ਝਬਾਲ, 2 ਫਰਵਰੀ (ਗੁਰਮੀਤ ਸਿੰਘ)- ਕਸਬਾ ਝਬਾਲ ਅੰਦਰ ਜਿਥੇ ਕਾਲੇ ਸੀਸੇ ਵਾਲੀਆਂ ਨਿੱਜੀ ਕੰਪਨੀਆਂ ਦੀਆਂ ਕਥਿਤ ਬੱਸਾਂ ਦਾ ਬੋਲ-ਬਾਲਾ ਹੈ ਉਥੇ ਹੀ ਇਸ ਖੇਤਰ ਅੰਦਰ ਪੈਂਦੇ ਬਹੁਤੇ ਨਿੱਜੀ ਸਕੂਲਾਂ ਵਾਲਿਆਂ ਵੱਲੋਂ ਵੀ ਕੋਈ ਕਸਰ ਬਾਕੀ ਨਹੀ ਛੱਡੀ ਜਾ ਰਹੀ ਹੈ ਕਿਉਂਕਿ ਅਜਿਹੇ ਸਕੂਲਾਂ ਵਾਲਿਆਂ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਛਿੱਕੇ ’ਤੇ ਟੰਗ ਕਿ ਕੰਡਮ ਕਿਸ਼ਮ ਦੀਆਂ ਬਿਨ੍ਹਾਂ ਨੰਬਰੀ ਅਤੇ ਟਰਾਂਸ਼ਪੋਰਟ ਵਿਭਾਗ ਵੱਲੋਂ ਕਥਿਤ ਤੌਰ ’ਤੇ ਬਿਨ੍ਹਾਂ ਪਾਸ ਕੀਤੀਆਂ ਗਈਆਂ ਦੂਜੇ ਸੂਬਿਆਂ ਦੀਆਂ ਬੱਸਾਂ ਉਪਰ ਨੰਨੀਆਂ ਜਾਨਾਂ ਦੀ ਢੋਆ ਢੁਆਈ ਕਰਨ ਤੋਂ ਕੋਈ ਗੁਰੇਜ ਨਹੀ ਕੀਤਾ ਜਾ ਰਿਹਾ ਜਿਸ ਨਾਲ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰਨ ਦਾ ਖਦਸਾ ਬਣਿਆ ਹੋਇਆ ਹੈ। ਇਸ ਸਬੰਧੀ ਸਮਾਜ ਸੇਵੀ ਆਗੂ ਗੁਰਮੀਤ ਸਿੰਘ ਝਬਾਲ ਦਾ ਕਹਿਣਾ ਹੈ ਕਿ ਉਸ ਵੱਲੋਂ ਮਾਣਯੋਗ ਹਾਈਕੋਰਟ ਅਤੇ ਸੁਪਰੀਮਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕਿ ਭਾਂਵੇ ਹੀ ਸਾਲ 2012 ਵਿਚ ਡਿਪਟੀ ਕਮਿਸ਼ਨਰ ਤਕਨ ਤਾਰਨ ਨੂੰ ਪੱਤਰ ਲਿਖ ਕਿ ਅਜਿਹੀਆਂ ਬੱਸਾਂ ਨੂੰ ਬੰਦ ਕੀਤੇ ਜਾਣ ਲਈ ਅਪੀਲ
ਕੀਤੀ ਗਈ ਸੀ ਪ੍ਰੰਤੂ ਕਥਿਤ ਸਿਆਸੀ ਸੈਅ ’ਤੇ ਉਸ ਦੇ ਪੱਤਰ ਉਪਰ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਅਮਲ ’ਚ ਲਿਆਉਣਾ ਜਾਇਜ ਨਹੀ ਸਮਝਿਆ ਗਿਆ। ਦੂਜੇ ਪਾਸੇ ਮਨੁੱਖੀ ਅਧਿਕਾਰ ਮੰਚ ਦੇ ਜਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਧੁੰਨਾਂ, ਜਿਲ੍ਹਾ ਜਨਰਲ ਸਕੱਤਰ ਰਾਜਦਵਿੰਦਰ ਸਿੰਘ ਰਾਜਾ ਅਤੇ ਵਿਦਿਅਕ ਮਾਹਿਰ ਮਾਸਟਰ ਗੁਰਬੀਰ ਸਿੰਘ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਭਾਂਵੇ ਮਾਨਯੋਗ ਹਾਈਕੋਰਟ ਵੱਲੋਂ ਫਿਰ ਪੰਜਾਬ ’ਤੇ ਹਰਿਆਣਾ ਸਰਕਾਰ ਨੂੰ ਅਜਿਹੀਆਂ ਬੱਸਾਂ ਦਾ ਪਤਾ ਲਗਾ ਕਿ ਇਕ ਮਹੀਨੇ ਦੇ ਅੰਦਰ ਅੰਦਰ ਬੰਦ ਕਰਨ ਦੇ ਅਦੇਸ ਦਿੱਤੇ ਗਏ ਹਨ ਪ੍ਰੰਤੂ ਸਰਕਾਰ ਵੱਲੋਂ ਵੀ ਇਸ ਕਬੰਧੀ ਕੋਈ ਤਵੱਜੋਂ ਨਾ ਦੇਣਾ ਇਸ ਗੱਲ ਦਾ ਸ਼ੰਕੇਤ ਹੈ ਕਿ ਸਰਕਾਰ ਵੀ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ।
