ਸੰਗਰੂਰ, 6 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਮੋਬਾਇਲ ’ਤੇ ਪਿਆਰ ਦੀਆਂ ਗੱਲਾਂ ਕਰ ਕੇ ਪਛਾਣ ਬਣਾਉਣ ਤੋ ਬਾਅਦ ਇੱਕ ਨੌਜਵਾਨ ਨੂੰ ਡਰਾ ਧਮਕਾ ਕੇ ਪੈਸੇ ਹੜੱਪਣ ਦੇ ਦੋਸ਼ ਹੇਠ ਥਾਣਾ ਸਿਟੀ ਪੁਲੀਸ ਨੇ ਇੱਕ ਲੜਕੀ ਸਮੇਤ ਚਾਰ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ।
ਜ਼ਿਲ੍ਹਾ ਬਰਨਾਲਾ ਦੇ ਪਿੰਡ ਸਪਾਲ ਕਲਾਂ ਵਾਸੀ ਇਕਬਲਾ ਸਿੰਘ ਨੇ ਥਾਣਾ ਸਿਟੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ ਉਸ ਦੇ ਮੋਬਾਇਲ ’ਤੇ ਇੱਕ ਲੜਕੀ ਦਾ ਫੋਨ ਆਇਆ ਜਿਸਨੇ ਉਸ ਨੂੰ ਦੱਸਿਆ ਕਿ ਫੋਨ ਗਲਤੀ ਨਾਲ ਲੱਗ ਗਿਆ ਹੈ। ਕੁਝ ਸਮੇਂ ਬਾਅਦ ਉਸ ਦਾ ਮੁੜ ਫੋਨ ਆਇਆ ਅਤੇ ਉਹ ਪਿਆਰ ਦੀਆਂ ਗੱਲਾਂ ਕਰਨ ਲੱਗੀ। ਉਸ ਨੇ ਫੋਨ ’ਤੇ ਆਪਣਾ ਨਾਂ ਨਿੱਕੀ ਦੱਸਿਆ ਜਿਸ ਤੋਂ ਬਾਅਦ ਕਈ ਵਾਰ ਲੜਕੀ ਨੇ ਫੋਨ ’ਤੇ ਉਸ ਨਾਲ ਗੱਲਬਾਤ ਕੀਤੀ ।ਇੱਕ ਹਫ਼ਤਾ ਪਹਿਲਾਂ ਉਹ ਆਪਣੀ ਕਾਰ ਰਾਹੀਂ ਚੰਡੀਗੜ੍ਹ ਤੋਂ ਪਿੰਡ ਵਾਪਸ ਆ
ਰਿਹਾ ਸੀ। ਇਸ ਦੌਰਾਨ ਉਸ ਨੂੰ ਲੜਕੀ ਦਾ ਫੋਨ ਆਇਆ ਕਿ ਉਹ ਰਾਜਪੁਰਾ ਬੱਸ ਸਟੈਂਡ ’ਤੇ ਹੈ ਤੇ ਉਸ ਨੇ ਪਟਿਆਲਾ ਜਾਣਾ ਹੈ। ਸ਼ਿਕਾਇਤਕਰਤਾ ਨੇ ਲੜਕੀ ਨੂੰ ਆਪਣੇ ਨਾਲ ਲਿਜਾਣ ਲਈ ਆਖਿਆ ਜਿਸ ’ਤੇ ਉਹ ਰਾਜਪੁਰੇ ਤੋਂ ਸਵਾਰ ਹੋ ਕੇ ਉਸ ਨਾਲ ਪਟਿਆਲੇ ਆ ਗਈ ਜਿੱਥੇ ਉਸ ਨੇ ਲੜਕੀ ਨੂੰ ਛੱਡ ਦਿੱਤਾ।
ਸੋਮਵਾਰ ਨੂੰ ਲੜਕੀ ਦਾ ਮੁੜ ਫੋਨ ਆਇਆ ਤੇ ਉਸ ਨੂੰ ਚੰਡੀਗੜ੍ਹ ਮਿਲਣ ਲਈ ਆਖਿਆ ਪਰ ਉਸ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਸੰਗਰੂਰ ਆਉਣ ਲਈ ਆਖਿਆ। ਉਹ ਸੰਗਰੂਰ ਬੱਸ ਸਟੈਂਡ ਪਹੁੰਚ ਗਈ ਅਤੇ ਉਹ ਵੀ ਆਪਣੀ ਕਾਰ ਲੈ ਕੇ ਸੰਗਰੂਰ ਬੱਸ ਸਟੈਂਡ ਪੁੱਜ ਗਿਆ। ਉਹ ਲੜਕੀ ਨੂੰ ਕਾਰ ’ਚ ਬੈਠਾ ਕੇ ਚਾਹ ਪਾਣੀ ਪਿਲਾਉਣ ਲਈ ਉਹ ਧੂਰੀ ਰੋਡ ’ਤੇ ਚਲਾ ਗਿਆ ਜਿੱਥੇ ਇੱਕ ਕਾਰ ਵਿੱਚ ਸਵਾਰ ਕੁਝ ਨੌਜਵਾਨਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ ਤੇ ਉਸ ਨੂੰ ਕਾਰ ’ਚੋਂ ਬਾਹਰ ਨਿਕਲਣ ਦਾ ਇਸ਼ਾਰਾ ਕਰਨ ਲੱਗੇ ਪਰ ਉਸਨੇ ਕਾਰ ਦੀ ਟਾਕੀ ਨਹੀਂ ਖੋਲ੍ਹੀ ਅਤੇ ਕਾਰ ਨੂੰ ਸ਼ਹਿਰ ਵੱਲ ਭਜਾ ਲਿਆ ।ਲੜਕੀ ਨੇ ਦੱਸਿਆ ਕਿ ਇਹ ਨੋੌਜਵਾਨ ਰਿਸ਼ਤੇਦਾਰੀ ’ਚੋਂ ਉਸ ਦਾ ਭਰਾ ਅਤੇ ਉਸ ਦੇ ਦੋਸਤ ਹਨ। ਜਿਸ ਕਾਰਨ ਉਸ ਨੇ ਭਗਤ ਸਿੰਘ ਚੌਕ ਵਿੱਚ ਕਾਰ ਰੋਕ ਕੇ ਨੌਜਵਾਨਾਂ ਨਾਲ ਗੱਲ ਕੀਤੀ। ਨੌਜਵਾਨਾਂ ਨੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਲੜਕੀ ਨੂੰ ਗਲਤ ਨੀਅਤ ਨਾਲ ਕਾਰ ’ਚ ਬਿਠਾ ਕੇ ਲਿਜਾ ਰਿਹਾ ਹੈ ਅਤੇ ਮਾਮਲਾ ਠੱਪ ਕਰਨ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਉਸ ਨੇ ਡਰ ਕਾਰਨ ਨੌਜਵਾਨਾਂ ਨੂੰ 10 ਹਜ਼ਾਰ ਰੁਪਏ ਦੇ ਦਿੱਤੇ ਅਤੇ ਬਾਕੀ ਬਾਅਦ ਵਿੱਚ ਦੇਣਦਾ ਭਰੋਸਾ ਦਿੱਤਾ। ਨੌਜਵਾਨਾਂ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਣ ’ਤੇ ਜਾਨੋ ਮਾਰਨ ਦੀ ਧਮਕੀ ਦਿੱਤੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਲੜਕੀ ਅਤੇ ਨੌਜਵਾਨਾਂ ਨੇ ਸਾਜਿਸ਼ ਤਹਿਤ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਥਾਣਾ ਸਿਟੀ ਪੁਲੀਸ ਦੇ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਲੜਕੀ ਸਮੇਤ ਚਾਰ ਜਣਿਆਂ ਖ਼ਿਲਾਫ ਆਈਪੀਸੀ ਦੀ ਧਾਰਾ 384,506 ਤੇ 34 ਤਹਿਤ ਕੇਸ ਦਰਜ ਕਰਕੇ ਲੜਕੀ ਨਿੱਕੀ, ਅਬਦੁਲ ਮਜੀਦ ਵਾਸੀ ਅਮਰਗੜ੍ਹ ਤੇ ਜਗਤਾਰ ਸਿੰਘ ਉਰਫ਼ ਜੱਗੀ ਵਾਸੀ ਤੋਲਾਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਮੁਲਜ਼ਮ ਗੁਰਵਿੰਦਰ ਸਿੰਘ ਗੋਗੀ ਅਜੇ ਫਰ ਹੈ।



