ਜੀ. ਐੱਸ. ਗੁਰਦਿੱਤ
ਭਾਰਤ ਦੇ ਦਿਲ (ਦਿੱਲੀ) ਵਿੱਚ, ਆਮ ਆਦਮੀ ਪਾਰਟੀ ਦੀ ਜਿੱਤ ਦਾ ਪਰਚਮ ਝੂਲ ਗਿਆ ਹੈ। ਭਾਜਪਾ ਦੇ ‘ਅਸ਼ਵਮੇਘ ਯੱਗ‘ ਦਾ ਘੋੜਾ, ਜਿਹੜਾ ਲੋਕ ਸਭਾ ਚੋਣਾਂ ਤੋਂ ਬਾਅਦ ਹਰਿਆਣੇ, ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਕਿਤੇ ਵੀ ਨਹੀਂ ਰੋਕਿਆ ਜਾ ਸਕਿਆ ਸੀ, ਹੁਣ ਝਾੜੂ ਵਾਲਿਆਂ ਨੇ ਫੜ ਕੇ ਕਿੱਲੇ ਨਾਲ ਬੰਨ੍ਹ ਲਿਆ ਹੈ। ਇਸ ਲਈ ਹੁਣ ਨਰਿੰਦਰ ਮੋਦੀ ਦਾ ਚੱਕਰਵਰਤੀ ਰਾਜਾ ਬਣਨ ਦਾ ਸੁਪਨਾ ਇੱਕ ਵਾਰੀ ਤਾਂ ਚਕਨਾਚੂਰ ਹੋ ਗਿਆ ਹੈ। ਭਾਜਪਾ ਦੇ ਚਾਣਕੀਆ ਅਮਿਤ ਸ਼ਾਹ ਦੀਆਂ ਸਭ ਵਿਉਂਤਾਂ ਧਰੀਆਂ – ਧਰਾਈਆਂ ਹੀ ਰਹਿ ਗਈਆਂ ਅਤੇ ਉਹਨਾਂ ਦੇ ਤਰਕਸ਼ ਦਾ ਸਭ ਤੋਂ ਤਿੱਖਾ ਤੀਰ ਵੀ ਖੁੰਡਾ ਹੀ ਸਾਬਤ ਹੋਇਆ। ਅਸਲ ਵਿੱਚ ਭਾਜਪਾ ਨੇ ਕਿਰਨ ਬੇਦੀ ਨੂੰ ਉਵੇਂ ਹੀ ਚੁਣਿਆ ਸੀ ਜਿਵੇਂ ਕਿ ਦੂਜੀ ਸੰਸਾਰ ਜੰਗ ਵੇਲੇ ਫਰਾਂਸ ਨੇ ਆਪਣੇ ਤੱਤਕਾਲੀ ਫੌਜੀ ਮੁਖੀ ਨੂੰ ਹਟਾਕੇ, 73 ਸਾਲਾਂ ਦੇ ਇੱਕ ਅਖੌਤੀ ਮਾਹਰ ਵੇਅਗੈਂਡ ਨੂੰ ਆਪਣਾ ਮੁੱਖ ਕਮਾਂਡਰ ਚੁਣ ਲਿਆ ਸੀ। ਉਹ ਵੇਅਗੈਂਡ ਦੇ ਪੁਰਾਣੇ ਤਜਰਬੇ ਤੋਂ ਫਾਇਦਾ ਉਠਾਉਣਾ ਚਾਹੁੰਦੇ ਸਨ। ਪਰ ਦੱਸਣ ਦੀ ਜ਼ਰੂਰਤ ਨਹੀਂ ਕਿ ਵੇਅਗੈਂਡ ਨਾਲ ਵੀ ਉਹੀ ਹੋਈ ਸੀ ਜਿਹੜੀ ਹੁਣੇ – ਹੁਣੇ ਦਿੱਲੀ ਵਿੱਚ ਕਿਰਨ ਬੇਦੀ ਨਾਲ ਹੋਈ ਹੈ।
