ਸੰਗਰੂਰ, 28 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਪਿੰਡ ਜਲਾਨ ਵਿਖੇ ਖੇਤਾਂ ਵਿਚ ਇੱਕ ਵਿਅਕਤੀ ਦਾ ਭੇਤਭਰੇ ਹਾਲਾਤ ਵਿਚ ਕਤਲ ਹੋ ਗਿਆ ।ਉਸ ਦੀ ਖੂਨ ਨਾਲ ਲਥਪਥ ਲਾਸ਼ ਗੰਨੇ ਦੇ ਖੇਤਾਂ ਚੋਂ ਮਿਲੀ ਹੈ। ਪੁਲੀਸ ਨੇ ਕਤਲ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਪੁਲੀਸ ਦੇ ਇੰਚਾਰਜ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਭਿੰਡਰਾਂ ਦੇ ਵਸਨੀਕ ਗੁਰਜੰਟ ਸਿੰਘ ਨੇ ਪੁਲੀਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਪਿੰਡ ਜਲਾਨ ਵਿਖੇ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ। ਜਦੋ ਉਹ ਆਪਣੇ ਖੇਤ ਵਿਖੇ ਗੇੜਾ ਮਾਰਨ ਗਿਆ ਤਾਂ ਉਸ ਦੇ ਗੰਨੇ ਦੇ ਖੇਤ ਵਿਚ ਇੱਕ ਵਿਅਕਤੀ ਦੀ ਖੂਨ ਨਾਲ ਲਥਪਥ ਲਾਸ਼ ਪਈ ਵੇਖੀ। ਜਿਸ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਜਾਪਦਾ ਸੀ। ਸੂਚਨਾ ਮਿਲਦਿਆਂ ਹੀ ਐਸਪੀ ਪਰਮਜੀਤ ਸਿੰਘ ਗੁਰਾਇਆ, ਡੀਐਸਪੀ ਗੁਰਪ੍ਰੀਤ ਸਿੰਘ ਢੀਂਡਸਾ, ਡੀਐਸਪੀ ਨਾਹਰ ਸਿੰਘ ਅਤੇ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਅਤੇ ਇੰਚਾਰਜ ਗੁਰਮੇਲ ਸਿੰਘ
ਸਮੇਤ ਪੁਲੀਸ ਪਾਰਟੀ ਮੌਕੇ ’ਤੇ ਪੁੱਜੇ । ਉਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ । ਘਟਨਾ ਸਥਾਨ ਨੇੜਿਉ ਕੁਝ ਮਠਿਆਈ, ਕਿਤਾਬਾਂ ਅਤੇ ਬੋਤਲ ਵੀ ਪਈ ਮਿਲੀ ਸੀ। ਥਾਣਾ ਮੁੱਖੀ ਦੀਪਇੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀਆਂ ਅੱਖਾਂ ਅਤੇ ਕੰਨਾਂ ’ਤੇ ਭਾਰੀ ਸੱਟਾਂ ਲੱਗੀਆਂ ਹੋਈਆਂ ਸਨ ਜਿਸਦੀ ਉਮਰ 50-55 ਸਾਲ ਦੇ ਕਰੀਬ ਸੀ ਪਰ ਉਸ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ। ਪੁਲੀਸ ਵੱਲੋਂ ਲਾਸ਼ ਨੂੰ ਸਨਾਖਤ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਰੱਖ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਜੇ ਦਫਾ 302 ਆਈਪੀਸੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।



