ਸੰਗਰੂਰ, 23 ਜਨਵਰੀ (ਰਾਕੇਸ਼ ਜਿੰਦਲ ਘਾਬਦਾਂ)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਧੂਰੀ ਵਿਖੇ ਨੀਲੇ ਕਾਰਡ ਜਾਰੀ ਨਾ ਕਰਨ ਅਤੇ ਪੈਨਸ਼ਨਾਂ ਕੱਟਣ ਦੇ ਵਿਰੋਧ ਵਜੋਂ ਰੋਸ ਅਤੇ ਘੇਰਾਓ ਕਰਨ ਜਾ ਰਹੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ਸਮੇਤ ਦਰਜਨਾਂ ਯੂਥ ਕਾਂਗਰਸੀਆਂ ਨੂੰ ਸਥਾਨਕ ਸ਼ਹਿਰ ਦੇ ਬਰਨਾਲਾ ਚੌਂਕ ਵਿਖੇ ਹੀ ਥਾਣਾ ਸਿਟੀ ਸੰਗਰੂਰ ਦੇ ਮੁੱਖ ਅਫ਼ਸਰ ਸੁਖਦੇਵ ਸਿੰਘ ਵਿਰਕ ਨੇ ਭਾਰੀ ਪੁਲਿਸ ਬਲ ਦੀ ਸਹਾਇਤਾ ਨਾਲ ਹਿਰਾਸਤ ’ਚ ਲੈ ਲਿਆ ਅਤੇ ਯੂਥ ਕਾਂਗਰਸੀਆਂ ਦੇ ਇਸ ਘੇਰਾਓ ਕਰਨ ਦੇ ਪ੍ਰਦਰਸ਼ਨ ਨੂੰ ਅਸਫ਼ਲ ਕਰ ਦਿੱਤਾ। ਰੋਹ ਵਿਚ ਭਰੇ-ਪੀਤੇ ਯੂਥ ਕਾਂਗਰਸੀਆਂ ਨੇ ਪੰਜਾਬ ਸਰਕਾਰ ਅਤੇ ਅਕਾਲੀਭਾਜਪਾ ਵਿਰੁੱਧ ਜ਼ਬਰਦਸਤ ਜੰਮ ਕੇ ਨਾਅਰੇਬਾਜ਼ੀ ਕੀਤੀ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਯੂਥ ਕਾਂਗਰਸੀਆਂ ਨੂੰ ਸਥਾਨਕ ਪੀ.ਡਬਲਯੂ.ਡੀ. ਰੈੱਸਟ ਹਾਊਸ ਵਿਖੇ ਬੰਦ ਕੀਤਾ ਗਿਆ ਅਤੇ ਕੁੱਝ ਘੰਟਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ।
ਇਸ ਮੌਕੇ ਬੀਬੀ ਕਾਂਗੜਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸੰਗਤ ਦਰਸ਼ਨਾਂ ਦਾ ਢੌਂਗ ਰਚਣ ਵਾਲੇ ਮੁੱਖ ਮੰਤਰੀ ਗਰੀਬਾਂ ਨੁੂੰ ਮਾਰਨ ’ਤੇ ਤੁਲ਼ੇ ਹੋਏ ਹਨ। ਬਾਦਲ ਸਰਕਾਰ ਦੀਆਂ ਅਜਿਹੀ ਲੋਕ ਮਾਰੂ ਨੀਤੀਆਂ ਦੇ ਸਭ ਤੋਂ ਵੱਧ ਸੰਗਰੂਰ ਦੇ ਲੋਕ ਹੀ ਸ਼ਿਕਾਰ ਹੋ ਰਹੇ ਹਨ। ਜਿਥੇ ਪਹਿਲਾਂ ਤਾਂ ਗਰੀਬਾਂ ਨੂੰ ਨਵੇਂ ਨੀਲੇ ਕਾਰਡ ਜਾਰੀ ਨਹੀਂ ਕੀਤੇ ਗਏ ਅਤੇ ਦੂਜੇ ਪਾਸੇ ਪੁਰਾਣੇ ਨੀਲੇ ਕਾਰਡ ਅਤੇ ਵਿਧਵਾਵਾਂ, ਬਜ਼ੁਰਗਾਂ ਦੀਆਂ ਪੈਨਸ਼ਨਾਂ ਤੱਕ ਬੰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਹਲਕਾ ਵਿਧਾਇਕ ਤੇ ਫੂਡ ਸਪਲਾਈ ਦੇ ਪਾਰਲੀਮਾਨੀ ਸਕੱਤਰ ’ਤੇ ਵੀ ਦੋਸ਼ ਲਗਾਉਂਦਿਆਂ ਕਿਹਾ ਕਿ ਗਰੀਬਾਂ ਨੂੰ ਨੀਲੇ ਕਾਰਡ ਨਾ ਮਿਲਣ ਅਤੇ ਪੁਰਾਣੇ ਕਾਰਡਾਂ ’ਤੇ ਮਿਲਣ ਵਾਲੇ ਖ਼ਰਾਬ ਅਨਾਜ਼ ਦਾ ਜ਼ਿੰਮੇਵਾਰ ਉਕਤ ਵਿਧਾਇਕ ਹੈ। ਬਾਦਲ ਸਰਕਾਰ ਲੋਕਾਂ ਗਰੀਬਾਂ ਦੀ ਹੱਕਾਂ ਦੀ ਅਵਾਜ਼ ਬੁ¦ਦ ਕਰ ਰਹੀ ਯੂਥ ਕਾਂਗਰਸ ਦੀ ਅਵਾਜ਼ ਨੂੰ ਪੁਲਿਸ ਦੇ ਬਲਬੂਤੇ ’ਤੇ ਦਬਾਉਣਾ ਚਾਹੁੰਦੀ ਹੈ ਪਰੰਤੂ ਰਾਹੁਲ ਗਾਂਧੀ ਦੇ ਸਿਪਾਹੀ ਅਜਿਹੀਆਂ ਗ੍ਰਿਫ਼ਤਾਰੀਆਂ ਦੀ ਕੋਈ ਪਰਵਾਹ ਨਹੀਂ ਕਰਦੇ। ਜੇਕਰ ਗਰੀਬਾਂ ਦੇ ਹੱਕਾਂ ਲਈ ਇਸ ਤੋਂ ਵੀ ਵੱਡੀ ਕੁਰਬਾਨੀ ਦੇਣੀ ਪਈ ਤਾਂ ਪਿੱਛੇ ਨਹੀਂ ਹਟਾਂਗੇ।
ਇਸ ਮੌਕੇ ਸੂਬਾ ਸਕੱਤਰ ਲਖਮੀਰ ਸਿੰਘ ਸੇਖੋਂ, ਦਰਸ਼ਨ ਸਿੰਘ ਕਾਂਗੜਾ ਸੂਬਾ ਸੀਨੀਅਰ ਵਾਈਸ ਚੇਅਰਮੈਨ ਆਫ਼ ਸਪੋਰਟਸ ਐਂਡ ਕਲਚਰਲ ਸੈੱਲ ਪੰਜਾਬ ਕਾਂਗਰਸ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਰੌਕੀ ਬਾਂਸਲ, ਜਸਪਾਲ ਵਲੇਚਾ, ਰਿੱਕੀ ਬਜਾਜ, ਇੰਦਰਜੀਤ ਨੀਲੂ, ਸਰਬਜੀਤ ਕੌਰ ਸਿੱਧੂ, ਪੁਸ਼ਪਾ ਰਾਣੀ ਦੇਵੀ, ਨਰੇਸ਼ ਕੁਮਾਰ ਰੰਗਾ, ਸਾਬਕਾ ਕੌਂਸਲਰ ਰਾਮ ਲਾਲ ਮੋਰ, ਹਰਬੰਸ ਸਿੰਘ ਪੰਮੀ, ਮਨਪ੍ਰੀਤ ਮੰਗਾਂ, ਭੋਲਾ ਪ੍ਰੇਮੀ, ਜੀਤ ਰਾਮ, ਸੰਜੀਵ ਗੋਇਲ ਹੈਪੀ, ਵਿਨੌਦ ਕੌਹਰੀਆਂ ਆਦਿ ਹਾਜ਼ਰ ਸਨ।



