ਫਰੈਂਕਫਰਟ, 2 ਜੁਲਾਈ (ਪੀ. ਟੀ.)-ਸਿੱਖ ਫੈਡਰੇਸ਼ਨ ਜਰਮਨੀ ਨੇ ਆਖਿਆ ਹੈ ਕਿ ਭਾਰਤ ਦੇ ਸਿਆਸੀ ਪ੍ਰਬੰਧ, ਪੁਲਿਸ ਅਤੇ ਅਦਾਲਤਾਂ ਵੱਲੋਂ ਸਿੱਖਾਂ ਨਾਲ ਲਗਾਤਾਰ ਵਿਤਕਰਾ ਅਤੇ ਧੱਕਾ ਹੋ ਰਿਹਾ ਹੈ, ਜਿਸ ਨਾਲ ਸਿੱਖ ਭਾਈਚਾਰੇ ਨੂੰ ਫੇਰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਮੀਤ ਖਨਿਆਣ, ਸੀਨੀਅਰ ਮੀਤ ਪ੍ਰਧਾਨ ਗੁਰਦਿਆਲ ਸਿੰਘ ਲਾਲੀ, ਜਨਰਲ ਸਕੱਤਰ ਭਾਈ ਜਤਿੰਦਰਵੀਰ ਸਿੰਘ, ਪ੍ਰਧਾਨ ਭਾਈ ਬਲਕਾਰ ਸਿੰਘ ਦਿਓਣ, ਭਾਈ ਅਮਰਜੀਤ ਸਿੰਘ ਮੰਗੂਪੁਰ, ਭਾਈ ਜਸਵੀਰ ਸਿੰਘ ਨਾਭਾ, ਭਾਈ ਅਵਤਾਰ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਪਹਿਲਾਂ ਹਰਿਆਣਾ ਦੀ ਇੱਕ ਅਦਾਲਤ ਵੱਲੋਂ ਸੌਦਾ ਸਾਧ ਨਾਲ ਸਬੰਧਤ ਇੱਕ ਕੇਸ ਵਿੱਚ 7 ਨਿਰਦੋਸ਼ ਗੁਰਸਿੱਖਾਂ ਨੂੰ 7-7 ਸਾਲ ਦੀ ਸਜ਼ਾ ਦਿੱਤੀ ਗਈ। ਹੁਣ ਪੁਲਿਸ ਨੇ ਸਿਆਸੀ ਸ਼ਹਿ ‘ਤੇ ਸਿੱਖ ਪੰਥ ਦੇ ਮਹਾਨ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂ ਸਾਹਿਬ ਵਾਲਿਆਂ ਸਮੇਤ 15 ਹੋਰ ਗੁਰਸਿੱਖਾਂ ਨੂੰ ਇਰਾਦਾ ਕਤਲ ਕੇਸ ਵਿੱਚ ਝੂਠੇ ਤੌਰ ‘ਤੇ ਦੋਸ਼ੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਿੱਖ ਧਰਮ ਉੱਪਰ ਹਮਲਾ ਕਰਨ ਵਾਲੇ ਸੌਦਾ ਸਾਧ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ ਅਤੇ ਗੰਭੀਰ ਦੋਸ਼ਾਂ ਦੇ ਬਾਵਜੂਦ ਉਸ ਨੂੰ ਫੜਿਆ ਨਹੀਂ ਜਾ ਰਿਹਾ। ਉਨ੍ਹਾਂ ਆਖਿਆ ਕਿ ਅਜਿਹੀਆਂ ਕਾਰਵਾਈਆਂ ਨਾਲ ਦੇਸ਼-ਵਿਦੇਸ਼ ਵਿੱਚ ਸਿੱਖ ਸੰਗਤਾਂ ਅੰਦਰ ਭਾਰੀ ਰੋਸ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਸਰਕਾਰ ਦੇ ਅਜਿਹੇ ਰਵੱਈਏ ਦਾ ਸਖਤੀ ਨਾਲ ਟਾਕਰਾ ਕਰੇਗੀ ਅਤੇ ਬਾਬਾ ਜੀ ਸਮੇਤ ਸਾਰੇ ਗੁਰਸਿੱਖਾਂ ਦੀ ਸਲਾਮਤੀ ਲਈ ਹਰ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਬਾਬਾ ਜੀ ਅਤੇ ਦੂਸਰੇ ਗੁਰਸਿੱਖਾਂ ਖਿਲਾਫ਼ ਝੂਠੇ ਕੇਸਾਂ ਦਾ ਮਾਮਲਾ ਕੌਮਾਂਤਰੀ ਪੱਧਰ ‘ਤੇ ਵੀ ਉਠਾਇਆ ਜਾਵੇਗਾ। ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਅੱਗੇ ਆਉਣ ਤਾਂ ਜੋ ਸੌਦਾ ਸਾਧ ਦੀ ਸ਼ਹਿ ਉੱਪਰ ਸਰਕਾਰ ਵੱਲੋਂ ਸਿੱਖ ਭਾਈਚਾਰੇ ਨਾਲ ਹੋ ਰਹੇ ਧੱਕੇ ਦਾ ਕਰਾਰਾ ਜਵਾਬ ਦਿੱਤਾ ਜਾ ਸਕੇ।