ਹੁਣ ਆਮ ਆਦਮੀ ਪਾਰਟੀ ਵਾਸਤੇ ਅਗਲੀ ਰਣਨੀਤੀ ਤੈਅ ਕਰਨ ਦਾ ਸਮਾਂ ਹੈ। ਇਹਨਾਂ ਨੂੰ ਝਾੜੂ ਫੇਰਨ ਲਈ ਹੁਣ ਦਿੱਲੀ ਤੋਂ ਅਗਲਾ ਨਿਸ਼ਾਨਾ ਚੁਣਨ ਦੀ ਲੋੜ ਹੈ। ਪਰ ਹੁਣ ਇਹਨਾਂ ਨੂੰ ਧਰਤੀ ਉੱਤੇ ਰਹਿ ਕੇ ਕੰਮ ਕਰਨ ਦੀ ਲੋੜ ਹੈ। ਜੇ ਲੋਕ ਸਭਾ ਚੋਣਾਂ ਵਾਂਗੂੰ ‘ਚੰਦ ਉੱਤੇ ਝਾੜੂ ਮਾਰਨ‘ ਤੁਰ ਪਏ ਤਾਂ ਫਿਰ ਮੂਧੇ ਮੂੰਹ ਡਿੱਗ ਸਕਦੇ ਹਨ। ਇਹ ਦੱਸਣਾ ਇਸ ਲਈ ਮਹੱਤਵਪੂਰਣ ਹੈ ਕਿਉਂਕਿ 2017 ਵਿੱਚ ਪੰਜਾਬ ਦੇ ਨਾਲ ਯੂਪੀ ( ਉੱਤਰ ਪ੍ਰਦੇਸ਼ ) ਦੀਆਂ ਚੋਣਾਂ ਵੀ ਆ ਰਹੀਆਂ ਹਨ। ਇਸ ਲਈ ਇਹਨਾਂ ਨੂੰ ਕਿਤੇ ਫਿਰ ਨਾ ਪੰਜਾਬ ਨੂੰ ਛੱਡ ਕੇ, ਯੂਪੀ ਦਾ ਮੋਹ ਸਤਾਉਣ ਲੱਗ ਪਵੇ। ਲੋਕ ਸਭਾ ਚੋਣਾਂ ਵੇਲੇ ਵੀ ਇਹਨਾਂ ਦੇ ਵੱਡੇ ਥੰਮ, ਯੂਪੀ ਵਿੱਚ ਵਾਰਾਨਸੀ ਅਤੇ ਅਮੇਠੀ ਫਤਹਿ ਕਰਨ ਤੁਰ ਪਏ ਸਨ। ਇਸ ਤਰਾਂ ਇਹ ਮਹਿਲ ਬਣਾਉਣ ਦੇ ਚੱਕਰ ਵਿੱਚ ਕੁੱਲੀ ਵੀ ਢਾਅ ਬੈਠੇ ਸਨ। ਜਿੰਨਾ ਜ਼ੋਰ ਇਹਨਾਂ ਨੇ ਯੂਪੀ ਵਿੱਚ ਲਾਇਆ ਸੀ ਜੇਕਰ ਓਨਾ ਜ਼ੋਰ ਦਿੱਲੀ, ਪੰਜਾਬ ਅਤੇ ਹਰਿਆਣੇ ਵਿੱਚ ਲਾਇਆ ਹੁੰਦਾ ਤਾਂ ਅੱਜ ਲੋਕ ਸਭਾ ਵਿੱਚ ਇਹਨਾਂ ਦੇ ਕੋਈ 20 – 25 ਮੈਂਬਰ ਤਾਂ ਜਰੂਰ ਹੀ ਬੈਠੇ ਹੁੰਦੇ। ਇਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਯੂਪੀ ਵਰਗਾ ਪਛੜਿਆ ਰਾਜ ਜਿੱਥੇ ਜਾਤੀ ਸਮੀਕਰਣ ਇੰਨੇ ਵੱਧ ਭਾਰੂ ਹੋਣ, ਉੱਥੇ ਅਜੇ ਤੱਕ ਇਸ ਪਾਰਟੀ ਲਈ ਕੋਈ ਥਾਂ ਨਹੀਂ ਬਣ ਸਕਦੀ। ਯਾਦ ਰੱਖੋ
: ਜਦੋਂ ਛੋਟਾ ਬੱਚਾ ਗੋਡਿਆਂ ਭਾਰ ਰਿੜਨਾ ਸ਼ੁਰੂ ਕਰਦਾ ਹੈ ਤਾਂ ਪਹਿਲਾਂ ਉਸਨੂੰ ਪੋਲੀ ਮਿੱਟੀ ਉੱਤੇ ਹੀ ਰਿੜਨ ਦੇਣਾ ਚਾਹੀਦਾ ਹੈ ਨਾ ਕਿ ਖੰਘਰ ਇੱਟਾਂ ਦੇ ਫਰਸ਼ ਉੱਤੇ।
