Skip to content
Independent perspectives. Global stories.
BREAKING

ਮਹਾਰਾਜਾ ਰਣਜੀਤ ਸਿੰਘ ਦੇ ਵੰਸ਼

Share this story

index ਪੁਰਾਤਨ ਅਤੇ ਮੱਧਕਾਲੀ ਪੰਜਾਬ ਦੇ ਮੁਕਾਬਲੇ ਭਾਵੇਂ ਵਰਤਮਾਨ ਪੰਜਾਬ ਅੰਦਾਜੇ ਤੋਂ ਵੀ ਬਾਹਰ ਦੀ ਹੱਦ ਤੀਕ ਬਦਲ ਚੁੱਕਾ ਹੈ ਪਰ ਫਿਰ ਵੀ ਆਪਣੇ ਪਿਛੋਕੜ ਅਤੇ ਪੁਰਖਿਆਂ ਬਾਰੇ ਅੰਦਾਜਾ ਲਗਾਉਣ ਲਈ ਕਾਫੀ ਹੈ, ਮੈਂ ਵਰਤਮਾਨ ਪੰਜਾਬ ਨੂੰ ਨੇੜੇ ਤੋਂ ਦੇਖਣ ਦਾ ਯਤਨ ਕੀਤਾ ਹੈ। ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਆਮ ਸੁਣੀਆਂ ਸੁਣਾਈਆਂ ਗੱਲਾਂ ਅਤੇ ਪੁਰਾਣੇ ਸਮੇਂ ਦੀਆਂ ਇਤਿਹਾਸਕ ਲਿਖਤਾਂ ਤੋਂ ਵੀ ਪਰਦਾ ਉਠਦਾ ਜਾ ਰਿਹਾ ਹੈ ਅਤੇ ਸੱਚਾਈ ਦਾ ਸਾਹਮਣੇ ਆਉਣਾ ਸਭਾਵਿਕ ਹੀ ਬਣ ਜਾਂਦਾ ਹੈ। ਮੇਰਾ ਪਰਿਵਾਰ ਦਾ ਪੀੜੀ ਦਰ ਪੀੜੀ ਮਹਾਰਾਜਾ ਰਣਜੀਤ ਸਿੰਘ ਨਾਲ ਪਿਛੋਕੜ ਜੁੜਿਆ ਹੋਣ ਕਰਕੇ ਮੇਰੀ ਦਾਦੀ ਤੇ ਮੇਰੀ ਮਾਤਾ ਵੱਲੋਂ ਬਹੁਤ ਪੁਰਾਣਾ ਰਿਕਾਰਡ ਜੋ ਕਿ ਉਨ੍ਹਾਂ ਨੇ ਸਾਂਭ ਕੇ ਰੱਖਿਆ ਸੀ ਮੈਨੂੰ ਦਿੱਤਾ। ਜਿਆਦਾਤਰ ਰਿਕਾਰਡ ਉਰਦੂ ਅਤੇ ਅੰਗਰੇਜੀ ਭਾਸ਼ਾ ਵਿਚ ਸੀ। ਅੱਜ ਵੀ ਬਹੁਤ ਸਾਰਾ ਰਿਕਾਰਡ ਕਿਲਾ ਜਗਤਪੁਰ ਵਿਚ ਪੁਰਾਣੇ ਟਰੰਕਾਂ ਦਾ ਸ਼ਿਗਾਰ ਬਣਿਆ ਪਿਆ ਹੈ। ਮੈਂ ਇਕ-ਇਕ ਪੇਜ਼ ਦਾ ਉਰਦੂ ਤੋਂ ਪੰਜਾਬੀ ਵਿਚ ਅਨੁਵਾਦ ਕਰਵਾਇਆ। ਮੈਂ ਆਪਣੇ ਕੁਝ ਮਿੱਤਰਾਂ ਦੇ ਨਾਲ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸ੍ਰ. ਕਾਨ੍ਹ ਸਿੰਘ ਪੰਨੂੰ ਨੂੰ ਮਿਲਿਆ ਤੇ ਆਪਣੇ ਪਰਿਵਾਰ ਨਾਲ ਸਬੰਧਤ ਰਿਕਾਰਡ ਲੈਣ ਸਬੰਧੀ ਬੇਨਤੀ ਕੀਤੀ। ਉਨ੍ਹਾਂ ਨੇ ਉਸੇ ਵੇਲੇ ਰੈਵੀਨਿਊ ਰਿਕਾਰਡ ਵਿਚੋਂ ਰਿਟਾਇਰਡ ਬਜ਼ੁਰਗ ਨੂੰ ਸੱਦਾ ਭੇਜਿਆ ਅਤੇ ਹੁਕਮ ਕੀਤਾ ਕਿ ਉਹ ਇਨ੍ਹਾਂ ਦੇ ਨਾਲ ਰਿਕਾਰਡ ਲੱਭਣ ਵਿਚ ਮਦਦ ਕਰਨ।

