ਫਿਰੋਜ਼ਪੁਰ 14 ਫਰਵਰੀ (ਕਪੂਰ, ਮਨੋਹਰ ਲਾਲ)- ਚੋਣ ਕਮਿਸ਼ਨ ਵੱਲੋਂ ਫਿਰੋਜ਼ਪੁਰ ਜਿਲ੍ਹੇ ਲਈ ਨਿਯੁਕਤ ਚੋਣ ਨਿਗਰਾਨ ਸ: ਮਨਜੀਤ ਸਿੰਘ ਨਾਰੰਗ ਆਈ.ਏ.ਐਸ ਅਤੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਇੰਜ਼ੀ: ਡੀ.ਪੀ.ਐਸ ਖਰਬੰਦਾ ਵੱਲੋਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਫਿਰੋਜ਼ਪੁਰ, ਮਮਦੋਟ, ਗੁਰੂਹਰਸਹਾਏ, ਤਲਵੰਡੀ ਭਾਈ ਆਦਿ ਦੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ ਅਤੇ ਸੁਰੱਖਿਆ ਸਮੇਤ ਸਾਰੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨ:) ਸ਼੍ਰੀ ਅਮਿਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਵਧੀਕ ਜ਼ਿਲ੍ਹਾ ਚੋਣ ਅਫਸਰ ਮੈਡਮ ਨੀਲਮਾ, ਸ. ਲਖਵੀਰ ਸਿੰਘ ਐਸ.ਪੀ (ਐਚ) ਸਮੇਤ ਚੌਣਾ ਨਾਲ ਸਬੰਧਿਤ ਅਧਿਕਾਰੀ ਵੀ ਹਾਜਰ ਸਨ। ਚੋਣ ਨਿਗਰਾਨ ਸ: ਮਨਜੀਤ ਸਿੰਘ ਨਾਰੰਗ ਅਤੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਇੰਜ਼ੀ: ਡੀ.ਪੀ.ਐਸ ਖਰਬੰਦਾ ਵੱਲੋਂ
ਅੱਜ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀਆਂ ਚੋਣਾਂ ਦੀਆਂ ਨਾਮਜ਼ਦਗੀਆਂ ਦੀ ਜਾਂਚ ਦੇ ਕੰਮ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਉਨ੍ਹਾਂ ਰਾਜਨੀਤਿਕ ਪਾਰਟੀਆਂ, ਚੋਣ ਲੜ ਰਹੇ ਉਮੀਦਵਾਰਾਂ ਤੇ ਆਮ ਲੋਕਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀਆਂ ਚੋਣਾਂ ਨਿਰਪੱਖ ਅਤੇ ਪਾਰਦਰਸ਼ਤੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ।ਉਨ੍ਹਾਂ ਚੋਣ ਜ਼ਾਬਤੇ ਬਾਰੇ ੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਕੋਈ ਵੀ ਪਾਰਟੀ ਕਿਸੇ ਵੀ ਧਾਰਮਿਕ ਸਥਾਨ ਦੀ ਚੋਣ ਪ੍ਰਚਾਰ ਵਾਸਤੇ ਵਰਤੋਂ ਨਹੀਂ ਕਰ ਸਕਦੀ। ਇਸ ਤੋਂ ਇਲਾਵਾ ਕਿਸੇ ਉਮੀਦਵਾਰ ਦੀ ਨਿੱਜੀ ਜਿੰਦਗੀ ’ਤੇ ਦੋਸ਼ ਨਹੀਂ ਲਗਾਏ ਜਾ ਸਕਦੇ। ਕੋਈ ਵੀ ਉਮੀਦਵਾਰ ਜਾਤੀ ਅਤੇ ਧਰਮ ਦੇ ਆਧਾਰ ’ਤੇ ਵੋਟਾਂ ਨਹੀਂ ਮੰਗ ਸਕਦਾ। ਕੋਈ ਵੀ ਉਮੀਦਵਾਰ ਅਜਿਹਾ ਪ੍ਰਚਾਰ ਨਹੀਂ ਕਰ ਸਕਦਾ ਜਿਸ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਵਿੱਚ ਨਫ਼ਰਤ ਫੈਲਦੀ ਹੋਵੇ। ਉਨ੍ਹਾਂ ਦੱਸਿਆ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਚੋਣ ਪ੍ਰਚਾਰ ਲਈ ਜਨਤਕ ਮੀਟਿੰਗਾਂ ਜਾਂ ਜਲੂਸ ਕੱਢਣ ਜਾਂ ਰੈਲੀਆਂ ਕਰਨ ਲਈ ਪਹਿਲਾਂ ਸਬੰਧਤ ਐਸ.ਡੀ.ਐਮ. ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ।



