ਸ਼੍ਰੀ ਅਨੰਦਪੁਰ ਸਾਹਿਬ, 11 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼)- ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ ਸਮਾਗਮਾਂ ਨੂੰ ਮਨਾਉਣ ਸਬੰਧੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ੍ਰੋਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਸਲਾਹਕਾਰ ਕਮੇਟੀ ਦੀ ਮੀਟਿੰਗ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬੁੱਧੀਜੀਵੀਆਂ, ਸ੍ਰੋਕਮੇਟੀ ਦੇ ਅਧਿਕਾਰੀਆਂ, ਸੰਤ ਮਹਾਂਪੁਰਸ਼ਾਂ ਅਤੇ ਸ੍ਰੋਕਮੇਟੀ ਦੇ ਮੈਂਬਰ ਸਾਹਿਬਾਨ ਨੇ ਸ਼ਮੂਲੀਅਤ ਕੀਤੀ। ਡੂੰਘੇ ਵਿਚਾਰ ਵਿਟਾਂਦਰੇ ਤੋਂ ਬਾਅਦ ਇਹ ਤਹਿ ਕੀਤਾ ਗਿਆ ਕਿ 350 ਸਾਲਾ ਸਥਾਪਨਾ ਸਮਾਗਮਾਂ ਸਬੰਧੀ ਪੰਜਾਬ ਦੇ ਵੱਡੇ ਸ਼ਹਿਰਾਂ ਜਿੰਨ੍ਹਾਂ ਵਿੱਚ ਲੁਧਿਆਣਾ, ਪਟਿਆਲਾ, ਸ੍ਰੀ ਅੰਮ੍ਰਿਤਸਰ, ਸ੍ਰੀ ਅਨੰਦਪੁਰ ਸਾਹਿਬ
ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਸੈਮੀਨਾਰ ਕਰਵਾਏ ਜਾਣ ਤਾਂ ਕਿ ਆਮ ਸਿੱਖ ਅਤੇ ਦਿਹਾਤੀ ਲੋਕਾਂ ਦੀ ਸਮਝ ਵਿੱਚ ਆਉਣ ਵਾਲਾ ਸੁਨੇਹਾ ਪ੍ਰਚਾਰਿਆ ਜਾਵੇ। ਸੈਮੀਨਾਰਾਂ ਦੇ ਮੁੱਖ ਮੰਤਵ ਚਾਰ ਸਾਹਿਬਜ਼ਾਦੇ, ਪੰਜ ਪਿਆਰੇ ਸਾਹਿਬਾਨ, ਮਾਤਾ ਗੁਜਰ ਕੌਰ ਜੀ, ਮਾਤਾ ਨਾਨਕੀ ਜੀ, ਮਾਤਾ ਅਜੀਤ ਕੌਰ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਬੀਬੀ ਭਾਨੀ ਜੀ ਅਤੇ ਬੀਬੀ ਖੀਵੀ ਜੀ ਦੀ ਪੰਥਕ ਦੇਣ ਅਤੇ ਸਮੂਹ ਸਿੱਖ ਸ਼ਹੀਦਾਂ ਦੀ ਪੰਥ ਸ਼ਖਸ਼ੀਅਤ ਬਾਰੇ ਪ੍ਰਚਾਰ ਕੀਤਾ ਜਾਵੇ ਅਤੇ ਵੱਡੀ ਕੋਸ਼ਿਸ ਕਰਕੇ ਨੋਜਵਾਨ ਪੀੜੀ ਨੂੰ ਸਿੱਖ ਵਿਰਾਸਤ ਅਤੇ ਸਿੱਖੀ ਸਰੂਪ ਸਬੰਧੀ ਜਾਗਰੂਕ ਕੀਤਾ ਜਾਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਉਸਾਰੇ ਗਏ ਪੰਜ ਕਿਲਿਆਂ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸ ਅਤੇ ਵਿਸ਼ੇਸ ਤੌਰ ਤੇ ਗੁਰਦੁਆਰਾ ਭੋਰਾ ਸਾਹਿਬ ਜੀ ਦੇ ਇਤਿਹਾਸ ਦਾ ਵੱਡੀ ਪੱਧਰ ਤੇ ਪ੍ਰਚਾਰ ਕੀਤਾ ਜਾਵੇ ਤੇ ਡਾਕੂਮੈਂਟਰੀ ਫਿਲਮਾਂ ਬਣਾ ਕੇ ਸੰਗਤਾਂ ਨੂੰ ਵੱਧ ਤੋਂ ਵੱਧ ਦਿਖਾਇਆ ਜਾਵੇ।ਪ੍ਰਚਾਰ ਦੀ ਇਸ ਮੁਹਿੰਮ ਵਿੱਚ ਹਿਮਾਚਲ ਨੂੰ ਜੋੜਨ ਲਈ ਮੰਡੀ, ਸੋਲਨ, ਸਿਰਮੌਰ, ਕਾਂਗੜਾ ਅਤੇ ਸ਼ਿਮਲਾ ਆਦਿਕ ਅਸਥਾਨਾਂ ਤੇ ਵੀ ਸੈਮੀਨਾਰ ਕਰਵਾਏ ਜਾਣ।ਮਿਤੀ 26 ਅਤੇ 27 ਫਰਵਰੀ 2015 ਨੂੰ ਐਸ.ਜੀ.ਪੀ.ਸੀ ਦੇ ਲੱਗਭੱਗ 37 ਕਾਲਜਾਂ ਦੇ ਵਿਦਿਆਰਥੀਆਂ ਦਾ ਸਿੱਖ ਯੂਥ ਫੈਸਟੀਵਲ ਕਰਵਾਇਆ ਜਾਵੇਗਾ ਜਿਸ ਵਿੱਚ ਸਿੱਖ ਨੌਜਵਾਨਾਂ ਨੂੰ ਸਿੱਖੀ ਸਿਧਾਂਤਾਂ ਪ੍ਰਤੀ ਸੁਚੇਤ ਕੀਤਾ ਜਾਵੇਗਾ।ਪ੍ਰਧਾਨ ਸਾਹਿਬ ਸ੍ਰੋ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 350 ਸਾਲਾ ਸਥਾਪਨਾ ਦਿਵਸ ਦੇ ਸਮਾਗਮਾਂ ਸਮੇਂ ਸੰਗਤਾਂ ਦੀ ਸਹੂਲਤ ਲਈ ਲਗਾਏ ਜਾਣ ਵਾਲੇ ਲੰਗਰਾਂ ਸਬੰਧੀ ਲੰਗਰ ਸਬ ਕਮੇਟੀ ਦੀ ਮੀਟਿੰਗ ਵੀ ਹੋਈ ਜਿਸ ਵਿੱਚ ਸੰਤ ਬਾਬਾ ਲਾਭ ਸਿੰਘ ਜੀ, ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲੇ, ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ, ਬਾਬਾ ਬਲਬੀਰ ਸਿੰਘ ਬੁੱਢਾ ਦਲ ਸ਼ਾਮਲ ਹੋਏ।
ਇਸ ਤੋਂ ਬਿਨਾਂ ਮਿਤੀ 17 ਜੂਨ ਤੋਂ 19 ਜੂਨ 2015 ਤੱਕ ਵੱਡੀ ਪੱਧਰ ਤੇ ਕੀਰਤਨ ਸਮਾਗਮ, ਢਾਡੀ ਸਮਾਗਮ, ਕਵੀ ਸਮਾਗਮ ਅਤੇ ਕਥਾ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਸਿੱਖ ਯੂਥ ਨੂੰ ਜਾਗਰੂਕ ਕਰਨ ਲਈ 17 ਜੂਨ ਤੋਂ 19 ਜੂਨ 2015 ਤੱਕ ਹਾਕੀ ਮੁਕਾਬਲੇ, ਕਬੱਡੀ ਮੁਕਾਬਲੇ, ਗੱਤਕਾ ਤੇ ਘੋੜ ਸਵਾਰੀ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਬੀਬੀਆਂ ਦੀ ਕਾਨਫਰੰਸ ਵੀ ਕਰਵਾਈ ਜਾਵੇਗੀ। 350 ਸਾਲ ਸਥਾਪਨਾ ਦਿਵਸ ਦੇ ਸਬੰਧ ਵਿੱਚ ਯਾਦਗਾਰੀ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਜਾਣਗੇ।
ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਡਾ. ਗੁਰਮੋਹਨ ਸਿੰਘ ਵਾਲੀਆ ਵੀ.ਸੀ. ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਡਾ. ਧਰਮਿੰਦਰ ਸਿੰਘ ਉਭਾ ਡਾਇਰੈਕਟਰ ਐਜੂਕੇਸ਼ਨ ਸ੍ਰੋਕਮੇਟੀ, ਡਾ. ਬਲਵੰਤ ਸਿੰਘ ਢਿੱਲੋਂ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਅਮਰਜੀਤ ਸਿੰਘ ਪ੍ਰਿੰਸੀਪਲ, ਅਮਰਜੀਤ ਸਿੰਘ ਚਾਵਲਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਦਿਲਜੀਤ ਸਿੰਘ ਭਿੰਡਰ ਮੈਂਬਰ ਸ੍ਰੋਕਮੇਟੀ, ਵਿਸ਼ੇਸ ਤੌਰ ਤੇ ਸ੍ਰ. ਦਲਮੇਘ ਸਿੰਘ ਸਕੱਤਰ ਸ੍ਰੋਕਮੇਟੀ, ਬਲਵਿੰਦਰ ਸਿੰਘ ਜੋੜਾ ਐਡੀ. ਸਕੱਤਰ, ਜਗੀਰ ਸਿੰਘ ਮੀਤ ਸਕੱਤਰ, ਸੁਖਵਿੰਦਰ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਰਣਬੀਰ ਸਿੰਘ ਐਡੀ. ਮੈਨੇਜਰ, ਅਮਨਦੀਪ ਸਿੰਘ ਨਿੱਜੀ ਸਹਾਇਕ, ਲਖਵਿੰਦਰ ਸਿੰਘ, ਅਮਰੀਕ ਸਿੰਘ, ਦਰਸ਼ਨ ਸਿੰਘ ਮੀਤ ਮੈਨੇਜਰ ਸ਼ਾਮਲ ਸਨ।