ਇਸ ਲਈ ‘ਆਪ‘ ਦਾ ਅਗਲਾ ਸਭ ਤੋਂ ਸਟੀਕ ਨਿਸ਼ਾਨਾ ਪੰਜਾਬ ਹੀ ਹੋਣਾ ਚਾਹੀਦਾ ਹੈ। ਪਰ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਪੰਜਾਬ ਵਿੱਚ ਲੋਕਾਂ ਨੂੰ ਨਾ ਤਾਂ ਝੂਠੇ ਸਬਜ਼ਬਾਗ ਵਿਖਾਏ ਜਾਣ ਅਤੇ ਨਾ ਹੀ ਕੋਈ ਮੁਫਤ ਦਾ ਲਾਲਚ ਦਿੱਤਾ ਜਾਵੇ। ਕਿਉਂਕਿ ਪੰਜਾਬੀਆਂ ਨੂੰ ਮੁਫਤਖੋਰੇ ਬਣਾਉਣ ਵਿੱਚ ਮੌਜੂਦਾ ਸਰਕਾਰ ਨੇ ਹੀ ਕੋਈ ਕਸਰ ਨਹੀਂ ਛੱਡੀ ਹੋਈ ਅਤੇ ਹੁਣ ਲੋਕ ਸ਼ਾਇਦ ਇਸ ਮੁਫਤ ਵਾਲੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ। ਲੋਕਾਂ ਨੂੰ ਇੱਜ਼ਤ ਦੀ ਰੋਟੀ ਕਮਾਉਣੀ ਸਿਖਾਉ ਨਾ ਕਿ ਮੁਫਤ ਦੀਆਂ ਰੋਟੀਆਂ ਖਾਣੀਆਂ ਸਿਖਾਉ। ਇਸ ਲਈ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਯੋਜਨਾਵਾਂ ਉਲੀਕੋ। ਇਸ ਦੇ ਨਾਲ – ਨਾਲ ਹੀ ਦਿੱਲੀ ਵਿੱਚ ਵੀ ਆਪਣੇ ਵਾਅਦੇ ਜਲਦੀ ਤੋਂ ਜਲਦੀ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਕਿਤੇ ਇਹ ਨਾ ਹੋਵੇ ਕਿ ਦਿੱਲੀ ਇੱਕ ‘ਧਰਨਾ ਪ੍ਰਦੇਸ਼‘ ਹੀ ਬਣ ਕੇ ਰਹਿ ਜਾਵੇ। ਕਿਉਂਕਿ ਇੰਨੇ ਜ਼ਿਆਦਾ ਵਾਅਦੇ ਪੂਰੇ ਕਰਨ ਵਿੱਚ ਉਮੀਦ ਤੋਂ ਵੱਧ ਸਮਾਂ ਲੱਗ ਸਕਦਾ ਹੈ ਅਤੇ ਇਸਦਾ ਬੁਰਾ ਅਸਰ ਪੰਜਾਬ ਵਰਗੇ ਰਾਜ ਉੱਤੇ ਪੈ ਸਕਦਾ ਹੈ। ਇੱਕ ਗੱਲ ਹੋਰ ਵੀ ਧਿਆਨ ਦੇਣ ਵਾਲੀ ਹੈ ਕਿ ਕੇਜਰੀਵਾਲ ਦਾ ਅਕਸ ਕਿਤੇ ਮਮਤਾ ਬੈਨਰਜੀ ਵਰਗਾ ਨਾ ਬਣ ਜਾਵੇ ਕਿ ਹਰ ਕੀਮਤ ਉੱਤੇ ਮੋਦੀ ਦਾ ਅੰਨ੍ਹਾ ਵਿਰੋਧ ਹੀ ਕਰਦੇ ਰਹਿਣਾ ਹੈ। ਹਰ ਮਾਮਲੇ ਵਿੱਚ ਨਾਂਹਵਾਦੀ ਨਹੀਂ ਬਣਨਾ ਚਾਹੀਦਾ ਬਲਕਿ ਵਿਰੋਧੀ ਦੇ ਚੰਗੇ ਕੰਮਾਂ ਦੀ ਤਾਰੀਫ਼ ਕਰਨ ਵਾਲਾ ਜਿਗਰਾ ਵੀ ਜਰੂਰ ਰੱਖਣਾ ਚਾਹੀਦਾ ਹੈ। ਇਸ ਨਾਲ ਜਨਤਾ ਵਿੱਚ ਲੰਬੇ ਸਮੇਂ ਲਈ ਅਕਸ ਸੁਧਰਦਾ ਹੈ।
ਪੰਜਾਬ ਵਿੱਚ ਲੋਕਾਂ ਨੂੰ ਧਾਰਮਿਕ ਅਪੀਲ ਕਰਨ ਦੀ ਬਜਾਇ ਸਭਿਆਚਾਰਕ ਅਪੀਲ ਵੱਧ ਕਾਰਗਰ ਸਾਬਤ ਹੋ ਸਕਦੀ ਹੈ। ਕਿਉਂਕਿ ਪੰਜਾਬੀ ਲੋਕ ਧਰਮ ਵਿੱਚ ਬਹੁਤੇ ਕੱਟੜ ਨਾ ਹੋ ਕੇ ਆਪਣੇ ਵਿਰਸੇ ਬਾਰੇ ਕਾਫੀ ਸੁਚੇਤ ਰਹਿੰਦੇ ਹਨ। ਇੱਥੇ ‘ਵੰਦੇ ਮਾਤਰਮ‘ ਜਾਂ ‘ਭਾਰਤ ਮਾਤਾ ਕੀ ਜੈ‘ ਵਰਗੇ ਨਾਅਰੇ ਲੋਕਾਂ ਨੂੰ ਬਹੁਤੀ ਖਿੱਚ ਨਹੀਂ ਪਾਉਂਦੇ। ਇੱਥੇ ਤਾਂ ਹਰ ਕਿਸੇ ਵੱਲੋਂ ‘ਬੋਲੇ ਸੋ ਨਿਹਾਲ‘ ਦਾ ਜੈਕਾਰਾ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਕਿਉਂਕਿ ‘ਇੱਕ ਹੀ ਅਕਾਲ ਦੇ ਸਤਿ ਹੋਣ‘ ( ਸਤਿ ਸ੍ਰੀ ਅਕਾਲ ) ਵਿੱਚ ਇਹਨਾਂ ਦਾ ਨਿਸ਼ਚਾ ਕਾਫੀ ਪੱਕਾ ਹੈ। ਇਸ ਤੋਂ ਇਲਾਵਾ ਡੇਰਿਆਂ ਦੀ ਸਿੱਧੀ ਹਮਾਇਤ ਬਿਲਕੁਲ ਨਾ ਲਈ ਜਾਵੇ ਕਿਉਂਕਿ ਇਹ ਇੱਕ ਕਿਸਮ ਦੀ ਫਿਰਕੂ ਰਾਜਨੀਤੀ ਹੀ ਹੁੰਦੀ ਹੈ। ਨਾਲੇ ਪੰਜਾਬ ਵਿੱਚ ਉਂਜ ਵੀ ਇਹ ਇੱਕ ਗਲਤ ਰਣਨੀਤਕ ਪੈਂਤੜਾ ਸਾਬਤ ਹੁੰਦਾ ਰਿਹਾ ਹੈ ਕਿਉਂਕਿ ਡੇਰਿਆਂ ਦੀ ਵੋਟ ਦੇ ਚੱਕਰ ਵਿੱਚ ਇਸ ਨਾਲ ਉਲਟਾ ਸਿੱਖ ਵੋਟ ਵੀ ਟੁੱਟ ਜਾਂਦੀ ਹੈ। ਫਿਰ ਡੇਰਿਆਂ ਦੀ ਵੋਟ ਦੇ ਮੁਕਾਬਲੇ ਸਿੱਖ ਵੋਟ ਕਿਤੇ ਵੱਧ ਹੈ। ਇਸ ਲਈ ਸਭ ਤੋਂ ਵਧੀਆ ਪੈਂਤੜਾ ਤਾਂ ਇਹੀ ਹੈ ਕਿ ਆਪਣੀਆਂ ਚੰਗੀਆਂ ਨੀਤੀਆਂ ਅਤੇ ਸਾਫ ਨੀਅਤ ਦੇ ਆਧਾਰ ਉੱਤੇ ਹੀ ਵੋਟਾਂ ਮੰਗੀਆਂ ਜਾਣ ਅਤੇ ਸਭ ਫਿਰਕਿਆਂ ਤੋਂ ਹੀ ਮੰਗੀਆਂ ਜਾਣ। ਯਾਦ ਰੱਖੋ : ਪੰਜਾਬੀ ਲੋਕ ‘ਹੱਥਾਂ ਉੱਤੇ ਚੁੱਕਣ‘ ਅਤੇ ‘ਹੱਥ ਚੁੱਕਣ‘ ਵਿੱਚ ਕੁਝ ਜ਼ਿਆਦਾ ਹੀ ਫੁਰਤੀ ਵਿਖਾਉਂਦੇ ਹਨ। ਇਸ ਲਈ ਪੰਜਾਬ ਵਿੱਚ ਇੱਥੋਂ ਦੀ ਲੋਕ – ਮਾਨਸਿਕਤਾ ਪੂਰੀ ਤਰਾਂ ਸਮਝ ਕੇ ਹੀ ਚੱਲਿਆ ਜਾਵੇ।ਇੱਕ ਗੱਲ ਹੋਰ ਵੀ ਪੱਲੇ ਬੰਨ੍ਹ ਲਉ। ਪੰਜਾਬ ਵਿੱਚ ਤੁਹਾਡਾ ਵਾਹ ਬਾਦਲ ਵਰਗੇ ਸਿਰੇ ਦੇ ਚਤੁਰ ਅਤੇ ਦੇਸ਼ ਦੇ ਸਭ ਤੋਂ ਵੱਧ ਘਾਗ ਸਿਆਸਤਦਾਨਾਂ ਵਿਚੋਂ ਇੱਕ, ਨੇਤਾ ਨਾਲ ਪੈਣਾ ਹੈ। ਇਹ ਬੰਦਾ ਨਰਿੰਦਰ ਮੋਦੀ ਤੋਂ ਵੀ ਕਿਤੇ ਵੱਧ ਚਲਾਕ ਹੈ ਕਿਉਂਕਿ ਇਸ ਨੂੰ ਬਾਹਰੋਂ ਤਾਂ ਗੁੱਸਾ ਆਉਂਦਾ ਹੀ ਨਹੀਂ। ਹੁਣ ਤੱਕ ਇਸ ਸਿਆਸਤਦਾਨ ਦਾ ਰਿਕਾਰਡ ਹੈ ਕਿ ਇਸਨੇ ਆਪਣੇ ਸਾਰੇ ਹੀ ਛੋਟੇ – ਵੱਡੇ ਵਿਰੋਧੀ ਪੂਰੀ ਤਰਾਂ ਚਿੱਤ ਕਰ ਛੱਡੇ ਹਨ। ਲੋਕਾਂ ਨੂੰ ਮੰਤਰ ਮੁਗਧ ਕਰਨ ਵਾਲੀ ਕਾਮੇਡੀ ਵਿੱਚ ਬਾਦਲ, ਤੁਹਾਡੇ ਭਗਵੰਤ ਮਾਨ ਤੋਂ ਕਿਤੇ ਅੱਗੇ ਹੈ। ਇਸ ਲਈ ਆਪਣੀ ਪੂਰੀ ਤਿਆਰੀ ਕਰ ਕੇ ਹੀ ਮੈਦਾਨ ਵਿੱਚ ਉੱਤਰਨਾ ਅਤੇ ਅਨਾੜੀ ਕਿਸਮ ਦੀ ਬਿਆਨਬਾਜ਼ੀ ਤੋਂ ਬਚ ਕੇ ਰਹਿਣਾ। ਨਾਲੇ ਸਿਆਸਤ ਵਿੱਚ ਬਰਸਾਤੀ ਡੱਡੂਆਂ ਦੀ ਕੋਈ ਕਮੀ ਨਹੀਂ ਹੁੰਦੀ। ਫਸਲੀ ਬਟੇਰੇ ਹੁਣੇ ਤੋਂ ਹੀ ਤੁਹਾਡੀ ਪਾਰਟੀ ਵਿੱਚ ਸੰਨ੍ਹ ਲਾਉਣ ਦੀਆਂ ਤਿਆਰੀਆਂ ਕਰੀ ਬੈਠੇ ਹਨ। ਨੀਲੀਆਂ ਅਤੇ ਚਿੱਟੀਆਂ ਪੱਗਾਂ ਵਾਲੇ ਬਹੁਤ ਸਾਰੇ ‘ਕੱਢੇ – ਵੱਢੇ‘ ਸੜਕਛਾਪ ਆਗੂ, ਆਮ ਆਦਮੀ ਬਣਨ ਦੇ ਡਰਾਮੇ ਕਰ – ਕਰ ਕੇ ਵਿਖਾਉਣਗੇ। ਉਹਨਾਂ ਨੂੰ ਬਿਲਕੁਲ ਵੀ ਮੂੰਹ ਨਾ ਲਾਇਆ ਜਾਵੇ ਅਤੇ ਖਾਸ ਕਰਕੇ ਕੋਈ ਵੱਡੀ ਅਹੁਦੇਦਾਰੀ ਤਾਂ ਬਿਲਕੁਲ ਹੀ ਨਾ ਦਿੱਤੀ ਜਾਵੇ। ਆਪਣੇ ਚਾਰੇ ਪਾਰਲੀਮੈਂਟ ਮੈਂਬਰਾਂ ਨੂੰ ਪੂਰੀ ਤਰਾਂ ਕੰਮ ਕਰਨ ਲਾਇਆ ਜਾਵੇ। ਕਿਉਂਕਿ ਤੁਹਾਡੇ ਦੋ ਪਾਰਲੀਮੈਂਟ ਮੈਂਬਰ ਤਾਂ ਚੋਣ ਜਿੱਤਦੇ ਸਾਰ ਹੀ ਗੁੰਮਸ਼ੁਦਾ ਹੋ ਚੁੱਕੇ ਹਨ। ਅੱਗੇ ਤੋਂ ਅਜਿਹੇ ਅਨਾੜੀਆਂ ਨੂੰ ਟਿਕਟ ਦੇਣ ਤੋਂ ਬਚਿਆ ਜਾਵੇ।
ਆਖਰ ਵਿੱਚ ਸਭ ਤੋਂ ਜਰੂਰੀ ਗੱਲ ਇਹੀ ਕਹੀ ਜਾ ਸਕਦੀ ਹੈ ਕਿ ਭਾਰਤ ਦੀ ਰਵਾਇਤੀ ‘ਵੋਟ ਰਾਜਨੀਤੀ‘ ਤੋਂ ਹਟ ਕੇ ਨਵੀਂ ਕਿਸਮ ਦੀ ਰਾਜਨੀਤੀ ਕੀਤੀ ਜਾਵੇ। ਲੋਕਾਂ ਦੇ ਦੁੱਖ – ਸੁੱਖ ਦੇ ਸੱਚੇ ਭਾਈਵਾਲ ਬਣਿਆ ਜਾਵੇ ਨਾ ਕਿ ਇਸ ਤਰਾਂ ਕਰਨ ਦਾ ਸਿਰਫ ਨਾਟਕ ਹੀ ਕੀਤਾ ਜਾਵੇ। ਦੇਸ਼ ਵਿੱਚ ਉਸੇ ਹੀ ਤਰਾਂ ਦਾ ਲੋਕਤੰਤਰ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜਿਸ ਤਰਾਂ ਦੀ ਸੰਵਿਧਾਨ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਵਿੱਚ ਕਾਮਨਾ ਕੀਤੀ ਗਈ ਹੈ। ਲੁੱਟ ਦਾ ਤੰਤਰ ਖਤਮ ਕਰ ਕੇ ਅਸਲੀ ਲੋਕਤੰਤਰ ਸਥਾਪਤ ਕੀਤਾ ਜਾਵੇ ਤਾਂ ਕਿ ਸੱਚਮੁੱਚ ਹੀ ਆਮ ਆਦਮੀ ਦਾ ਰਾਜ ਆ ਸਕੇ ਅਤੇ ਲੋਕਾਂ ਨੂੰ ਇਹ ਵਖਰੇਵਾਂ ਸਥੂਲ ਰੂਪ ਵਿੱਚ ਮਹਿਸੂਸ ਹੋਵੇ। ਯਾਦ ਰੱਖੋ : ਦੇਸ਼ ਨੂੰ ਹੁਣ ਭਾਸ਼ਣਾਂ ਦੀ ਨਹੀਂ ਬਲਕਿ ਕੰਮ ਦੀ ਲੋੜ ਹੈ।


