ਜਲੰਧਰ, 23 ਜਨਵਰੀ (ਪੀ. ਟੀ.)- ‘‘ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਦੇ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਜਿਸਦੇ ਅਸੀਂ ਤਾਂ ਮੁਢੋਂ ਹੀ ਸਮਰਥਕ ਹਾਂ ਪਰ ਜਿਥੇ ਭਰੂਣ ਹੱਤਿਆ ਦੇ ਦੋਸ਼ੀਆਂ ਅਤੇ ਬੇਟੀਆਂ ਦੇ ਕਾਤਲਾਂ ਨੂੰ ਉਚ ਪਦਵੀਆਂ ਦੇ ਕੇ ਨਿਵਾਜਿਆ ਜਾਂਦਾ ਹੋਵੇ ਉਥੇ ਧੀਆਂ ਕਿਵੇਂ ਬਚਣਗੀਆਂ।’’ ਇਹ ਵਿਚਾਰ ਐਸ.ਜੀ.ਐਲ. ਜਨ ਸੇਵਾ ਕੇਂਦਰ ਗੜ੍ਹਾ ਜਲੰਧਰ ਦੇ ਫਾਊਂਡਰ ਚੇਅਰਮੈਨ ਸਾਹਿਬ ਸੁਆਮੀ ਕਸ਼ਮੀਰਾ ਸਿੰਘ ਜੀ ਨੇ ਧੀਆਂ ਦੀ ਸੁਰੱਖਿਆ ