ਸੰਗਰੂਰ, 24 ਜਨਵਰੀ (ਹਰਜੀਤ ਸਿੰਘ ਹਸਨਪੁਰੀ)-ਫੂਡ ਪ੍ਰੋਸੈਸਿੰਗ ਯੂਨਿਟ ਦੇ ਨਾਂ ਹੇਠ ਪਿੰਡ ਘਨੌਰੀ ਕਲਾਂ ਵਿੱਚ ਲੱਗ ਰਹੇ ਮੀਟ ਪਲਾਂਟ ਵਿਰੁੱਧ 19 ਦਸੰਬਰ ਤੋਂ ਚੱਲ ਰਹੇ ਸੰਘਰਸ਼ ਦੌਰਾਨ ਅੱਜ ਪਹਿਲੀ ਵਾਰ ਪਿੰਡ ਵਾਸੀਆਂ ਨੇ ਆਪ ਮੁਹਾਰੇ ਰੋਸ ਮੁਜਾਹਰਾ ਕਰਦਿਆਂ ਸਰਕਾਰ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਮੀਟ ਪਲਾਂਟ ਬੰਦ ਕਰਵਾਉਣ ਲਈ ਬੀਤੇ ਦਿਨ ਗਊ ਸੇਵਾ ਮਿਸ਼ਨ ਦੇ ਮੁੱਖ ਪ੍ਰਬੰਧਕ ਸੰਤ ਕ੍ਰਿਸ਼ਨਾਨੰਦ ਭੂਰੀ ਵਾਲੇ ਸੁਆਮੀ ਅਮ੍ਰਿਤਾ ਨੰਦ ਝਲੂਰ ਵਾਲੇ, ਸੰਤ ਸ਼ੁੱਧ ਸਿੰਘ ਟੂਸੇ ਮਾਛੀਵਾੜੇ ਵਾਲੇ ਅਤੇ ਬਾਬਾ ਰਣਜੀਤ ਸਿੰਘ ਬਾਠਾਂ ਵਾਲੇ ਦੀ ਸਾਂਝੀ ਅਗਵਾਈ ਹੇਠ ਘਨੌਰੀ ਕਲਾਂ ਵਿਖੇ ਕੀਤੀ ਗਈ ਰੋਸ ਰੈਲੀ ਤੋਂ ਪ੍ਰੇਰਿਤ ਹੋ ਕੇ ਅੱਜ ਪਿੰਡ ਵਾਸੀਆਂ ਨੇ ਭਵਿੱਖ ਵਿੱਚ ਹੋਣ ਵਾਲੇ ਸੰਘਰਸ਼ਾਂ ਵਿੱਚ ਵੀ ਮੋਹਰੀ ਹੋ ਕੇ ਚੱਲਣ ਦਾ ਅਹਿਦ ਕੀਤਾ ਹੈ। ਅੱਜ ਸਵੇਰ ਕਰੀਬ ਨੌ ਵਜੇ ਪਿੰਡ ਘਨੌਰੀ ਕਲਾਂ ਦੇ ਧੂਰੀ ਵਾਲੇ ਦਰਵਾਜੇਅੰਦਰ ਮਜ਼ਬੀ ਸਿੰਘਾਂ ਦੇ ਮੁਹੱਲੇ ਤੋਂ ਪੰਚ ਗੁਰਮੁੱਖ ਸਿੰਘ
ਨੌਜਵਾਨ ਆਗੂ ਕਰਮਜੀਤ ਸਿੰਘ ਗੋਰਾ, ਗਿਆਨ ਸਿੰਘ ਸ਼ਿਵ ਮਤਰ ਕਮੇਟੀ ਦੇ ਆਗੂ ਪੰਡਤ ਧਨੀ ਰਾਮ ਆਦਿ ਦੀ ਅਗਵਾਈ ਹੇਠ ਕਰੀਬ ਪੰਜ ਦਰਜਨ ਨੌਜਵਾਨਾਂ ਤੇ ਕਿਸਾਨਾਂ ਨੇ ਪਿੰਡ ਵਿੱਚ ਚੇਤਨਾ ਮੁਜ਼ਾਹਰਾ ਕੀਤਾ ਜੋ ਲਟੀਆ ਪੱਤੀ ਡਾ ਅੰਬੇਦਕਰ ਨਗਰ ,ਸੂਰਾ ਪੱਤੀ, ਪਰਸ਼ਹੀ ਪੱਤੀ, ਰਾਠੀ ਪੱਤੀ, ਬਾਜ਼ੀਗਰ ਬਸਤੀ ਹੋ ਕੇ ਬੂਲਾ ਰਾਠੀ ਪੱਤੀ ’ਚ ਧੂਰੀ ਵਾਲੇ ਦਰਵਾਜੇਵਿਖੇ ਪਹੁੰਚਿਆ ਜਿੱਥੇ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਮੀਟ ਪਲਾਂਟ ਖੋਲ੍ਹੇ ਜਾਣ ਨਾਲ ਪਿੰਡ ਦੀ ਹਵਾ, ਪਾਣੀ ਤੇ ਸਮੁੱਚਾ ਵਾਤਾਵਰਨ ਬੁਰੀ ਤਰ੍ਹਾਂ ਪਲੀਤ ਹੋ ਜਾਵੇਗਾ। ਇੱਥੋਂ ਤੱਕ ਕਿ ਪਿੰਡ ਦੇ ਨੌਜਵਾਨਾਂ ਨੂੰ ਲੋਕਾਂ ਨੇ ਰਿਕਰਨ ਤੋਂ ਵੀ ਇਨਕਾਰ ਕਰ ਦੇਣਾ ਹੈ, ਜਿਸ ਕਰਕੇ ਅਗਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਆਗੂਆਂ ਨੇ ਧਰਮ ਗੁਰੂਆਂ ਵੱਲੋਂ 26 ਜਨਵਰੀ ਨੂੰ ਪੰਜਾਬ ਭਰ ਅੰਦਰ ਜ਼ਿਲ੍ਹਾ ਹੈਡਕੁਆਟਰਾਂ ’ਤੇ ਡਿਪਟੀ ਕਮਨਰਾਂ ਮੰਗ ਪੱਤਰ ਦੇਣ ਅਤੇ 8 ਫਰਵਰੀ ਦੀ ਮਹਾਂ ਰੇੈਲੀ ਨੂੰ ਇਤਿਹਾਸਕ ਰੈਲੀ ਬਣਾਉਣ ਲਈ ਹੁਣੇ ਤੋਂ ਤਿਆਰੀਆਂ ਵਿੱਚ ਜੁੱਟ ਜਾਣ ਦਾ ਸੱਦਾ ਵੀ ਦਿੱਤਾ। ਲੋਕਾਂ ਨੇ ਮੀਟ ਪਲਾਂਟ ਬੰਦ ਕਰਵਾਉਣ ਦੇ ਪਾਸ ਕੀਤੇ ਮਤੇ ਨੂੰ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਬੁੱਚੜਖਾਨਾ ਵਿਰੋਧੀ ਐਕਸ਼ਨ ਕਮੇਟੀ ਵਿੱਚ ਸ਼ਾਮਲ ਹੋਣ ਲਈ ਸੱਤਪਾਲ ਬਲਜੀਤ ਸਿੰਘ ,ਕਰਤਾਰ ਸਿਘ ,ਸੁਖਚੈਨ ਸਿੰਘ, ਭਰਭੂਰ ਸਿੰਘ, ਗੁਰਦੀਪ ਸਿੰਘ, ਮੱਖਣ ਸਿੰਘ ਸਮੇਤ 20 ਤੋਂ ਜ਼ਿਆਦਾ ਪਿੰਡ ਵਾਸੀਆਂ ਨੇ ਆਪਣੇ ਨਾਂ ਪੇਸ਼ ਕੀਤੇ।



