ਧੂਰੀ/ਸੰਗਰੂਰ, 28 ਜਨਵਰੀ (ਰਾਕੇਸ਼ ਜਿੰਦਲ)- ਦੇਸ਼ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਲਈ ਕਾਂਗਰਸ ਪਾਰਟੀ ਨੂੰ ਜਿੰਮੇਵਾਰ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਵੇਲੇ ਦੇਸ਼ ਗਰੀਬੀ, ਬੇਰੁਜ਼ਗਾਰੀ ਅਤੇ ਨਸ਼ਿਆਂ ਵਰਗੀਆਂ ਅਨੇਕਾਂ ਗੰਭੀਰ ਸਮੱਸਿਆਵਾਂ ਵਿੱਚ ਉਲਝਿਆਂ ਪਿਆ ਹੈ ਅਤੇ ਇਹ ਕਾਂਗਰਸ ਪਾਰਟੀ ਦੀਆਂ ਦਿਸ਼ਾਹੀਣ ਅਤੇ ਗਲਤ ਨੀਤੀਆਂ ਦਾ ਸਿੱਟਾ ਹੈ। ਧੂਰੀ ਵਿਧਾਨ ਸਭਾ ਹਲਕੇ ਵਿੱਚ ਦੂਜੇ ਗੇੜ ਦੇ ਸੰਗਤ ਦਰਸ਼ਨ ਦੇ ਦੂਜੇ ਦਿਨ ਵੱਖ ਵੱਖ ਥਾਵਾਂ ਉੱਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਕਾਂਗਰਸ ਸਾਰੀਆਂ ਬਿਮਾਰੀਆਂ ਦੀ ਮਾਂ ਹੈ ਅਤੇ ਇਸ ਦੀਆਂ ਲੋਕ ਵਿਰੋਧੀ ਅਤੇ ਗੈਰਜਮਹੂਰੀ ਨੀਤੀਆਂ ਦੇ ਕਾਰਣ ਦੇਸ਼ ਅੱਜ ਸਮਾਜਿਕ ਅਤੇ ਆਰਥਿਕ ਸੰਕਟ ਦੇ ਕੰਢੇ ਦੇ ਖੜ੍ਹਾ ਹੈ ਜਿਸ ਵਿੱਚੋਂ ਇਸ ਨੂੰ ਬਾਹਰ ਕੱਢਣਾ ਬਹੁਤ ਹੀ ਅਹਿਮ ਕਾਰਜ਼ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਦਿਸ਼ਾਹੀਣਤਾ ਨੂੰ ਅਖਤਿਆਰ ਕਰ ਲੈਣ ਦੀਆਂ ਸੰਭਾਨਾਵਾਂ ਨੂੰ
ਦੇਖਦੇ ਹੋਏ ਹੀ ਦੇਸ਼ ਦੀ ਆਜ਼ਾਦੀ ਦੇ ਮੌਕੇ ਮਹਾਤਮਾ ਗਾਂਧੀ ਨੇ ਕਾਂਗਰਸ ਪਾਰਟੀ ਨੂੰ ਤੋੜਨ ਦਾ ਸੁਝਾਅ ਦਿੱਤਾ ਸੀ, ਪਰ ਕਾਂਗਰਸ ਦੀ ਮੌਕਾਪ੍ਰਸਤ ਲੀਡਰਸ਼ਿਪ ਨੇ ਮਹਾਤਮਾ ਗਾਂਧੀ ਦੇ ਇਸ ਸੁਝਾਅ ਨੂੰ ਪ੍ਰਵਾਨ ਨਾ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਹੋਰਨਾਂ ਮਹਾਨ ਦੇਸ਼ ਭਗਤਾਂ ਦੀ ਕੁਰਬਾਨੀ ਕਰਕੇ ਹੀ ਦੇਸ਼ ਆਜ਼ਾਦ ਹੋਇਆ ਹੈ ਅਤੇ ਆਜ਼ਾਦੀ ਦੇ ਇਸ ਸੰਘਰਸ਼ ਵਿੱਚ ਪੰਜਾਬ ਨੇ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਕਾਂਗਰਸ ਨੇ ਹਮੇਸ਼ਾ ਹੀ ਅਜ਼ਾਦੀ ਦਾ ਸਿਹਰਾ ਨਾ ਕੇਵਲ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ ਕੀਤੀ ਸਗੋਂ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਇਸ ਸੂਬੇ ਨੂੰ ਵੀ ਬੁਰੀ ਤਰ੍ਹਾਂ ਅਣਗੌਲਿਆਂ ਕੀਤਾ। ਦਿੱਲੀ ਚੋਣਾਂ ਸਬੰਧੀ ਪੁੱਛੇ ਇਕ ਹੋਰ ਸਵਾਲ ਦੇ ਜਵਾਬ ’ਚ ਸ. ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਵਿੱਚ ਬਹੁਤ ਗੂੜ੍ਹਾ ਰਿਸ਼ਤਾ ਹੈ ਅਤੇ ਦਿੱਲੀ ਚੋਣਾਂ ਆਪਸੀ ਸਾਂਝ ਨਾਲ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਧੂਰੀ ਹਲਕੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਉਨ੍ਹਾਂ ਨੇ ਪਹਿਲਾ ਹੀ ਉਲੀਕਿਆ ਸੀ ਅਤੇ ਇਸਦਾ ਸਿਆਸਤ ਜਾਂ ਜ਼ਿਮਨੀ ਚੋਣ ਨਾਲ ਕੋਈ ਸਬੰਧ ਨਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਦੱ੍ਯਸਿਆ ਕਿ ਧੂਰੀ ਹਲਕੇ ਦੇ ਪਿੰਡ ਬੇਨੜਾ ਵਿੱਚ ਸਰਕਾਰੀ ਕਾਲਜ ਬਣਾਉਣ ਦਾ ਕੰਮ ਜਲਦੀ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱ੍ਯਸਿਆ ਕਿ ਧੂਰੀ ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸ ਲਈ 40 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ ਜਦਕਿ ਮੌਜੂਦਾ ਪ੍ਰਣਾਲੀ ਨੂੰ ਦਰੁੱਸਤ ਕਰਨ ਲਈ 3.06 ਕਰੋੜ ਰੁਪਏ ਅਤੇ ਸੜਕਾਂ ਦੀ ਦੇ ਲਈ 5 ਕਰੋੜ ਰੁਪਏ ਭੇਜ ਦਿੱਤੇ ਗਏ ਹਨ।



