June 20, 2026 2:16 pm

ਦੋਸ਼ੀ ਨੂੰ ਕੇਵਲ ਧਾਰਮਿਕ ਸਜ਼ਾ ਹੀ ਦਿੱਤੀ ਜਾ ਸਕਦੀ ਹੈ : ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 2 ਅਗਸਤ (ਨਰਿੰਦਰ ਪਾਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਚਰਨਜੀਤ ਸਿੰਘ ਨਾਮੀ ਇਕ ਵਿਅਕਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਟੈਚੀ ਕੇਸਾਂ ਵਿਚ ਪੈਕ ਕਰਕੇ ਲਿਜਾਣ ਦਾ ਮਾਮਲਾ ਧਾਰਮਿਕ ਅਵੱਗਿਆ ਨਾਲ ਜੁੜਿਆ ਮਾਮਲਾ ਹੈ ਤੇ ਇਸ ਵਿਚ ਧਾਰਾ 295 ਏ ਤਹਿਤ ਪੁਲਿਸ ਕੇਸ ਦਰਜ ਕਰਵਾਏ ਜਾਣ ਵਾਲੀ ਕੋਈ ਗੱਲ ਨਹੀਂ ਹੈ।
makker
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਚਰਨਜੀਤ ਸਿੰਘ ਨੇ ਅਟੈਚੀ ਕੇਸਾਂ ਵਿਚ ਸਰੂਪ ਪੈਕ ਕਰਕੇ ਲਿਜਾਏ ਜਾਣ ਦੀ ਗਲਤੀ ਕੀਤੀ ਹੈ ਲੇਕਿਨ ਪੁਲਿਸ ਇਸ ਮਾਮਲੇ ਨੂੰ ਅਸਥਾਨ ਦੀ ਬਿਨਾ ‘ਤੇ ਕੇਸ ਦਰਜ ਕਰਨ ਤੋਂ ਸੰਕੋਚ ਕਰ ਰਹੀ ਸੀ। ਚਰਨਜੀਤ ਸਿੰਘ ਆਪਣੀ ਗਲਤੀ ਸਿੰਘ ਸਾਹਿਬ ਪਾਸ ਵੀ ਮੰਨ ਗਿਆ ਸੀ ਇਸ ਲਈ ਇਸ ਕੇਸ ਵਿਚ ਉਸਨੂੰ ਧਾਰਮਿਕ ਸਜ਼ਾ ਹੀ ਦਿੱਤੀ ਜਾ ਸਕਦੀ ਹੈ। ਕੈਲੇਫੋਰਨੀਆ ਦੇ ਇਕ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਜਥੇ. ਮੱਕੜ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਭਾਰਤ ਸਰਕਾਰ ਤੇ ਅਮਰੀਕਾ ਸਰਕਾਰ ਨੂੰ ਵੀ ਲਿਖ ਰਹੇ ਹਨ। ਉਨ੍ਹਾਂ ਕਿਹਾ ਹੁਣ ਵਿਦੇਸ਼ਾਂ ਵਿਚ ਸਿੱਖ ਦੀ ਪਹਿਚਾਣ ਦਾ ਕੋਈ ਰੌਲਾ ਨਹੀ ਹੈ, ਅਮਰੀਕਾ ਦੀ ਓਬਾਮਾ ਸਰਕਾਰ ਵਿਚ ਸਿੱਖ ਸਲਾਹਕਾਰ ਹਨ ,ਕਈ ਦੇਸ਼ਾਂ ਵਿਚ ਮੁਖ ਮੰਤਰੀ ,ਮੰਤਰੀ ,ਵਕੀਲ ,ਇੰਜੀਨੀਅਰ ਹਨ ਲੇਕਿਨ ਹੋ ਰਹੇ ਹਮਲੇ ਕੁਝ ਸਿਰਫਿਰੇ ਲੋਕਾਂ ਦਾ ਕੰਮ ਹੈ ।ਸ੍ਰੀ ਦਰਬਾਰ ਸਾਹਿਬ ਵਿਖੇ ਸੋਨੇ ਅਤੇ ਨਕਾਸ਼ੀ ਦੀ ਸੇਵਾ ਕਾਰ ਸੇਵਾ ਵਾਲੇ ਬਾਬਿਆਂ ਦੀ ਬਜਾਏ ਕਿਸੇ ਮਾਹਿਰ ਪਾਸੋਂ ਕਰਵਾਏ ਜਾਣ ਦੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦੇ ਬਿਆਨ ਤੇ ਟਿਪਣੀ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੂਲ ਕਾਰਜ ਤਾਂ ਕਾਰੀਗਰਾਂ ਨੇ ਹੀ ਕਰਨਾ ਹੈ ,ਮੈਟੀਰੀਅਲ ,ਡੀਜਾਇਨ ਅਤੇ ਨਵੀਨਤਮ  ਤਕਨੀਤ ਦੀ ਸਲਾਹ ਹੀ ਮਾਹਿਰ ਦੇ ਸਕਦੈ ਅਤੇ ਕਮੇਟੀ ਮਾਹਿਰਾਂ ਦੀ ਰਾਏ ਲੈ ਵੀ ਰਹੀ ਹੈ ।