ਸੰਗਰੂਰ, 4 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਜਾ ਕੇ ਵਸੇ ਨਜ਼ਦੀਕੀ ਪਿੰਡ ਰੁਲਦੂ ਸਿੰਘ ਵਾਲਾ ਦੇ ਜੰਮਪਾਲ ਅਤੇ ਪਾਕਿਸਤਾਨ ਦੀ ਕੋੌਮੀ ਅਸੈਂਬਲੀ ਦੇ ਮੈਂਬਰ ਹਾਜ਼ੀ ਮੁਹੰਮਦ ਅਕਰਮ ਅੰਸਾਰੀ ਅੱਜ ਆਪਣੀ ਪਤਨੀ ਨਾਲ ਆਪਣੇ ਜ਼ੱਦੀ ਪਿੰਡ ਰੁਲਦੂ ਸਿੰਘ ਵਾਲਾ ਵਿਖੇ ਪੁੱਜੇ , ਜਿੱਥੇ ਪਿੰਡ ਦੇ ਲੋਕਾਂ ਵੱਲੋਂ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਵੱਲੋਂ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਪਿੰਡ ਵਾਸੀਆਂ ਨੇ ਆਏ ਮਹਿਮਾਨਾਂ ਨੂੰ ਸਿਪਾਓ ਦੇ ਕੇ ਸਨਮਾਨਿਤ ਕੀਤਾ। ਇਸ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਅੱਜ ਉਹ ਪਾਕਿਸਤਾਨ ਵਿੱਚ ਵਸ ਗਏ ਹਨ ਪਰ ਉਨ੍ਹਾਂ ਦੀਆਂ ਭਾਵਨਾਵਾਂ ਇਸੇ ਪਿੰਡ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਦੋਵੇਂ ਦੇਸ਼ਾਂ ਦੀ ਵੰਡ ਹੋਣ ਤੋਂ ਬਾਅਦ ਸਰਹੱਦਾਂ ਬਣ ਗਈਆਂ ਹਨ ਪਰ
ਮੇਰੇ ਦਿਲ ਵਿੱਚ ਇਥੋਂ ਦੀ ਮਿੱਟੀ ਦੀ ਖੂਸ਼ਬੂ ਕਦੇ ਵੀ ਨਹੀਂ ਜਾਣੀ। ਆਪਣੇ ਬਚਪਨ ਦੀਆਂ ਯਾਦਾਂ ਨੂੰ ਫਰੋਲਦਿਆਂ ਉਨ੍ਹਾਂ ਦੱਸਿਆ ਕਿ ਉਹ ਇਸੇ ਪਿੰਡ ਵਿੱਚ ਜੰਮੇ ਤੇ ਉਨ੍ਹਾਂ ਦਾ ਬਚਪਨ ਇਸੇ ਪਿੰਡ ਦੀਆਂ ਗਲੀਆਂ ਵਿੱਚ ਖੇਡਦੇ ਹੋਏ ਬੀਤਿਆ ਹੈ। ਇਸ ਦੌਰਾਨ ਪਿੰਡ ਦੇ ਸਰਪੰਚ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੇ ਜੰਮਪਾਲ ਵੱਲੋਂ ਪਾਕਿਸਤਾਨ ਵਿੱਚ ਵੱਡਾ ਰੁਤਬਾ ਹਾਸਿਲ ਕਰਨਾ ਪਿੰਡ ਲਈ ਮਾਣ ਵਾਲੀ ਗੱਲ ਹੈ ਤੇ ਪਿੰਡ ਨੂੰ ਉਨ੍ਹਾਂ ਦੇ ਇੱਥੇ ਆਉਣ ’ਤੇ ਬਹੁਤ ਹੀ ਫ਼ਕਰ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਜਸਵੀਰ ਸਿੰਘ, ਮੇਵਾ ਸਿੰਘ, ਅਜੀਤ ਸਿੰਘ, ਗੁਰਮੇਲ ਸਿੰਘ , ਕਰਮ ਸਿੰਘ, ਅਜੈਬ ਸਿੰਘ ਅਤੇ ਹੋਰ ਵੀ ਹਾਜ਼ਰ ਸਨ।