ਇਸ ਕੰਮ ਨੂੰ 2 ਸਾਲ ਦਾ ਸਮਾਂ ਲੱਗ ਗਿਆ। ਮੈ ਅੱਧ ਤੋਂ ਵੱਧ ਰਿਕਾਰਡ ਦਾ ਪੰਜਾਬੀ ਵਿੱਚ ਤਰਜ਼ਮਾਂ ਕਰਵਾ ਲਿਆ ਜਿਸ ਕਰਕੇ ਮੈਨੂੰ ਪ੍ਰੀਵਾਰ ਦੇ ਪਿਛੋਕੜ ਬਾਰੇ ਵਿੱਚ ਕਾਫੀ ਜਾਣਕਾਰੀ ਹਾਸਲ ਹੋਈ ਹੈ। ਜਿਸ ਨਾਲ ਮੇਰੇ ਵਿਰਾਸਤੀ ਜਮੀਨਾਂ ਦੇ ਚਲਦੇ ਕੋਰਟ ਕੇਸਾਂ ਵਿਚ ਕਾਫੀ ਸਹਾਇਤਾ ਮਿਲੀ। ਮੈਂ 1852-53 ਦੀ ਸੈਟਲਮੈਂਟ ਐਂਟਰੀ ਤੋਂ ਲੈ ਕੇ 1959-60 ਤੀਕ ਦਾ ਸਾਰਾ ਰਿਕਾਰਡ ਘੋਖਿਆ। 1891-92 ਦੇ ਰੈਵਨਿਊ ਰਿਕਾਰਡ ਸ਼ਜਰਾ ਨਸਬ (ਕੁਰਸੀਨਾਮਾ) ਬਾਰੇ ਜਾਣਕਾਰੀ ਲੈਣ ਲਈ ਡੂੰਗਾਈ ਤੀਕ ਕੰਮ ਕੀਤਾ। ਸ਼ਜਰਾ ਨਸਬ ਉਰਦੂ ਵਿਚ ਹੋਣ ਕਰਕੇ ਮੈਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਪੰਜਾਬੀ ਦੇ ਲਫਜ਼ ਵੀ ਉਰਦੂ ਵਾਲੀ ਮਹਾਰਤ ਦੇ ਸਨ। ਮੇਰੇ ਪ੍ਰੀਵਾਰ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜੁੜਣ ਕਰਕੇ ਮੇਰੀ ਖੋਜ ਵਿੱਚ ਦਿਲਚਸਪੀ ਹੋਰ ਵੱਧ ਗਈ। ਮੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਤੇ ਹੋਰ ਉਘੇ ਇਤਹਾਸਕਾਰਾਂ ਦੀਆਂ ਕਿਤਾਬਾਂ ਦਾ ਡੂੰਘਾਈ ਦੇ ਨਾਲ ਅਧਿਅਨ ਕੀਤਾ ਇਸ ਸਬੰਧੀ ਕਾਫੀ ਜਾਣਕਾਰੀ ਪ੍ਰਾਪਤ ਕੀਤੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜੇ ਦੇ ਪਰਿਵਾਰ ਨਾਲ ਬਹੁਤ ਵਧੀਕੀਆਂ ਹੋਈਆਂ ਸਨ।
ਸੰਨ 1845 ਵਿਚ ਅੰਗਰੇਜ਼ਾਂ ਨੇ ਲਾਹੌਰ ਤੇ ਕਬਜ਼ਾ ਕੀਤਾ। ਲਾਰਡ ਡਲਹੋਜੀ, ਲਾਰਡ ਹਾਰਡਿੰਗ ਤੇ ਫੈਡਰਿਕ ਕਰੀ ਵਰਗੇ ਪਹਿਲੇ ਗਵਰਨਰ ਜਨਰਲਾਂ ਨੇ ਇਤਿਹਾਸ ਦੀ ਲਿਖਤ ਮੁਤਾਬਿਕ ਅਜਿਹਾ ਵਖ਼ਤ ਪਾਇਆ ਜਿਸ ਕਰਕੇ ਇਕੱਲੇ ਮੇਰਾ ਪਰਿਵਾਰ ਹੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੇ ਪਰਿਵਾਰ ਪ੍ਰਭਾਵਿਤ ਹੋਏ ਹੋਣਗੇ। ਉਹ ਵੀ ਖੋਜ ਦੀ ਮੁਹਥਾਜ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕੁਝ ਸਿੱਖ ਮਿਸਲਾਂ ਅਤੇ ਸਰਦਾਰ ਘਰਾਣਿਆਂ ਨੇ ਅੰਗਰੇਜ਼ਾਂ ਦੀ ਅਧੀਨਗੀ ਸਵੀਕਾਰ ਨਹੀਂ ਕੀਤੀ। ਅਜਿਹੀ ਸੋਚ ਵਾਲੇ ਲੋਕਾਂ ਦੀਆਂ ਜਗੀਰਾਂ ਜ਼ਬਤ ਕਰ ਲਈਆਂ ਗਈਆਂ ਤੇ ਉਨ੍ਹਾਂ ਦੇ ਰੋਲ ਸਬੰਧੀ ਚਰਚਾ ਨਾ ਹੋ ਸਕੀ। ਕੁਝ ਇਕ ਘਰਾਣੇ ਪਰਿਵਾਰਕ ਗੁੱਟਬੰਦੀ ਦੇ ਸ਼ਿਕਾਰ ਹੋ ਗਏ।
