ਨਵੀਂ ਦਿੱਲੀ, 24 ਜਨਵਰੀ (ਪੀ. ਟੀ.)- ਆਪ ਪਾਰਟੀ ਦੇ ਸੰਸਥਾਪਕ ਮੈਂਬਰ ਸ਼ਾਂਤੀ ਭੂਸ਼ਨ ਦੇ ਬੇਟੇ ਅਤੇ ਪਾਰਟੀ ਦੇ ਪ੍ਰਮੁੱਖ ਮੈਂਬਰ ਪ੍ਰਸ਼ਾਂਤ ਭੂਸ਼ਨ ਨੇ ਹੁਣ ਅਰਵਿੰਦ ਕੇਜਰੀਵਾਲ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ। ਇਕ ਰਿਪੋਰਟ ਮੁਤਾਬਿਕ ਸਮਾਜਿਕ ਕਾਰਜਕਰਤਾ ਅੰਨਾ ਹਜ਼ਾਰੇ ਦੇ ਲੋਕ ਪਾਲ ਅੰਦੋਲਨ ਦੇ ਸਮੇਂ ਤੋਂ ਕੇਜਰੀਵਾਲ ਨਾਲ ਜੁੜੇ ਪ੍ਰਸ਼ਾਂਤ ਭੂਸ਼ਨ ਨੇ ਸ਼ੱਕੀ ਅਕਸ ਵਾਲੇ ਆਪ ਦੇ 12 ਉਮੀਦਵਾਰਾਂ ਦੀ ਸੂਚੀ ਸੌਂਪੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਭੂਸ਼ਨ ਨੇ ਇਨ੍ਹਾਂ ਸ਼ੱਕੀ ਅਕਸ ਵਾਲੇ ਉਮੀਦਵਾਰਾਂ ਦਾ ਟਿਕਟ ਵਾਪਸ ਲੈਣ ਦੀ ਮੰਗ ਕਰਦੇ ਹੋਏ ਆਪਣੀ ਸੂਚੀ ਪਾਰਟੀ ਦੇ ਅੰਤਰਿਕ ਲੋਕਪਾਲ ਨੂੰ ਸੌਂਪੀ ਹੈ। ਰਿਪੋਰਟ ਮੁਤਾਬਿਕ ਭੂਸ਼ਨ ਨੇ ਕਿਹਾ ਹੈ ਕਿ ਉਮੀਦਵਾਰਾਂ ਦੀ ਜਿਸ ਤਰ੍ਹਾਂ ਚੋਣ ਕੀਤੀ ਗਈ ਹੈ, ਉਸ ਦੇ ਬਾਰੇ ‘ਚ ਕਾਫੀ ਸ਼ਿਕਾਇਤਾਂ
ਆਈਆਂ ਹਨ। ਖ਼ਾਸਕਰ ਅਜਿਹੇ ਉਮੀਦਵਾਰ ਜੋ ਹਾਲ ਹੀ ‘ਚ ਹੋਰ ਪਾਰਟੀਆਂ ਤੋਂ ਆਏ ਹਨ। ਪਾਰਟੀ ਦੇ ਲੋਕਪਾਲ ਨੇ ਇਨ੍ਹਾਂ ‘ਚ ਦੋ ਉਮੀਦਵਾਰਾਂ ਨੂੰ ਹਟਾਉਣ ਦੀ ਸਿਫਾਰਿਸ਼ ਕੀਤੀ ਸੀ। ਗੌਰਤਲਬ ਹੈ ਕਿ ਪਾਰਟੀ ਨੇ ਹਾਲ ਹੀ ‘ਚ ਗੋਵਰਧਨ ਸਿੰਘ ਅਤੇ ਰਜਿੰਦਰ ਡਬਾਸ ਦੇ ਟਿਕਟ ਰੱਦ ਕੀਤੇ ਹਨ।



