Skip to content
Independent perspectives. Global stories.
BREAKING

ਭਾਈ ਤਾਰਾ ਦਾ ਪੁਲਿਸ ਰਿਮਾਂਡ ਦੋ ਦਿਨ ਹੋਰ ਵਧਿਆ

Share this story

Page-1_14 ਬਠਿੰਡਾ, 13 ਫਰਵਰੀ (ਗੁਰਤੇਜ ਸਿੰਘ ਸਿੱਧੂ/ਅਮਰਜੀਤ ਸਿੰਘ ਸਿੱਧੂ)-ਭਿੰਡਰਾਵਾਲਾ ਟਾਇਗਰ ਫ਼ੋਰਸ ਦੇ ਮੁਖੀ ਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਪੁਲਿਸ ਵੱਲੋਂ ਅੱਜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਉਹਨਾਂ ਨੂੰ ਦੋ ਦਿਨਾਂ ਪੁਲਿਸ ਰਿਮਾਂਡ ਦੀ ਤਾਰਾ ਦੇ ਵਕੀਲ ਨੇ ਵਿਰੋਧਤਾ ਕੀਤੀ ਜਦੋਂ ਕਿ ਅਦਾਲਤ ਦੇ ਬਰਾਂਡੇ ਵਿੱਚ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਭਾਰੀ ਗਿਣਤੀ ਵਿੱਚ ਵਰਕਰਾਂ ਨੇ ‘ਖ਼ਾਲਿਸਤਾਨ ਜਿੰਦਾਬਾਦ’ ਅਤੇ ਭਾਈ ਜਗਤਾਰ ਸਿੰਘ ਤਾਰਾ ਜਿੰਦਾਬਾਦ ਆਦਿ ਦੇ ਨਾਅਰੇ ਵੀ ਲਗਾਏ। ਭਾਈ ਤਾਰਾ ਨੇ ‘ਗੋਲਡੀ’ ਨਾਂਅ ਦੇ ਕਿਸੇ ਸਖ਼ਸ ਨਾਲ ਸੰਪਰਕ ਤੋਂ ਸਖ਼ਤ ਇਨਕਾਰ ਕੀਤਾ।ਅੱਜ ਸਵੇਰ ਹੀ ਬਠਿੰਡਾ ਅਦਾਲਤ ਵਿੱਚ

ਭਾਈ ਜਗਤਾਰ ਸਿੰਘ ਤਾਰਾ ਦੀ ਪੇਸ਼ੀ ਨੂੰ ਲੈ ਕੇ ਪੁਖ਼ਤਾ ਇੰਤਜਾਮ ਕਰ ਦਿੱਤੇ ਗਏ ਸਨ, ਸੁਰੱਖਿਆ ਦੀ ਨਿਗਰਾਨੀ ਐਸ. ਪੀ. ਤੇ ਕਈ ਡੀ. ਐਸ. ਪੀਜ਼ ਕਰ ਰਹੇ ਸਨ। ਵੱਡੀ ਗਿਣਤੀ ਵਿੱਚ ਮੀਡੀਆ ਵੀ ਆਪਣੇ ਕੈਮਰਿਆਂ ਨਾਲ ਸਰਗਰਮ ਸੀ। ਦੁਪਹਿਰੇ ਤਾਰਾ ਨੂੰ ਭਾਰੀ ਸੁਰੱਖਿਆ ਹੇਠ ਚੀਫ਼ ਜੁਡੀਸੀਅਲ ਮਜਿਸਟਰੇਟ ਸ੍ਰੀ ਰਮਨ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਰਕਾਰੀ ਵਕੀਲ ਨੇ ਉਹਨਾਂ ਦੇ ਪੁਲਿਸ ਰਿਮਾਂਡ ਵਿੱਚ ਵਾਧੇ ਦੀ ਮੰਗ ਕੀਤੀ ਪਰ ਤਾਰਾ ਦੇ ਵਕੀਲ ਸ੍ਰ. ਹਰਪਾਲ ਸਿੰਘ ਖਾਰਾ ਨੇ ਉਹਨਾਂ ਦਾ ਸਖ਼ਤ ਵਿਰੋਧ ਕਰਦਿਆ ਜੁਡੀਸੀਅਲ ਰਿਮਾਂਡ ਦੀ ਮੰਗ ਕੀਤੀ। ਵਕੀਲ ਖਾਰਾ ਨੇ ਪੁਲਿਸ ਰਿਮਾਂਡ ਦਾ ਵਿਰੋਧ ਕਰਦਿਆ ਦਲੀਲ ਦਿੱਤੀ ਕਿ ਜਦੋਂ ਬਠਿੰਡਾ ਪੁਲਿਸ ਹੁਣ ਤੱਕ 4 ਦਿਨਾਂ ਵਿੱਚ ਉਹਨਾਂ ਤੋਂ ਕੁਝ ਵੀ ਪ੍ਰਾਪਤ ਨਹੀਂ ਕਰਵਾ ਸਕੀ ਹੁਣ ਕੀ ਕਰੇਗੀ। ਪਰ ਜੱਜ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਮਗਰੋਂ ਤਾਰਾ ਦਾ  ਦੋ ਦਿਨਾਂ ਰਿਮਾਂਡ ਦੇ ਦਿੱਤਾ। ਪੁਲਿਸ ਵੱਲੋਂ ਭਾਈ ਤਾਰਾ ਨਾਲ ਸੰਪਰਕ ਦੇ ਦੋਸ਼ ਹੇਠ ਅਮਰਜੀਤ ਸਿੰਘ ਨਾਮੀ ਵਿਆਕਤੀ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ। ਬਹੁਤ ਜਿਆਦਾ ਤੇਜੀ ਤੇ ਖਿੱਚ ਧੂਹ ਵਾਲੀ ਹਾਲਤ ਵਿੱਚ ਭਾਈ ਤਾਰਾ ਨੇ ਪੱਤਰਕਾਰਾਂ ਨੂੰ  ਐਨਾ ਹੀ ਕਿਹਾ ਕਿ ਉਹ ਬਠਿੰਡਾ ਤੋਂ ਖਾੜਕੂਵਾਦ ਦੇ ਦੋਸ਼ ਵਿੱਚ ਫੜੇ ਰਮਨਦੀਪ ਸਿੰਘ ਗੋਲਡੀ ਨੂੰ ਨਹੀਂ ਜਾਣਦਾ ਤੇ ਨਾ ਹੀ ਉਸ ਦਾ ਇਧਰ ਕੋਈ ਸੰਪਰਕ ਸੀ। ਇਸ ਦੌਰਾਨ ਅਕਾਲੀ ਦਲ ਮਾਨ ਦੇ ਸਮਰੱਥਕਾਂ ਤੇ ਕੁਝ ਆਮ ਲੋਕਾਂ ਵੱਲੋਂ ਉੱਚੀ ਆਵਾਜ਼ ਵਿੱਚ ‘ਪੰਜਾਬ ਸਰਕਾਰ ਮੁਰਦਾਬਾਦ’ ਤੇ  ‘ਖ਼ਾਲਿਸਤਾਨ ਜਿੰਦਾਬਾਦ’ ਦੇ ਵੀ ਕਾਫ਼ੀ ਸਮਾਂ ਨਾਅਰੇ ਲਗਾਏ। ਅਦਾਲਤ ਤੋਂ ਬਾਹਰ ਆਉਂਦਿਆ ਹੀ ਵਕੀਲ ਖ਼ਾਰਾ ਨੇ ਪੰਜਾਬ ਪੁਲਿਸ ’ਤੇ ਜਿਆਦਤੀਆਂ ਦੇ ਗੰਭੀਰ ਦੋਸ਼ ਲਗਾਉਂਦਿਆ ਕਿਹਾ ਕਿ ਪੁਲਿਸ ਨੇ ਜੋ ਅਮਰਜੀਤ ਸਿੰਘ ਨੂੰ ਕੱਲ੍ਹ ਹਿਰਾਸਤ ਵਿੱਚ ਲਿਆ ਹੈ, ਉਹ ਬਿਲਕੁੱਲ ਨਿਰਦੋਸ਼ ਹਨ। ਸ੍ਰੀ ਖਾਰਾ ਨੇ ਭਾਈ ਤਾਰਾ ਦੀ ਆੜ ਹੇਠ ਸਿੱਖ ਨੌਜਵਾਨਾਂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਂਦਿਆ ਕਿਹਾ ਕਿ ਪਿਛਲੇ 10 ਸਾਲਾਂ ਤੋਂ ਉਸ ਦਾ ਪੰਜਾਬ ਜਾਂ ਭਾਰਤ ਵਿੱਚ ਕਿਸੇ ਨਾਲ ਕੋਈ ਸੰਪਰਕ ਨਹੀਂ ਹੈ। ਅਦਾਲਤ ਦੇ ਅਹਾਤੇ ਵਿੱਚ ਵੱਡੀ ਗਿਣਤੀ ਸਿੱਖ ਸੰਗਤਾਂ ਨਾਲ ਪੁੱਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਭਾਈ ਤਾਰਾ ਦਾ ਮਨੋਬਲ ਤੋੜਨ ਦਾ ਅਸਫਲ ਯਤਨ ਕਰ ਰਹੀ ਹੈ ਪਰ ਪੰਜਾਬ ਦੀ ਹਕੂਮਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੂਰੀ ਦੁਨੀਆਂ ਦੀ ਸਿੱਖ ਕੌਮ ਭਾਈ ਤਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਉਹ 15 ਫਰਵਰੀ ਦੀ ਭਾਈ ਤਾਰਾ ਦੀ ਪੇਸ਼ੀ ਮੌਕੇ ਵੱਡੀ ਗਿਣਤੀ ਵਿੱਚ ਪੁੱਜਣ।

WRITTEN BY