ਮੇਰਾ ਪਿੰਡ ਕਿਲ੍ਹਾ ਜਗਤਪੁਰ ਬਜਾਜ ਅੰਮ੍ਰਿਤਸਰ ਤੋਂ ਬਟਾਲਾ ਰੋਡ  ਕੱਥੂ ਨੰਗਲ ਤੋਂ 2 ਕਿਲੋਮੀਟਰ ਚੜ੍ਹਦੇ ਪਾਸੇ ਅੰਦਰ ਵੱਲ ਹੈ। ਉੱਥੇ ਇਕ ਬਹੁਤ ਵੱਡਾ ਪੁਰਾਤਨ ਕਿਲ੍ਹਾ ਜਿਸ ਦਾ ਖੇਤਰਫਲ ਲਗਭਗ ਸਰਕਾਰੀ ਰਿਕਾਰਡ ਮੁਤਾਬਿਕ 124 ਕਨਾਲ ਦੇ ਵਿਚ ਹੈ। ਉੱਥੇ ਮੇਰੇ ਵੱਡੇ ਵਡੇਰਿਆਂ ਦੇ ਕੋਲ ਕੋਈ 22 ਸੌ ਘੁਮਾ ਦੀ ਮਾਲਕੀ ਜ਼ਰ ਖਰੀਦ ਦੇ ਨਾਲ ਨਾਲ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿਚ ਖਾਸ ਕਰਕੇ ਇਲਾਕਾ ਫਿਲੌਰ ਤੋਂ ਸੂਰਲ, ਮਾਨਾਵਾਲਾ, ਬੰਡਾਲਾ, ਬਨੀਪੁਰ, ਅੱਲਾਬਖਸ਼, ਪੰਡੋਰੀ, (ਮੇਹਣੀਆ ਖੁਰਦ), ਮੇਹਣੀਆਂ ਕਲਾ, ਵਡਾਲਾ, ਤਲਵੰਡੀ, ਕੋਟਲਾ ਕਲਾ, ਕੋਟਲਾ ਖੁਾਰਦ, ਜੁਲਗਾ ਮੱਤੇਵਾਲ, ਚਵਿੰਡਾ, ਮੇਹਣੀਆ ਕੁਹਾਰਾ, ਮੱਲੂਵਾਲ ਤੋਂ ਛੁਟ ਕਈ ਹੋਰ ਇਲਾਕਿਆਂ ਦੀਆਂ ਜਗੀਰਾਂ ਮਿਲਦੀਆਂ ਹਨ। ਮੇਰੀ ਹੋਸ਼ ਵਿਚ ਇਕ ਦੋ ਪਿੰਡਾਂ ਦੀਆਂ ਜਗੀਰਾਂ ਮਿਲਣ ਸਬੰਧੀ ਸੁਣਦਾ ਸੀ। ਰੈਵਨਿਊ ਰਿਕਾਰਡ ਵਿਚ ਫਰਦ ਜਮਾਬੰਦੀ ਲੈਣ ਸਮੇਂ ਜਮੀਨਾਂ ਦੀ ਮਾਫ਼ੀ ਸਬੰਧੀ ਲਿਖਤਾਂ ਦਾ ਪਤਾ ਲੱਗ ਜਾਂਦਾ ਹੈ। ਇਸ  ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੇ ਵਿਚ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਆਟਾ ਮੰਡੀ ਦੇ ਮੇਨ ਗੇਟ ਦੇ ਸਾਹਮਣੇ ਪੁਰਾਣੀਆਂ ਇਤਿਹਾਸਕ ਇਮਾਰਤਾਂ, ਕਟੜਾ ਦਲ ਸਿੰਘ, ਗਲੀ ਗੜਵਈਆਂ ਆਦਿ ਮਾਲਕੀ
ਮੌਜੂਦ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਦੂਸਰੀ ਪਤਨੀ ਦੀ ਕੁਖ ਤੋਂ ਰਤਨ ਸਿੰਘ ਪੈਦਾ ਹੋਏ ਸਨ। ਸੰਨ 1819 ਵਿਚ ਕਸ਼ਮੀਰ ਦੀ ਜੰਗ ਸਮੇਂ ਮਹਾਰਾਜਾ ਨੇ ਬੜੇ ਆਦਰ ਮਾਣ ਦੇ ਨਾਲ ਕੀਮਖਵਾਬ ਦੇ ਸਰੋਪੇ ਪਾ ਕੇ ਕੁਮੇਦਾਨ ਰਤਨ ਸਿੰਘ ਨੂੰ ਸ੍ਰ.ਹਰੀ ਸਿੰਘ ਨਲੂਏ ਦੇ ਨਾਲ ਮੁਹਿੰਮ ਤੇ ਭੇਜਿਆ ਤੇ ਕਸ਼ਮੀਰ ਫਤਿਹ ਕੀਤਾ। ਅਟਕ ਦੀ ਜੰਗ ਸਮੇਂ ਜਿੱਤ ਪ੍ਰਾਪਤ ਕੀਤੀ ਤੇ ਹੋਰ ਵੀ ਅਹਿਮ ਲੜਾਈਆਂ ਵਿਚ ਕੁਮੇਦਾਨ ਰਤਨ ਸਿੰਘ ਵੱਲੋਂ ਭਾਗ ਲਿਆ। ਸੰਨ 1832 ਦੇ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਰਤਨ ਸਿੰਘ ਨੂੰ ਮੇਹਣੀਆਂ ਕੁਹਾਰਾਂ ਤੇ ਜਗਤਪੁਰ ਬਜਾਜ ਦੇ ਨਾਲ ਨਾਲ ਉਪਰੋਕਤ ਬਹੁਤ ਸਾਰੀਆਂ ਜਗੀਰਾਂ ਦਿੱਤੀਆਂ ਸਨ। ਕਿਸੇ ਸਮੇਂ ਕੁਮੇਦਾਨ ਰਤਨ ਸਿੰਘ ਦੀ ਸਲਾਨਾ ਜਗੀਰ 36000/- ਰੁਪੈ ਸੀ। ਮੇਹਣੀਆ ਕੁਹਾਰਾਂ ਦੇ ਨਾਲ ਲਗਦੀ ਐਸਟੇਟ ਜਗਤਪੁਰ ਬਜਾਜ ਕਮਾਂਡੈਂਟ ਰਤਨ ਸਿੰਘ ਨੇ ਦੀਵਾਨ ਜਗਤ ਰਾਏ ਦੇ ਰਿਸ਼ਤੇਦਾਰ ਦੀਵਾਨ ਵਿਸਾਖਾ ਸਿੰਘ ਪਾਸੋਂ 2000/- ਰੁਪੈ ਵਿਚ ਜਮੀਨ ਬੈ ਕਤਾਈ ਕਰਾ ਲਈ ਸੀ। ਦੀਵਾਨ ਵਿਸਾਖਾ ਸਿੰਘ ਬਟਾਲੇ ਦਾ ਕਾਰਦਾਰ ਸੀ। ਅਬਾਦੀ ਕੁਨਿੰਦਾ ਦੀਵਾਨ ਜਗਤ ਰਾਏ ਦੇ ਨਾਮ ਤੇ ਅਬਾਦੀ ਜਗਤ ਪੁਰ ਬਜਾਜ ਮਸ਼ਹੂਰ ਹੋਇਆ। ਅੱਜ ਤੋਂ ਕੋਈ 290 ਸਾਲ ਪਹਿਲਾਂ ਦੀਵਾਨ ਜਗਤ ਰਾਏ ਅੱਵਲ ਕੌਮ ਖੱਤਰੀ ਗੋਤ ਬਜਾਜ ਜੋ ਕਿ ਬਾਦਸ਼ਾਹ (ਓਮਪੲਰੳਿਲ) ਦੇ ਜ਼ਮਾਨੇ ਵਿਚ ਉਸਦਾ ਦੀਵਾਨ ਹੋਇਆ ਕਰਦਾ ਸੀ ਸਰਕਾਰੀ ਲਿਖਤ ਮੁਤਾਬਿਕ ਇਹ ਗਾਂਵ ਬਾਐਹਦ ਸ਼ਾਹਾਨ ਚੁਗਤਾ ਬਰੂਏ ਮੋਹਰ ਸੁਲਤਾਨੀ ਦੀਵਾਨ ਜਗਤ ਰਾਏ ਨੇ ਦਖਲ ਮਾਲਕਾਨਾ ਪਾ ਕਰ ਅਬਾਦ ਕੀਤਾ। ਅਵਲ ਉਸ ਕੀ ਔਲਾਦ ਕਾਬਜ ਰਹੀ। ਲੇਕਿਨ ਆਖਿਰਕਾਰ ਉਸਦਾ ਖਾਨਦਾਨ ਲਾਵਲਦ ਗਿਆ। ਇਸ ਬਾਇਸ ਸੇ ਦੀਵਾਨ ਬਿਸਾਖਾ ਸਿੰਘ ਰਿਸ਼ਤੇਦਾਰ ਦੀਵਾਨ ਜਗਤ ਰਾਏ (ਸਿੱਖ ਮਿਸਲਾਂ ਦੇ ਸਮੇਂ ਹੋਏ ਇਕਰਾਰਨਾਮੇ (ਐਹਦ) ਤਹਿਤ ਜਮੀਨਾ ਤੇ ਕਾਬਜ ਰਿਹਾ)। ਉਸ ਸਮੇਂ ਤੋਂ ਬਾਅਦ ਇਹ ਜਮੀਨ ਮੁਸਮੀਆਨ (ਸ਼੍ਰੀਮਾਨ) ਠਾਕਰ ਸਿੰਘ-ਭਗਵਾਨ ਸਿੰਘ ਗੁਰਦਿੱਤ ਸਿੰਘ ਪੁਤਰਾਨ ਕੁਮੇਦਾਨ ਰਤਨ ਸਿੰਘ ਮਹਾਰਾਜਾ ਰਣਜੀਤ ਸਿੰਘ ਸਾਹਿਬ ਬਹਾਦਰ ਕੇ ਦੀ ਦੁਸਰੀ ਪਤਨੀ ਦੇ ਪੇਟ ਤੋਂ ਸੀ। ਵਲੋਂ ਸਾਰੀ ਜਮੀਨ ਬੈਕਤਾਈ ਕਰਵਾ ਲਈ ਤਬ ਸੇ ਮੁਸ਼ਤਰੀਆਨ ਕਾਬਜ ਹਨ। ਇਸ ਤੋਂ ਪਹਿਲਾਂ ਇਹ ਗਾਂਵ ਬਾਜਗੀਰ ਮਾਈ ਸਦਾ ਕੌਰ ਦੀ ਜਗੀਰ ਦਾ ਹਿੱਸਾ ਸੀ। ਇਸ ਤੋਂ ਬਾਅਦ ਇਹ ਪਿੰਡ ਬਾਜਗੀਰ ਠਾਕਰ ਸਿੰਘ ਵਾ ਭਗਵਾਨ ਸਿੰਘ ਵਾ ਗੁਰਦਿੱਤ ਸਿੰਘ ਪੁਤਰਾਨ ਕੁਮੇਦਾਨ ਰਤਨ ਸਿੰਘ ਮਾਲਕਾਨ ਤਰਫ ਜਗਤਪੁਰ ਸਿੱਖਾਂ ਆ ਗਿਆ।
