ਸੰਗਰੂਰ, 30 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਪਿੰਡ ਬੁਗਰਾ ਵਿੱਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਜਾ ਰਹੇ ਸੰਗਤ ਦਰਸ਼ਨਾਂ ਮੌਕੇ ਸਥਿਤੀ ਉਸ ਸਮੇਂ ਗਰਮਾ ਗਈ ਜਦੋਂ ਯੂਥ ਕਾਂਗਰਸ ਦੇ ਲੋਕ ਸਭਾ ਹਲਕਾ ਸੰਗਰੂਰ ਦੇ ਪ੍ਰਧਾਨ ਗੁਰਤੇਜ ਸਿੰਘ ਤੇਜੀ ਕੱਕੜਵਾਲ ਸਾਥੀਆਂ ਸਮੇਤ ਉਥੇ ਪਹੁੰਚ ਗਏ। ਇਸ ਦੌਰਾਨ ਸ. ਤੇਜੀ ਨੇ ਮੁੱਖ ਮੰਤਰੀ ਨੂੰ ਜ਼ਮੀਨ ਐਕੁਆਇਰ ਆਰਡੀਨੈਂਸ ਬਾਰੇ ਮੰਗ ਪੱਤਰ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਮੰਤਰੀ ਦੀ ਸੁਰੱ੍ਯਖਿਆ ਵਿੱਚ ਤਾਇਨਾਤ ਪੁਲਿਸ ਕਰਮੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ।। ਇਸ ਕਾਰਨ ਸਥਿਤੀ ਕੁਝ ਤਣਾਅਪੂਰਨ ਬਣ ਗਈ ਪਰ ਸਥਿਤੀ ਨੂੰ ਭਾਂਪਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕੋਲ ਬੁਲਾ ਲਿਆ ਤੇ ਮੰਗ ਪੱਤਰ ਲੈ ਲਿਆ। ਸ. ਤੇਜੀ ਨੇ ਮੰਗ ਕੀਤੀ ਕਿ ਅਕਾਲੀ ਦਲ ਆਪਣੀ ਭਾਈਵਾਲ ਪਾਰਟੀ ’ਤੇ ਜ਼ੋਰ ਲਾ ਕੇ ਇਸ ਆਰਡੀਨੈਂਸ ਨੂੰ ਰੱਦ ਕਰਵਾਏ। ਇਸ ਮੌਕੇ ਲਖਵੰਤ ਸਿੰਘ ਲੱਖਾ, ਸੁਖਵੰਤ ਸਿੰਘ ਬੋਲਾ, ਮਨਪ੍ਰੀਤ ਸਿੰਘ ਮਨੀ,
ਸੁਖਪਾਲ ਸਿੰਘ ਤੇ ਹੋਰ ਯੂਥ ਆਗੂ ਹਾਜ਼ਰ ਸਨ। ਸੰਗਤ ਦਰਸ਼ਨ ਦੌਰਾਨ ਪਿੰਡ ਬੁਗਰਾ ਦੇ ਨੌਜਵਾਨ ਹਰਦੀਪ ਸਿੰਘ ਸੰਧੂ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਪਾਵਰਕਾਮ ਦੇ ਕੁਝ ਅਧਿਕਾਰੀ ਟਰਾਂਸਫਾਰਮਰ ਲਾਉਣ ਲਈ ਰਿਸ਼ਵਤ ਮੰਗਦੇ ਹਨ। ਉਸਨੇ ਨਾਲ ਹੀ ਸਟੇਟ ਬੈਂਕ ਆਫ ਪਟਿਆਲਾ ਦੇ ਖੇਤੀਬਾੜੀ ਮੈਨੇਜਰ ’ਤੇ ਵੀ ਰਿਸ਼ਵਤ ਲੈਣ ਦੇ ਦੋਸ਼ ਲਾਏ। ਇਸ ਬਾਰੇ ਮੁੱਖ ਮੰਤਰੀ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਬੁਲਾ ਕੇ ਇਨ੍ਹਾਂ ਅਧਿਕਾਰੀਆਂ ਖ਼ਿਲਾਫ ਕਾਰਵਾਈ ਦੇ ਆਦੇਸ਼ ਦਿੱਤੇ।
ਕਾਂਗਰਸ ਪਾਰਟੀ ਦੇ ਵਿਧਾਇਕ ਸ੍ਰੀ ਅਰਵਿੰਦ ਖੰਨਾ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਧੂਰੀ ਵਿਧਾਨ ਸਭਾ ਹਲਕੇ ਵਿੱਚ ਕੀਤਾ ਗਿਆ ਛੇ ਦਿਨਾ ਸੰਗਤ ਦਰਸ਼ਨ ਖ਼ਤਮ ਹੋ ਗਿਆ ਹੈ। ਛੇ ਦਿਨਾਂ ਦੇ ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਵੱਲੋਂ ਧੂਰੀ ਹਲਕੇ ਦੇ ਕਰੀਬ 58 ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ। ਇਸ ਤੋਂ ਇਲਾਵਾ ਧੂਰੀ ਸ਼ਹਿਰ ਦੇ ਸਾਰੇ 17 ਵਾਰਡਾਂ ਦੀ ਸੰਗਤ ਦੇ ਵੀ ਦਰਸ਼ਨ ਕੀਤੇ ਗਏ। ਮੁੱਖ ਮੰਤਰੀ ਵੱਲੋਂ ਵੱਖ-ਵੱਖ ਪਿੰਡਾਂ ਨੂੰ ਕਰੀਬ 17 ਕਰੋੜ ਰੁਪਏ ਦੀ ਰਾਸ਼ੀ ਵਿਕਾਸ ਕਾਰਜਾਂ ਲਈ ਐਲਾਨ ਕੀਤੀ ਗਈ। ਸੰਗਤ ਦਰਸ਼ਨਾਂ ਦੌਰਾਨ ਵੱਖ ਵੱਖ ਪਿੰਡਾਂ ਵਿੱਚ ਮੁੱਖ ਮੰਤਰੀ ਵਲੋਂ ਸਿਰਫ਼ 15 ਤੋਂ 20 ਮਿੰਟ ਹੀ ਲਗਾਏ ਜਾਂਦੇ ਰਹੇ ਹਨ ਪਰੰਤੂ ਪਿੰਡ ਬੇਨੜਾ ਵਿੱਚ ਮੁੱਖ ਮੰਤਰੀ ਲਗਭਗ 55ਮਿੰਟ ਠਹਿਰੇ ਅਤੇ ਖੁੱਲ੍ਹੇ ਦਿਲ ਨਾਲ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਸੰਗਤ ਦਰਸ਼ਨਾਂ ਦੌਰਾਨ ਸੱਤਾਧਾਰੀ ਪਾਰਟੀ ਨਾਲ ਸੰਬੰਧਤ ਪਿੰਡਾਂ ਵਿੱਚ ਧੜਿਆਂ ਦੀ ਆਪਸੀ ਖਹਿਬਾਜ਼ੀ ਵੀ ਮੁੱਖ ਮੰਤਰੀ ਦੀ ਮੌਜੂਦਗੀ ਵਿਚ ਛੁਪੀ ਨਹੀਂ ਰਹੀ। ਮੁੱਖ ਮੰਤਰੀ ਕੁਝ ਕੁ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਅਗਲੇ ਪਿੰਡ ਨੂੰ ਚਾਲੇ ਪਾ ਦਿੰਦੇ ਹਨ ਅਤੇ ਲੋਕ ਹੱਥਾਂ ਵਿੱਚ ਆਪਣੀਆਂ ਸ਼ਿਕਾਇਤਾਂ ਲੈ ਕੇ ਕਾਰਾਂ ਦੇ ਵੱਡੇ ਕਾਫ਼ਲੇ ਦੀ ਧੂੜ ਫੱਕਦੇ ਰਹਿ ਜਾਂਦੇ ਹਨ। ਕਈ ਪਿੰਡਾਂ ਵਿੱਚ ਤਾਂ ਸ਼ਿਕਾਇਤਕਰਤਾਵਾਂ ਨੇ ਸੰਗਤ ਦਰਸ਼ਨ ’ਤੇ ਜੰਮ ਕੇ ਭੜਾਸ ਵੀ ਕੱਢੀ। ਹਲਕੇ ਦੇ ਪਿੰਡਾਂ ਤੋਂ ਇਲਾਵਾ ਧੂਰੀ ਸ਼ਹਿਰ ਦੇ ਸਾਰੇ 17 ਵਾਰਡਾਂ ਦੀ ਸੰਗਤ ਨੂੰ ਵੀ ਮੁੱਖ ਮੰਤਰੀ ਦਰਸ਼ਨ ਦੇਣਾ ਨਹੀਂ ਭੁੱਲੇ। 17 ਵਾਰਡਾਂ ਦੇ ਸੰਗਤ ਦਰਸ਼ਨ ਸ਼ਹਿਰ ’ਚ ਤਿੰਨ ਵਿਸ਼ੇਸ਼ ਥਾਵਾਂ ’ਤੇ ਰੱ੍ਯਖਿਆ ਗਿਆ ਸੀ। ਇੱਕ ਵਾਰਡ ਦੇ ਸੰਗਤ ਦਰਸ਼ਨ ਲਈ 15 ਮਿੰਟ ਦਾ ਸਮਾਂ ਤੈਅ ਕੀਤਾ ਗਿਆ ਸੀ। ਪਿੰਡਾਂ ਦੇ ਤੂਫ਼ਾਨੀ ਦੌਰਿਆਂ ਦੌਰਾਨ ਮੁੱਖ ਮੰਤਰੀ ਦੇ ਕਾਫ਼ਲੇ ਨਾਲ ਰੋਜ਼ਾਨਾ ਸੈਂਕੜੇ ਕਾਰਾਂ ਦਾ ਕਾਫਲਾ ਚੱਲਦਾ ਸੀ ਅਤੇ ਸੈਂਕੜੇ ਪੁਲਿਸ ਮੁਲਾਜ਼ਮ ਸੁਰੱਖਿਆ ਲਈ ਤਾਇਨਾਤ ਕੀਤੇ ਹੋਏ ਸਨ। ਇੱਕ ਪਿੰਡ ਵਿੱਚ ਤਾਂ ਜਦੋਂ ਮੁੱਖ ਮੰਤਰੀ ਗੁਰਦੁਆਰਾ ਸਾਹਿਬ ਵਿਚ ਸੰਗਤ ਦਰਸ਼ਨ ਕਰ ਰਹੇ ਸਨ ਤਾਂ ਗੁਰਦੁਆਰੇ ਨੂੰ ਆਉਣ ਵਾਲੇ ਸਾਰੇ ਰਸਤੇ ਹੀ ਬੰਦ ਕਰ ਦਿੱਤੇ ਸਨ। ਭਾਰੀ ਸੁਰੱਖਿਆ ਬੰਦੋਬਸਤ ਦੌਰਾਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਹੈ।



