June 19, 2026 11:45 pm

ਪੰਜਾਬ ਸਰਕਾਰ ਵੱਲੋਂ ਸਰਬਜੀਤ ਦੀ ਬੇਟੀ ਨਾਇਬ ਤਹਿਸੀਲਦਾਰ ਨਿਯੁਕਤ

ਜਲੰਧਰ, 2 ਅਗਸਤ (ਪੀ.ਟੀ.)-ਪਾਕਿਸਤਾਨ ਦੀ ਜੇਲ੍ਹ ਵਿਚ ਘਾਤਕ ਹਮਲੇ ਦਾ ਸ਼ਿਕਾਰ ਹੋਏ ਸ਼ਹੀਦ ਸਰਬਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਵਾਅਦਾ ਪੂਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਉਸ ਦੀ ਬੇਟੀ ਸਵਪਨਦੀਪ ਕੌਰ ਨੂੰ ਨਿਯੁਕਤੀ ਪੱਤਰ ਸੌਂਪਿਆ, ਜਿਸ ਨੂੰ ਰਾਜ ਵਿਚ ਨਾਇਬ ਤਹਿਸੀਲਦਾਰ ਨਿਯੁਕਤ ਕੀਤਾ ਗਿਆ ਹੈ। ਸਵਪਨਦੀਪ ਕੌਰ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਬਜੀਤ ਸਿੰਘ ਇਕ ਕੌਮੀ ਸ਼ਹੀਦ ਹੈ
parkash singh badal
ਕਿਉਂਕਿ ਉਸ ਨੂੰ ਇਕ ਭਾਰਤੀ ਹੋਣ ਦੇ ਨਾਤੇ ਪਾਕਿਸਤਾਨ ਦੀ ਜੇਲ੍ਹ ਵਿਚ ਤਸੀਹੇ ਝੱਲਦਿਆਂ ਆਪਣੀ ਜ਼ਿੰਦਗੀ ਵਾਰਨੀ ਪਈ। ਉਨ੍ਹਾਂ ਕਿਹਾ ਕਿ ਸਵਰਗੀ ਸਰਬਜੀਤ ਸਿੰਘ ਦੀ ਬੇਟੀ ਦੀ ਨਾਇਬ ਤਹਿਸੀਲਦਾਰ ਵਜੋਂ ਨਿਯੁਕਤੀ ਸੂਬਾ ਸਰਕਾਰ ਵੱਲੋਂ ਉਸ ਵੱਲੋਂ ਦੇਸ਼ ਲਈ ਕੀਤੀ ਵੱਡੀ ਕੁਰਬਾਨੀ ਨੂੰ ਇਕ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਹਰੇਕ ਸਰਕਾਰ ਦੀ ਇਹ ਮੁਢਲੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਨਾਇਕਾਂ ਦਾ ਸਨਮਾਨ ਕਰੇ, ਜਿਨ੍ਹਾਂ ਨੇ ਆਪਣਾ ਜੀਵਨ ਦੇਸ਼ ਲਈ ਵਾਰ ਦਿੱਤਾ ਅਤੇ ਪੰਜਾਬ ਸਰਕਾਰ ਨੇ ਆਪਣੀ ਨੈਤਿਕ ਫਰਜ਼ ਨਿਭਾਇਆ ਹੈ। ਸਵਪਨਦੀਪ ਕੌਰ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਮੁੱਖ ਮੰਤਰੀ ਨੇ ਆਸ ਜ਼ਾਹਿਰ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਸੱਚਾਈ ਅਤੇ ਸਮਰਪਣ ਨਾਲ ਨਿਭਾਏਗੀ। ਵਰਨਣਯੋਗ ਹੈ ਕਿ ਮੁੱਖ ਮੰਤਰੀ ਨੇ ਸਰਬਜੀਤ ਸਿੰਘ ਦੇ ਭੋਗ ਮੌਕੇ ਸਵਪਨਦੀਪ ਕੌਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਜਿਸ ਨੂੰ ਮੰਤਰੀ ਮੰਡਲ ਨੇ 28 ਮਈ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਸੀ। ਇਸ ਮੌਕੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗੁਰਕੀਰਤ ਕਿਰਪਾਲ ਸਿੰਘ, ਕਮਿਸ਼ਨਰ ਜਲੰਧਰ ਡਵੀਜ਼ਨ ਸ੍ਰੀ ਆਰ. ਵੈਂਕਟਾਰਤਨਮ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸ਼ਰੂਤੀ ਸਿੰਘ ਵੀ ਹਾਜ਼ਰ ਸਨ।

Send this to a friend