ਜ਼ਿਲ੍ਹਾ ਟਰਾਂਸਪੋਰਟ ਵਿਭਾਗ ਨੂੰ ਹੁਕਮਾਂ ਦੀ ਪਾਲਣਾ ਕਰਨ ਦੇ ਦਿੱਤੇ ਗਏ ਹਨ ਅਦੇਸ਼ : ਡੀ.ਸੀ. ਧਾਲੀਵਾਲ-
ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਫਤਰ ਵੱਲੋਂ ਪਹਿਲਾਂ ਤੋਂ ਹੀ ਜਿਲ੍ਹਾ ਟਰਾਂਸਪੋਰਟ ਦਫਤਰ ਨੂੰ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ ਦੇ ਅਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਪ੍ਰੰਤੂ ਜੇਕਰ ਫਿਰ ਵੀ ਉਨ੍ਹਾਂ ਵੱਲੋਂ ਜਿਲ੍ਹਾ ਟਰਾਂਸਪੋਰਟ ਵਿਭਾਗ ਪਾਸੋਂ ਉਕਤ ਮਾਮਲੇ ਸਬੰਧੀ ਸਾਰੀ ਜਾਣਕਾਰੀ ਮੰਗੀ ਜਾਵੇਗੀ।
ਨਿਯਮਾਂ ’ਤੇ ਪੂਰੇ ਨਾ ਉਤਰਦੇ ਵਾਹਨਾਂ ਨੂੰ ਕੀਤਾ ਜਾਵੇਗਾ ਬੰਦ : ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ- ਜਿਲ੍ਹਾ ਟਰਾਂਸਪੋਰਟ ਅਧਿਕਾਰੀ ਅੰਗਰੇਜ ਸਿੰਘ ਹੁੰਦਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਨਿਯਮਾਂ ’ਤੇ ਖਰ੍ਹੇ ਨਾ ਉਤਰਨ ਵਾਲੇ ਵਾਹਨਾਂ ਨੂੰ ਤਰੁੰਤ ਬੰਦ ਕਰਨ ਲਈ ਅਗਲੇ ਕੁਝ ਦਿਨਾਂ ਅੰਦਰ ਕਾਰਵਾਈ ਅਰੰਭੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਿਲ੍ਹੇ ਅੰਦਰ ਪੈਂਦੇ ਕਥਿਤ ਸਕੂਲਾਂ ਵਾਲਿਆਂ ਅਤੇ ਨਿੱਜੀ ਬੱਸ ਟਰਾਂਸਪੋਟਰਾਂ ਨਾਲ ਮੀਟਿੰਗ ਕਰਕੇ ਪਹਿਲਾਂ ਹੀ ਨਿਯਮਾਂ ਦੀ ਪਾਲਣ ਕਰਨ ਦੇ ਅਦੇਸ ਦਿੱਤੇ ਗਏ ਹਨ ਪ੍ਰੰਤੂ ਜੇਕਰ ਫਿਰ ਵੀ ਅਜਿਹੇ ਵਾਹਨ ਸੜਕਾਂ ਉਪਰ ਘੁੰਮ ਰਿਹੇ ਹਨ ਤਾਂ ਉਨ੍ਹਾਂ ਦੇ ਚਾਲਣ ਕਰਨ ਤੋਂ ਇਲਾਵਾ ਬੰਦ ਵੀ ਕੀਤੇ ਜਾਣਗੇ।
ਟ੍ਰੈਫਿਕ ਵਿਭਾਗ ਨੂੰ ਦਿੱਤੇ ਜਾਣਗੇ ਅਜਿਹੇ ਵਾਹਨ ਬੰਦ ਕਰਨ ਦੇ ਅਦੇਸ : ਐਸ.ਐਸ.ਪੀ.- ਜ਼ਿਲ੍ਹਾ ਪੁਲਸ ਮੁੱਖੀ ਮਨਮੋਹਨ ਕੁਮਾਰ ਸਰਮਾਂ ਦਾ ਕਹਿਣਾ ਹੈ ਕਿ ਜਿਲ੍ਹੇ ਅੰਦਰ ਕਥਿਤ ਸਕੂਲਾਂ ਵਾਲਿਆਂ ਵੱਲੋਂ ਵਰਤੇ ਜਾ ਰਿਹੇ ਕੰਡਮ ਕਿਸ਼ਮ ਦੇ ਵਾਹਨਾਂ ਅਤੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੀਆਂ ਕਥਿਤ ਨਿੱਜੀ ਬੱਸਾਂ ਨੂੰ ਤਰੁੰਤ ਬੰਦ ਕਰਨ ਲਈ ਉਨ੍ਹਾਂ ਵੱਲੋਂ ਪੁਲਸ ਦੇ ਟ੍ਰੈਫਿਕ ਵਿਭਾਗ ਨੂੰ ਤਰੁੰਤ ਅਦੇਸ ਜਾਰੀ ਕਰਕੇ ਅਜਿਹੇ ਵਾਹਨਾਂ ਦੇ ਸੜਕਾਂ ਉਪਰ ਚੱਲਣ ’ਤੇ ਰੋਕ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਵਾਹਨ ਚਾਲਕ ਨਿਯਮਾਂ ’ਤੇ ਪਾਬੰਦ ਨਹੀ ਹੋਵੇਗਾ ਤਾਂ ਉਸ ਖਿਲਾਫ ਮੁਕਦਮਾਂ ਵੀ ਦਰਜ ਕੀਤਾ ਜਾਵੇਗਾ।



