ਫ਼ਰੀਦਕੋਟ, 4 ਫਰਵਰੀ (ਜਸਬੀਰ ਜੱਸੀ)- ਪ੍ਰਸ਼ਾਸ਼ਨ ਵੱਲੋਂ 15 ਸਾਲ ਪੁਰਾਣੇ ਵਾਹਨਾਂ ਨੂੰ ਸੜਕਾਂ ਉੱਪਰ ਚੱਲਣ ਤੋਂ ਰੋਕਣ ਦੇ ਲਏ ਫੈਸਲੇ ਮਗਰੋਂ ਜਿਲ੍ਹੇ ਦੇ ਸੈਂਕੜੇ ਸਕੂਲਾਂ ਦੇ ਚਾਲਕ ਹੜਤਾਲ ’ਤੇ ਚਲੇ ਗਏ ਹਨ ਜਿਸ ਕਰਕੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਹਾਤੀ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਸਮੇਂ ਸਿਰ ਸਕੂਲ ਪੁੱਜਣ ਵਿੱਚ ਜ਼ਿਆਦਾ ਦਿੱਕਤ ਆ ਰਹੀ ਹੈ। ਦੋ ਦਿਨ ਪਹਿਲਾਂ ਜਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਉਹਨਾਂ ਸਾਰੀਆਂ ਸਕੂਲ ਵੈਨਾਂ ਨੂੰ ਚੱਲਣ ਤੋਂ ਰੋਕ ਦਿੱਤਾ ਸੀ ਜੋ 15 ਸਾਲ ਤੋਂ ਵੱਧ ਪੁਰਾਣੀਆਂ ਹਨ ਜਾਂ ਮੋਟਰ ਵਹੀਕਲ ਐਕਟ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ। ਸਕੂਲ ਵੈਨ ਤੇ ਬੱਸ ਓਪਰੇਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਵਿੰਦਰਪਾਲ ਸਿੰਘ ਅਤੇ ਜਿਲ੍ਹਾ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸ਼ਨ ਖੁਦ ਵੀਹ ਸਾਲ ਪੁਰਾਣੇ ਵਾਹਨ ਚਲਾ ਰਿਹਾ ਹੈ। ਉਹਨਾਂ ਕਿਹਾ ਕਿ ਸੜਕ ਹਾਦਸਿਆਂ ਲਈ ਪ੍ਰਸ਼ਾਸ਼ਨ ਅਤੇ ਸਰਕਾਰ
ਜਿੰਮੇਵਾਰ ਹੈ। ਐਸੋਸੀਏਸ਼ਨ ਨੇ ਇਹ ਵੀ ਦੋਸ਼ ਲਾਇਆ ਹੈ ਕਿ ਸਕੂਲ ਵਾਹਨ ਸਾਰੀਆਂ ਮੁੱਢਲੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਜਿਲ੍ਹਾ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਇਮਤਿਹਾਨ ਨਜ਼ਦਕੀ ਹਨ ਅਤੇ ਅਜਿਹੇ ਸਮੇਂ ਵਿੱਚ ਵਾਹਨਾਂ ’ਤੇ ਪਾਬੰਦੀ ਲਾਉਣ ਨਾਲ ਵਿਦਿਆਰਥੀਆਂ ਦਾ ਭਾਰੀ ਨੁਕਸਾਨ ਹੋਵੇਗਾ। ਐਸੋਸੀਏਸ਼ਨ ਦੇ ਵਫ਼ਦ ਨੂੰ ਇਸ ਸੰਬੰਧੀ ਡਿਪਟੀ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ ਅਤੇ ਵਾਹਨਾਂ ’ਤੇ ਪਾਬੰਦੀ ਹਟਾਉਣ ਦੀ ਮੰਗ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਅਤੇ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੀ ਰੌਸ਼ਨੀ ਵਿੱਚ ਇਸ ਸਮੱਸਿਆ ਦਾ ਕੋਈ ਹੱਲ ਲੱਭ ਲਿਆ ਜਾਵੇਗਾ। ਫਰੀਦਕੋਟ ਸ਼ਹਿਰ ਵਿੱਚ ਅੱਜ ਸਕੂਲ ਵੈਨਾਂ ਦੀ ਹੜਤਾਲ ਹੋਣ ਕਾਰਨ ਮਾਪਿਆਂ ਨੂੰ ਬੱਚੇ ਨਿੱਜੀ ਵਾਹਨਾਂ ’ਤੇ ਸਕੂਲ ਛੱਡਣ ਆਉਣਾ ਪਿਆ ਜਿਸ ਕਰਕੇ ਸ਼ਹਿਰ ਵਿੱਚ ਟਰੈਫ਼ਿਕ ਜਾਮ ਵਰਗੀ ਸਥਿੱਤੀ ਬਣੀ ਰਹੀ। ਫਰੀਦਕੋਟ ਸ਼ਹਿਰ ਵਿੱਚ 112 ਦੇ ਕਰੀਬ ਵੈਨਾਂ ਵਿਦਿਆਰਥੀਆਂ ਨੂੰ ਸਕੂਲ ਲੈ ਕੇ ਆਉਂਦੀਆਂ ਸਨ।