ਉਨ੍ਹਾਂ ਕਿਹਾ ਕਿ ਗੁਰਦੁਅਰਾ ਬਾਬਾ ਅਟੱਲ ਰਾਏ ,ਬੁੰਗਾ ਰਾਮਗੜ੍ਹੀਆ ,ਦੀਵਾਨ ਟੋਡਰ ਮੱਲ ਦੀ ਹਵੇਲੀ ਦਾ ਕੰਮ ਵੀ ਮਾਹਿਰਾਂ ਦੀ ਰਾਏ ਅਨੁਸਾਰ ਹੀ ਹੋਇਆ ਹੈ ਲੇਕਿਨ ਸੁਰਖੀਆਂ ਵਿਚ ਆਣ ਲਈ ਕੀਤੇ ਗਏ ਕਿੰਤੂ ਪ੍ਰਤੂੰ ਬਾਰੇ ਉਹ ਕੁਝ ਨਹੀ ਕਹਿ ਸਕਦੇ ।ਗੁਜਰਾਤ ਵਿਚ ਸਿੱਖਾਂ ਨੂੰ ਜਮੀਨ ਛੱਡਣ ਬਾਰੇ ਮੋਦੀ ਸਰਕਾਰ ਦੇ ਦਿੱਤੇ ਆਦੇਸ਼ ਤੇ ਟਿਪਣੀ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਉਹ ਪਹਿਲਾਂ ਵੀ ਮੋਦੀ ਸਰਕਾਰ ਨੂੰ ਪੱਤਰ ਲਿਖ ਚੁਕੇ ਹਨ ਤੇ ਦੋਬਾਰਾ ਵੀ ਲਿਖ ਰਹੇ ਹਨ। ਇਕ ਸਵਾਲ ਦੇ ਜਵਾਬ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਜਪਾ ਜੇ ਅਕਾਲੀ ਦਲ ਦੀ ਭਾਈਵਾਲ ਹੈ ਤਾਂ ਉਸਨੂੰ ਸਾਡੀ ਸੁਨਣੀ ਹੀ ਪਵੇਗੀ ।ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਵੱੱਧ ਰਹੇ ਪ੍ਰਦੂਸ਼ਣ ਲਈ ਸਥਾਨਕ ਜਿਲ੍ਹਾ ਪ੍ਰਸ਼ਾਸ਼ਨ ਨੂੰ ਦੋਸ਼ੀ ਦਸਦਿਆਂ ਸ੍ਰ ਮੱਕੜ ਨੇ ਕਿਹਾ ਕਿ ਪ੍ਰਸ਼ਾਸ਼ਨ ,ਪ੍ਰਦੂਸ਼ਣ ਘਟਾਉਣ ਲਈ ਤਾਂ ਕੁਝ ਨਹੀ ਕਰ ਰਿਹਾ ਲੇਕਿਨ ਇਸਦੀ ਨੱਕ ਹੇਠ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਧੜਾਧੜ ਹੋਟਲ ਜਰੂਰ ਉਸਰ ਰਹੇ ਹਨ ।ਵੱਧ ਰਹੀ ਵਾਹਨਾਂ ਦੀ ਗਿਣਤੀ ਤੇ ਮੂਵਮੈਂਟ ਬਾਰੇ ਪੁਛੇ ਜਾਣ ਤੇ ਸ੍ਰ ਮੱਕੜ ਨੇ ਕਿਹਾ ਕਿ ਉਹ ਤਾਂ ਆਪਣੀ ਗੱਡੀ ਬਾਹਰ ਮੁਖ ਗੇਟ ਤੇ ਛੱਡਣ ਲਈ ਵੀ ਤਿਆਰ  ਹਨ ਲੇਕਿਨ ਪ੍ਰਸ਼ਾਂਸ਼ਨ ਵੀ ਆਪਣੀ ਜਿੰਮੇਵਾਰੀ ਨਿਭਾਵੇ ।ਸ੍ਰ ਮੱਕੜ ਨੇ ਕਿਹਾ ਜੇਕਰ ਪ੍ਰਸ਼ਾਸ਼ਨ ਨੇ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਘੜਮੱਸ ਹੀ ਪਾਉਣੀ ਸੀ ਤਾਂ ਗਲਿਆਰਾ ਯੋਜਨਾ ਤਹਿਤ ਕਰੋੜਾਂ ਰੁਪਏ ਖਰਚਣ ਤੇ ਲੋਕਾਂ ਨੂੰ ਉਜਾੜਣ ਦਾ ਕੀ ਤਰਕ ਸੀ।

Send this to a friend