ ਚਰਚਾ ਮੁਤਾਬਿਕ ਬਿਨਾ ਮੁਕਾਬਲਾ ਜਿੱਤ ਮਿਲਦੀ ਹੈ ਤਾਂ ਵਾਰਡ ਨੰ. 2 ਦਾ ਜੇਤੂ ਉਮੀਦਵਾਰ 50 ਲੱਖ ਰੁਪਏ ਧਾਰਮਿਕ ਸਥਾਨਾਂ ਨੂੰ ਦਾਨ ਕਰੇਗਾ ਪਰ ਉਸ ਨੂੰ ਅਨਪੋਜ਼ ਜਿੱਤ ਉਸ ਦੀ ਬੋਝੀ ’ਚ ਪੈਣੀ ਚਾਹੀਦੀ ਹੈ। ਵਾਰਡ ਨੰ. 2 ਦੇ ਉਮੀਦਵਾਰ ਮੇਮੀ ਕੁਮਾਰ ਅਤੇ ਸੁਰਿੰਦਰ ਕੁਮਾਰ ਦੀ ਸੰਗਤ ਮੰਡੀ ਵਿੱਚ ਬਹੁਤ ਇੱਜ਼ਤ ਹੈ ਅਤੇ ਇਸੇ ਕਾਰਨ ਹੀ ਉਹ ਮੰਡੀ ਦੀ ਪ੍ਰਧਾਨਗੀ ਲਈ ਜ਼ੋਰ ਲਗਾ ਰਹੇ ਹਨ। ਇਸੇ ਤਰ੍ਹਾਂ ਵਾਰਡ ਨੰ. 4 ਅਤੇ 6 ਵਿੱਚ ਵੀ ਇਹੋ ਜਿਹੇ ਹੀ ਹਾਲਾਤ ਹਨ।



