ਝਬਾਲ, 9 ਫਰਵਰੀ (ਗੁਰਮੀਤ ਸਿੰਘ)- ‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’ ਅਜਿਹੇ ਸਲੋਗਣ ਸਰਕਾਰੀ ਸਕੂਲਾਂ ਦੀਆਂ ਕੰਧਾਂ ’ਤੇ ਪੜਨ ਨੂੰ ਭਾਂਵੇ ਆਮ ਹੀ ਦਿਖਾਈ ਦਿੰਦੇ ਹਨ ਪ੍ਰੰਤੂ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਵਿਦਿਆ ਵਿਚਾਰੀ ਦੀ ਦਸ਼੍ਹਾ ਪਾਰਦਰਸੀ ਹੈ ਜਾਂ ਸਕੂਲਾਂ ਦੀ ਹਾਲਤ ਸਰਕਾਰੀ ਦਾਵਿਆਂ ਨੂੰ ਸੱਚੇ ਸਾਬਤ ਕਰ ਰਹੀ ਹੈ? ਅਜਿਹਾ ਹੀ ਜੁਆਬ ਤਰਾਸ਼ਨ ਦੀ ਕਤਾਰ ਵਿਚ ਖੜ੍ਹਾ ਜਿਲ੍ਹਾ ਤਰਨ ਤਾਰਨ ਦੇ ਸਰਹੱਦੀ ਪਿੰਡ ਠੱਟਾ ਦਾ ਸਰਕਾਰੀ ਮਿਡਲ ਸਕੂਲ ਵੀ ਆਪਣੀ ਬਦਕਿਸਮਤੀ ’ਤੇ ਪਛਤਾ ਰਿਹਾ ਹੈ। ਅੰਮ੍ਰਿਤਸਰ ਮੁੱਖ ਮਾਰਗ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਮਾਰਗ ਦੇ ਐਨ ਨਜਦੀਕ ਬਣਿਆ ਇਹ ਸਕੂਲ ਦਹਾਕਿਆਂ ਤੋਂ ਆਪਣੀ ਬਦਤਰ ਹਲਾਤਾਂ ਵਿਚ ਅੱਜ ਵੀ-ਅੱਜ ਵੀ ਸੁਧਾਰ ਹੋਣ ਦੇ ਸੁਫਨਿਆਂ ’ਚ ਸੂਬਾ ਸਰਕਾਰ ਅਤੇ ਸਰਕਾਰ ਦੇ ਨੁਮਾਇਦਿੰਆਂ ਦੀ ਅਣਦੇਖੀ ਦਾ ਸਿਕਾਰ ਹੋਇਆ ਹਿਆ ਹੈ। ਤਰਾਸ਼ਦੀ ਇਹ
ਹੈ ਸਕੂਲ ਦੀ ਨਾ ਤਾਂ ਚਾਰ ਦੁਆਰੀ ਹੀ ਹੈ, ਨਾ ਹੀ ਮੁੱਖ ਗੇਟ ਅਤੇ ਨਾ ਹੀ ਸਕੂਲ ਦੇ ਵਿਚ ਜਾਣ ਲਈ ਕੋਈ ਰਸਤਾ ਹੈ। ਇਥੇ ਸਭ ਤੋਂ ਦਿਲਚਸਪ ਅਤੇ ਸ਼ਿਤਮ ਵਾਲੀ ਗੱਲ ਇਹ ਹੈ ਕਿ ਸਕੂਲ ਸਬੰਧੀ ਇਹ ਨਹੀ ਪਤੈ ਕਿ ਸਕੂਲ ’ਚ ਛੱਪੜ ਹੈ ਜਾਂ ਛੱਪੜ ਵਿਚ ਸਕੂਲ ਬਣਿਆ ਹੈ। ਸਕੂਲ ਜਾਣ ਸਮੇਂ ਬੱਚੇ ਅਤੇ ਅਧਿਆਪਕ ਆਪਣੇ ਕੱਪੜੇ ਟੰਗ ਕੇ ਗੰਦੇ ਪਾਣੀ ਵਿਚੋਂ ਦੀ ਲੰਘ ਕੇ ਸਕੂਲ ਜਾਦੇਂ ਹਨ। ਸਕੂਲ ਦੇ ਮੁੱਖ ਅਧਿਆਪਕ ਪ੍ਰਿਥਵੀ ਵਿਲਭ ਸੂਦ ਦੀ ਜੇਕਰ ਮੰਨੀਏ ਤਾਂ ਬਾਰਸ ਹੋਣ ਉਪਰੰਤ ਸਕੂਲ ਪਾਣੀ ਵਿਚ ਡੁੱਬ ਜਾਦਾਂ ਹੈ ਅਤੇ ਕਈ ਕਈ ਦਿਨ ਉਨ੍ਹਾਂ ਨੂੰ ਆਸ-ਪਾਸ ਦੇ ਖੇਤਾਂ ਦੀਆਂ ਪਗਡੰਡੀਆਂ ਉਪਰੋਂ ਦੀ ਲੰਘ ਕੇ ਸਕੂਲ ਵਿਚ ਜਾਣਾ ਪੈਦਾਂ ਹੈ। ਉਨ੍ਹਾਂ ਮੁਤਾਬਕ ਸਾਲ 2011 ਤੋਂ ਲੈ ਕਿ ਹੁਣ ਤੱਕ ਅਨੇਕਾਂ ਹੀ ਵਾਰ ਜਿਲ੍ਹਾ ਸਿਖਿਆ ਵਿਭਾਗ ਨੂੰ ਇਸ ਸਬੰਧੀ ਲਿਖਿਆ ਜਾ ਚੁੱਕਾ ਹੈ ਪ੍ਰੰਤੂ ਉਨ੍ਹਾਂ ਦੇ ਸਕੂਲ ਦੀ ਕਿਸੇ ਵੀ ਵਾਤ ਲੈਣੀ ਮੁਨਾਸਿਬ ਨਹੀ ਸਮਝੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਵਿਚ ਕਰੀਬ 75 ਬੱਚੇ ਵਿਦਿਆ ਹਾਸਲ ਕਰ ਰਿਹੇ ਹਨ ਜਿੰਨ੍ਹਾਂ ਨੂੰ ਕੇਵਲ ਚਾਰ ਅਧਿਆਪਕ ਹੀ ਪੜ੍ਹਾ ਰਿਹੇ ਹਨ ਜਦੋਂ ਕਿ ਤਿੰਨ ਅਧਿਆਪਕਾਂ ਦੀ ਜਿਥੇ ਹੋਰ ਲੋੜ ਹੈ ਉਥੇ ਹੀ ਸਕੂਲ ਵਿਖੇ ਪੰਜਾਬੀ ਸਬਜੈਕਟ ਦਾ ਅਧਿਆਪਕ ਵੀ ਤਾਇਨਾਤ ਨਹੀ ਹੈ। ਖਸਤਾ ਹਾਲਤ ਸਕੂਲ ਦੀ ਇਮਾਰਤ ਇਸ ਗੱਲ ਦੀ ਪੁਸਟੀ ਕਰ ਰਹੀ ਹੈ ਕਿ ਇਸ ਸਕੂਲ ਵਿਚ ਜਿਥੇ ਅਧਿਆਪਕ ਅਤੇ ਬੱਚੇ ਅਸੁਰੱਖਿਅਤ ਹਨ ਉਥੇ ਹੀ ਸਕੂਲ ਵਿਚ ਪਏ ਲੱਖਾਂ ਰੁਪਏ ਦੇ ਸਰਕਾਰੀ ਸਰਮਾਏ ਦਾ ਵੀ ਰੱਬ ਹੀ ਰਾਖਾ ਹੈ।
ਸਕੂਲ ਸਬੰਧੀ ਮੰਗਵਾਈ ਗਈ ਹੈ ਰਿਪੋਰਟ-ਜਿਲ੍ਹਾ ਸਿਖਿਆ ਅਫਸਰ- ਜਿਲ੍ਹਾ ਸਿਖਿਆ ਅਧਿਕਾਰੀ ਸੈਕੰਡਰੀ ਪ੍ਰਮਜੀਤ ਸਿੰਘ ਨਾਲ ਸਪੰਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਕਤ ਸਕੂਲ ਸਬੰਧੀ ਉਨ੍ਹਾਂ ਵੱਲੋਂ ਸਕੂਲ ਦੇ ਮੁੱਖ ਅਧਿਆਪਕ ਪਾਸੋਂ ਸਾਰੀ ਰਿਪੋਰਟ ਮੰਗਵਾਈ ਗਈ ਹੈ ਕਿ ਸਕੂਲ ਵਿਚ ਕੀ ਘਾਟਾਂ ਹਨ ਅਤੇ ਸਕੂਲ ਦੇ ਨਿਰਮਾਣ ਲਈ ਕਿੰਨੀ ਗ੍ਰਾਂਟ ਦੀ ਜਰੂਰਤ ਹੈ। ਜੋ ਸਾਰੀ ਰਿਪੋਰਟ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।
ਸੁਧਰੇਗੀ ਸਕੂਲ ਦੀ ਹਾਲਤ-ਡਾ.ਦਲਜੀਤ ਸਿੰਘ ਚੀਮਾਂ- ਪੰਜਾਬ ਦੇ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਨਾਲ ਸਪੰਰਕ ਕਰਨ ’ਤੇ ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਉਕਤ ਸਕੂਲ ਜੇਕਰ ਸਕੂਲ ਡਿਮਾਂਡ ਵਾਲੀ ਲਿਸਟ ਵਿਚ ਪਾਇਆ ਗਿਆ ਹੋਇਆ ਤਾਂ ਬਿਨਾਂ ਦੇਰੀ ਕੀਤਿਆਂ ਉਕਤ ਸਕੂਲ ਦੀ ਹਾਲਤ ਨੂੰ ਸੁਧਾਰਨ ਲਈ ਯੋਗ ਕਦਮ ਚੁੱਕੇ ਜਾਣਗੇ ਪ੍ਰੰਤੂ ਜੇਕਰ ਉਕਤ ਲਿਸਟ ਵਿਚ ਸਕੂਲ ਦਾ ਨਾਂਅ ਦਰਜ ਨਾ ਹੋਇਆ ਨਾ ਪਾਇਆ ਗਿਆ ਤਾਂ ਫਿਰ ਵੀ ਉਕਤ ਸਕੂਲ ਨੂੰ ਪਹਿਲ ਦੇ ਅਧਾਰ ’ਤੇ ਉਨ੍ਹਾਂ ਵੱਲੋਂ ਲਿਆ ਜਾਵੇਗਾ। ਚੀਮਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਤਰੁੰਤ ਉਕਤ ਸਕੂਲ ਦੀ ਸਬੰਧੀ ਸਾਰੀ ਰਿਪੋਰਟ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਤਰਨ ਤਾਰਨ ਪਾਸੋਂ ਮੰਗਵਾਈ ਜਾਵੇਗੀ।