ਚਵਿੰਡਾ ਇਕ ਵਿਰਾਨ ਉਜੜਿਆ ਹੋਇਆ ਕਸਬਾ ਸੀ ਮਿਥਿਹਾਸਿਕ ਤੌਰ ਤੇ ਮਸ਼ਹੂਰ ਹੈ ਕਿ ਚਵਿੰਡਾ ਦੇਵੀ ਵੱਲੋਂ ਹੋਏ ਕਿਸੇ ਯੁੱਧ ਵਿੱਚ ਇਹ ਪਿੰਡ ਤਬਾਹ ਹੋ ਗਿਆ ਸੀ। ਮੈਂ ਦਸਵੀਂ ਕਲਾਸ ਗੋਰਮਿੰਟ ਹਾਈ ਸਕੂਲ ਚਵਿੰਡਾ ਦੇਵੀ ਤੋਂ ਪਾਸ ਕੀਤੀ। ਮੇਰੇ ਘਰ ਤੋਂ ਕੋਈ ਪੰਜ ਮੀਲ ਦੀ ਦੂਰੀ ਤੇ ਸੀ। ਇਥੇ ਉੱਚੇ-ਉੱਚੇ ਥੇਹ ਸਨ। ਕਈ ਥੇਹ ਪਹਾੜਨੁਮਾ ਉੱਚੇ ਸਨ। ਉਨ੍ਹਾਂ ਥੇਹ ਤੇ ਚੜ੍ਹ ਕੇ ਮੈਂ ਆਪਣਾ ਘਰ (ਕਿਲ੍ਹਾ) ਚੰਗੀ ਤਰ੍ਹਾਂ ਸਾਫ਼ ਵੇਖ ਲੈਂਦਾ ਸੀ। ਪਰ ਹੁਣ ਇਤਿਹਾਸਕ ਕਿਤਾਬਾਂ ਪੜ੍ਹਨ ਤੋਂ ਬਾਅਦ ਪਤਾ ਲੱਗਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੋਂ ਵਾਇਆ ਅੰਮ੍ਰਿਤਸਰ ਰਾਹੀਂ ਬਟਾਲਾ ਜਾਂ ਅਦੀਨਾਨਗਰ ਜਾਂਦੇ ਸਨ ਤਾਂ ਵਾਇਆ ਵੇਰਕਾ, ਕੱਥੂਨੰਗਲ, ਚਵਿੰਡਾ ਵਿਖੇ ਉੱਚੇ ਥੇਹਾਂ ਤੇ ਆਪਣੀਆਂ ਫੌਜ਼ਾਂ ਨਾਲ ਪੜਾਉ ਕਰਦੇ ਸਨ। ਕੱਥੂਨੰਗਲ ਤੋਂ ਚੜ੍ਹਦੇ ਵੱਲ ਇੱਕ ਕਿਲੋਮੀਟਰ ਦੀ ਦੂਰੀ ਤੇ ਮੇਰਾ ਪਿੰਡ ਜਗਤਪੁਰ ਹੈ। ਇਤਿਹਾਸ ਕੇਵਲ ਪੜ ਕੇ ਹੀ ਨਹੀਂ ਸਗੋਂ ਉਸ ਇਲਾਕੇ ਨਾਲ ਡੂੰਘਾਈ ਵਿਚ ਜੁੜ ਕੇ ਇਤਿਹਾਸਕਾਰ ਬਣਿਆ ਜਾਂਦਾ ਹੈ।
ਸ੍ਰ.ਰਤਨ ਸਿੰਘ ਦੀ ਮੌਤ 1845 ਈ: ਵਿਚ ਫਿਰੋਜਪੁਰ ਸੈਕਟਰ ਵਿਚ ਹੋਈ ਸੀ। ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਤਾਂ ਥੋੜ੍ਹੇ ਸਮੇਂ ਬਾਅਦ ਹੀ ਰਾਜ ਦਰਬਾਰ ਦੇ ਵਿਚ ਮਹਾਰਾਜੇ ਦੇ ਹੋਰ ਰਿਸ਼ਤੇਦਾਰਾਂ ਦੇ ਨਾਲ ਵਧੀਕੀਆਂ ਕੀਤੀਆਂ ਗਈਆਂ। ਇਥੋਂ ਤੱਕ ਕਿ ਮਹਾਰਾਜਾ ਦਲੀਪ ਸਿੰਘ ਨੂੰ ਇਕ ਤਰ੍ਹਾਂ ਨਾਲ ਕਿਲ੍ਹੇ ਦੇ ਅੰਦਰ ਮਹਿਦੂਦ (ਸੀਮਤ) ਕਰ ਦਿੱਤਾ ਗਿਆ ਤੇ ਹੌਲੀ-ਹੌਲੀ ਮਹਾਰਾਜਾ ਦੇ ਸਾਰੇ ਉਤਰਾਅਧਿਕਾਰੀਆਂ ਨੂੰ ਹਰ ਪ੍ਰਕਾਰ ਦੀ ਪ੍ਰਸ਼ਾਸਕੀ ਤੇ ਰਾਜਕੀ ਸੱਤਾ ਤੋਂ ਵਿਹੀਨ ਕਰਕੇ ਉਨ੍ਹਾਂ ਨੂੰ ਬਾਕੀ ਅੰਗਰੇਜ਼ ਮੁਲਾਜਮਾਂ ਵਾਂਗ ਤਨਖਾਹ ਜਾਂ ਨਿਸ਼ਚਿਤ ਗੁਜ਼ਾਰੇ ਦੀ ਰਕਮ ਦੇਣੀ ਪ੍ਰਵਾਨ ਕਰਕੇ ਮਾਮੂਲੀ ਹੈਸੀਅਤ ਵਾਲੇ ਬਣਾ ਦਿੱਤਾ ਗਿਆ। ਮਹਾਂਰਾਣੀ ਜਿੰਦਾਂ ਨੂੰ ਕਿਲ੍ਹੇ ’ਚੋਂ ਬਾਹਰ ਕੱਢ ਦਿੱਤਾ ਗਿਆ ਅੰਗਰੇਜ਼ ਸ਼ਾਸ਼ਕ, ਮਹਾਰਾਜਾ ਦੇ ਨਾਲ ਕੀਤੀਆਂ ਸੰਧੀਆਂ ਤੇ ਕਾਇਮ ਨਹੀਂ ਰਹੇ ਅਤੇ ਅੰਗਰੇਜ਼ ਕੂਟਨੀਤੀ ਤੇ ਕੁਟਿਲ-ਵਿਵਹਾਰ ਨਾਲ ਸਿੱਖ ਸ਼ਾਸਨ ਨੂੰ ਖ਼ਤਮ ਕਰਨ ਲਈ ਹਰ ਉਪਰਾਲਾ ਕੀਤਾ। ਉਸੇ ਤਰ੍ਹਾਂ ਹੀ ਸ੍ਰ.ਰਤਨ ਸਿੰਘ ਦੀ ਪਤਨੀ ਭਾਗਭਰੀ ਜੋ ਕਿ ਉਸ ਸਮੇਂ ਆਪਣੇ ਤਿੰਨ ਛੋਟੇ ਬੱਚਿਆਂ ਦੇ ਨਾਲ ਕਿਲ੍ਹਾ ਜਗਤਪੁਰ ਬਜਾਜ ਵਿਖੇ ਰਹਿ ਰਹੀ ਸੀ। ਜਦ ਉਸਨੂੰ ਪਤਾ ਲੱਗਾ ਕਿ ਫੌਜ਼ ਨੇ ਕਿਲ੍ਹੇ ਨੂੰ ਘੇਰਾ ਪਾ ਲਿਆ ਹੈ ਤਾਂ ਉਸਨੇ ਹੀਰਾ ਚੱਟ ਕੇ ਆਪਣੇ ਆਪ ਨੂੰ ਖ਼ਤਮ ਕਰ ਲਿਆ। ਅੰਗਰੇਜ਼ਾਂ ਦਾ ਕਾਰਦਾਰ ਸੋਭਾਰਾਮ ਆਪਣੀ ਫੌਜ਼ ਦੇ ਨਾਲ ਕਿਲ੍ਹੇ ਦੇ ਅੰਦਰ ਦਾਖ਼ਲ ਹੋਇਆ ਅਤੇ ਸਾਰੀ ਚਲ-ਅਚੱਲ ਸੰਪਤੀ ਕਬਜ਼ੇ ’ਚ ਕਰ ਲਈ। ਜਗੀਰਾਂ ਸਸਪੈਂਡ ਕਰ ਦਿੱਤੀਆਂ ਗਈਆਂ। ਸ੍ਰ:ਰਤਨ ਸਿੰਘ ਕੁਮੇਦਾਨ ਦੇ ਤਿੰਨ ਲੜਕੇ ਸਨ : ਸ੍ਰ:ਗੁਰਦਿੱਤ ਸਿੰਘ, ਸ੍ਰ:ਠਾਕੁਰ ਸਿੰਘ ਅਤੇ ਸ੍ਰ:ਭਗਵਾਨ ਸਿੰਘ। ਸ੍ਰ:ਗੁਰਦਿੱਤ ਸਿੰਘ ਦਾ ਲੜਕਾ ਹੀਰਾ ਸਿੰਘ, ਠਾਕੁਰ ਸਿੰਘ ਲਾਵਲਦ ਰਿਹਾ। ਭਗਵਾਨ ਸਿੰਘ ਦੀ ਔਲਾਦ ਨਰਾਇਣ ਸਿੰਘ, ਨਰਾਇਣ ਸਿੰਘ ਦਾ ਪੁੱਤਰ ਅਤਰ ਸਿੰਘ। ਅਤਰ ਸਿੰਘ ਦੇ ਤਿੰਨ ਲੜਕੇ : ਪ੍ਰੀਤਮ ਸਿੰਘ, ਹਰਚਰਨ ਸਿੰਘ ਅਤੇ ਜੋਗਿੰਦਰ ਸਿੰਘ ਸਨ। ਅੱਗੋਂ ਇਨ੍ਹਾਂ ਦੀ ਔਲਾਦ ਨੌਕਰੀਆਂ ਅਤੇ ਕਾਸ਼ਤ ਕਰਦੇ ਹਨ।
ਸੰਨ 6 ਮਾਰਚ 1846 ਈਸਵੀ ਨੂੰ ਮੈਗਰੀ ਸਾਹਿਬ (ਵੱਡੇ ਸਾਹਿਬਾ) ਨੇ ਦੀਵਾਨ ਦੀਨਾਨਾਥ ਨੂੰ ਹੁਕਮ ਦਿੱਤਾ ਕਿ ਕਮਾਂਡੈਂਟ ਰਤਨ ਸਿੰਘ ਦੇ ਪੁੱਤਰਾਂ ਵਿਚਕਾਰ ਜੋ ਵਿਰਾਸਤ ਦਾ ਫੈਸਲਾ ਹੋਇਆ ਹੈ ਉਹ ਜ਼ਮੀਨਾਂ ਉਨ੍ਹਾਂ ਨੂੰ ਵੰਡ ਕੇ ਦੇ ਦੇਣ ਅਤੇ ਉਹ ਸਰਕਾਰ ਦੇ ਨਜ਼ਰਾਨੇ ਵਜੋਂ 60 ਹਜ਼ਾਰ ਰੁਪਏ ਉਨ੍ਹਾਂ ਤੋਂ ਲੈ ਲੈਣ। ਉਮਦਾ-ਉਤਵਾਰੀਖ
ਮੈਂ ਅੱਜ ਕੱਲ ਸਿੱਖ ਜਗਤ ਦੀ ਸਿਰਮੋਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੇਵਾ ਨਿਭਾ ਰਿਹਾ ਹਾਂ। ਮੇਰੇ ਕੋਲ ਇਤਿਹਾਸਕ ਰਿਕਾਰਡ ਹੈ। ਬਹੁਤ ਸਾਰੇ ਲਿਖਾਰੀਆਂ ਦੀਆਂ ਇਤਿਹਾਸਕ ਕਿਤਾਬਾਂ ਪੜ੍ਹਨ ਤੋਂ ਬਾਅਦ ਮੈਂ ਸੋਚਿਆ ਪਰਿਵਾਰ ਦੇ ਪਿਛੋਕੜ ਦੀ ਅਸਲੀਅਤ ਨੂੰ ਉਜਾਗਰ ਕਰਾਂ। ਪੁਰਾਤਨ ਕਿਲ੍ਹੇ ਦੀ ਹਾਲਤ ਬੜੀ ਖਸਤਾ ਹੋ ਚੁੱਕੀ ਹੈ। ਪੁਰਾਣਾ ਰਿਕਾਰਡ ਤਹਿਸੀਲ ਕਚਹਿਰੀਆਂ ਵਿਚ ਪਿਆ ਹੈ ਤੇ ਰਿਕਾਰਡ ਦੀ ਹਾਲਤ ਖਤਮ ਹੋਣ ਕਿਨਾਰੇ ਹੈ। ਇਸਦੇ ਬਾਵਜੂਦ ਵੀ ਜਿਲਾ ਅਧਿਕਾਰੀਆਂ ਵੱਲੋਂ ਰਿਕਾਰਡ ਦੀ ਸਾਂਭ-ਸੰਭਾਲ ਅਤੇ ਰੱਖ-ਰਖਾਵ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ। ਜਿਸ ਤਰ੍ਹਾਂ ਕਿ ਰੈਵੀਨਿਊ ਰਿਕਾਰਡ ਵਿਚ ਜ਼ਮੀਨਾਂ ਨੂੰ ਕੰਪਿਊਟਰਾਈਜ਼ਡ ਕੀਤਾ ਜਾ ਰਿਹਾ ਹੈ। ਉਸੇ ਤਰ੍ਹਾਂ ਹੀ 1852-53 ਤੋਂ ਬਾਅਦ ਦਾ ਰਿਕਾਰਡ ਵੀ ਕੰਪਿਊਟਰਾਈਜ਼ਡ ਹੋਣਾ ਅਤਿ-ਲਾਜ਼ਮੀ ਹੈ। ਸਿੱਖ ਰਾਜ ਸਥਾਪਤ ਕਰਨ ਵਾਲੇ ਦੇ ਪਰਿਵਾਰ ਵੱਲ ਪਿੱਛਲੇ 175 ਸਾਲਾਂ ਤੋਂ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ। ਮਹਾਰਾਜਾ ਰਣਜੀਤ ਸਿੰਘ ਇਕ ਬਹਾਦਰ ਯੋਧਾ ਸਨ। ਉਨ੍ਹਾਂ ਦੇ ਰਾਜ ਵਿਚ ਸਭ ਧਰਮਾਂ ਨੂੰ ਇਕੋ ਜਿਹਾ ਮਾਨ-ਸਨਮਾਨ ਦਿੱਤਾ ਜਾਂਦਾ ਸੀ। ਉਨ੍ਹਾਂ ਦੀ ਦੂਰ ਅੰਦੇਸ਼ੀ ਅਤੇ ਸੋਚ ਸਦਕਾ ਇਕ ਮਿਸਲ ਦੇ ਸਰਦਾਰ ਤੋਂ ਪੂਰੇ ਪੰਜਾਬ ਰਾਜ ਦੇ ਸ਼ਾਸਕ ਬਣ ਗਏ। ਉਨ੍ਹਾਂ ਨੇ ਧਰਮ ਨਿਰਪੱਖ ਅਤੇ ਸ਼ਕਤੀਸ਼ਾਲੀ ਸਾਮਰਾਜ ਦੀ ਸਥਾਪਨਾ ਕੀਤੀ। ਅਫ਼ਗਾਨਿਸਤਾਨ ਤੋਂ ਲੈ ਕੇ ਚੀਨ ਦੀਆਂ ਸਰਹੱਦਾਂ ਤੇ ਸਾਰੇ ਪੰਜਾਬ ਨੂੰ ਆਪਣੇ ਨਾਲ ਰਲਾ ਕੇ ਰਾਜ ਦਾ ਵਿਸਥਾਰ ਕਰਕੇ ਖਾਲਸਾ ਰਾਜ ਦੇ ਝੰਡੇ ਥੱਲੇ ਇਕੱਤਰ ਕੀਤਾ ਸੀ। ਅੱਜ ਵੀ ਇਤਿਹਾਸ ਵਿਚ ਉਸ ਵਲੋਂ ਨਿਭਾਏ ਗਏ ਰੋਲ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਰੋਜ਼ਾਨਾ ਹੀ ਇਤਿਹਾਸਕਾਰਾਂ ਅਤੇ ਲਿਖਾਰੀਆਂ ਵਲੋਂ ਵੱਖ-ਵੱਖ ਅਖ਼ਬਾਰਾ ਵਿਚ ਉਨ੍ਹਾਂ ਬਾਰੇ ਆਰਟੀਕਲ ਅਤੇ ਕਿੱਸੇ ਕਹਾਣੀਆਂ ਛਪਦੀਆਂ ਰਹਿੰਦੀਆਂ ਹਨ। 20ਵੀਂ ਤੇ 21ਵੀਂ ਸਦੀ ਵਿਚ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਪਹਿਲੀ ਵਾਰ ਵੱਡੇ ਪੱਧਰ ਤੇ ਸ਼ਤਾਬਦੀਆਂ, ਜਨਮ ਦਿਹਾੜੇ, ਸ਼ਹੀਦੀ ਦਿਹਾੜੇ ਮਨਾਏ ਗਏ। ਗੁਰੂ ਅੰਗਦ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਦਿਹਾੜਾ, ਗੁਰੂ ਅਰਜਨ ਦੇਵ ਜੀ ਦਾ 400 ਸਾਲਾ ਸ਼ਹੀਦੀ ਪੁਰਬ, ਚਾਰ ਸਾਹਿਬਜਾਦਿਆਂ, ਮਾਤਾ ਗੁਜਰੀ ਜੀ ਅਤੇ ਸ਼ਹੀਦਾਂ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਮਨਾਉਣ ਦਾ ਮੌਕਾ ਹਾਸਿਲ ਹੋਇਆ। ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 300 ਸਾਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਪੰਜ ਪਿਆਰਿਆਂ, ਚਾਰ ਸਾਹਿਬਜਾਦਿਆਂ, ਚਾਲੀ ਮੁਕਤਿਆਂ ਦੀ ਟੁੱਟੀ ਗੰਢੀ 300 ਸਾਲਾ ਸ਼ਹੀਦੀ ਯਾਦ ਨੂੰ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ 200 ਸਾਲਾ ਤਾਜਪੋਸ਼ੀ ਅਤੇ ਹੋਰ ਬਹੁਤ ਸਾਰੀਆਂ ਜੰਗੀ ਯਾਦਗਾਰਾਂ, ਪੈਨੋਰਾਮਾ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਅਕੈਡਮੀਆਂ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਆਦਿ ਦੀ ਸਥਾਪਨਾ ਕੀਤੀ ਗਈ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਸਮੇਂ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸਬੰਧਤ ਸਕੂਲ ਕਾਲਜ ਖੋਹਲੇ ਗਏ ਹਨ ਅਤੇ ਇਸ ਸੰਸਥਾ ਵੱਲੋਂ ਦੇਸ਼ ਵੰਡ ਤੋਂ ਪਹਿਲਾਂ ਅਤੇ ਹੁਣ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਪਾਕਿਸਤਾਨ ਲਾਹੌਰ ਵਿਚ ਹਰ ਸਾਲ ਮਨਾਈ ਜਾਂਦੀ ਹੈ।
ਐਸ.ਜੀ.ਪੀ.ਸੀ. ਵਿਚ ਸਰਵਿਸ ਹੋਣ ਕਰਕੇ ਮੈਂ ਅਤੇ ਮੇਰੇ ਸਾਰੇ ਪਰਿਵਾਰ ਨੇ ਇਹਨਾਂ ਇਤਿਹਾਸਕ ਸ਼ਤਾਬਦੀਆਂ ਤੇ ਦਿਨ ਦਹਾੜਿਆਂ ਨੂੰ ਬੜੇ ਨੇੜੇ ਹੋ ਕੇ ਮਾਣਿਆ ਤੇ ਖੁਸ਼ੀ ਪ੍ਰਾਪਤ ਕੀਤੀ। ਮੈਂ ਖਾਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਜਿੰਨ੍ਹਾਂ ਪਰਿਵਾਰਾਂ ਨੇ ਸਿੱਖ ਰਾਜ ਨੂੰ ਪ੍ਰਫੁਲਤ ਕਰਨ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਦਿੱਤਾ ਅਤੇ ਇਤਿਹਾਸਕ ਰੋਲ ਅਦਾ ਕੀਤਾ। ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਸੇਵਾਵਾਂ ਨੂੰ ਮਾਣ ਦੇਣ ਸਬੰਧੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।  ਉਨ੍ਹਾਂ ਦੇ ਪਰਿਵਾਰਾਂ ਨੂੰ ਵਾਚਣ ਦੇ ਲਈ ਇਕ ਉੱਚ ਪੱਧਰੀ ਇਤਿਹਾਸਕਾਰਾਂ ਦਾ ਪੈਨਲ ਬਣਾ ਕੇ ਉਨ੍ਹਾਂ ਪਰਿਵਾਰਾਂ ਨਾਲ ਰਾਬਤਾ ਕਰਨਾ ਚਾਹੀਦਾ ਹੈ। ਖਿਲਰੇ ਇਤਿਹਾਸ ਨੂੰ ਇਕੱਠੇ ਕਰਨਾ ਸਮੇਂ ਦੀ ਲੋੜ ਹੈ। ਖੋਜ ਜਾਰੀ ਹੈ।

WRITTEN BY