ਗ੍ਰੇਵਸ਼ੈਮ, 27 ਜਨਵਰੀ (ਪੀ. ਟੀ.)- ਇਸ ਹਲਕੇ ਤੋਂ ਲੇਬਰ ਪਾਰਟੀ ਦੇ ਪਾਰਲੀਮੈਂਟ ਲਈ ਉਮੀਦਵਾਰ ਸ. ਤਨਮਨਜੀਤ ਸਿੰਘ ਢੇਸੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਯੂਕੇ ਦੇ ਸਾਬਕਾ ਰੱਖਿਆ ਮੰਤਰੀ ਅਤੇ ਸੰਸਦ ਮੈਂਬਰ ਮਿਸਟਰ ਜੌਨ ਸਪੈਲਰ ਉਨ੍ਹਾਂ ਦੀ ਹਮਾਇਤ ਵਿੱਚ ਨਿਤਰ ਆਏ। ਉਨ੍ਹਾਂ ਨੇ ਹੋਰ ਵਰਕਰਾਂ ਨਾਲ ਚੋਣ ਮੁਹਿੰਮ ਵਿੱਚ ਹਿੱਸਾ ਲਿਆ। ਗ੍ਰੇਵਜ਼ਐਂਡ ਟਾਊਨ ਸੈਂਟਰ ਵਿਖੇ ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਸਥਾਨਕ ਵੋਟਰਾਂ ਨੂੰ ਸ. ਤਨਮਨਜੀਤ ਸਿੰਘ ਨੂੰ ਅਗਲਾ ਸੰਸਦ ਮੈਂਬਰ ਚੁਣਨਗੇ, ਕਿਉਂਕਿ ਉਹ ਪਿਛਲੇ 8 ਸਾਲਾਂ ਤੋਂ ਕੌਂਸਲਰ ਅਤੇ ਮੇਅਰ ਵਜੋਂ ਲੋਕਾਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਮਿਸਟਰ ਜੌਨ ਨੇ ਇਸ ਮੌਕੇ ’ਤੇ ਦੋਨੇ ਸੰਸਾਰ ਜੰਗਾਂ ਵਿੱਚ ਸਿੱਖਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਸ. ਤਨਮਨਜੀਤ ਸਿੰਘ ਦੀ ਇਸ ਗੱਲ ਤੋਂ ਭਾਰੀ ਪ੍ਰਸੰਸਾ ਕੀਤੀ ਕੇ ਉਨ੍ਹਾਂ ਨੇ ਆਮ ਲੋਕਾਂ ਦੀ ਮਦਦ ਨਾਲ ਸੁਕੈਡਨ ਲੀਡਰ ਮਹਿੰਦਰ ਸਿੰਘ ਪੂਜੀ ਦਾ ਬੁੱਤ ਸ਼ਹਿਰ ਵਿੱਚ ਸਥਾਪਿਤ ਕੀਤਾ।
ਮਿਸਟਰ ਜੌਨ ਨੇ ਬਾਅਦ ਵਿੱਚ ਸਥਾਨਕ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਵਿਖੇ ਸਿੱਖਾਂ ਨੂੰ ਦਰਪੇਸ਼ ਮਸਲਿਆਂ ਬਾਰੇ ਸਥਾਨਕ ਨੇਤਾਵਾਂ ਨਾਲ ਚਰਚਾ ਕੀਤੀ। ਸ. ਤਰਨਜੀਤ ਸਿੰਘ ਅਤੇ ਹੋਰ ਆਗੂਆਂ ਨੇ ਮਿਸਟਰ ਜੌਨ ਸਪਾਇਲਰ ਦਾ ਸਮਾਂ ਕੱਢਣ ਲਈ ਧੰਨਵਾਦ ਕੀਤਾ।


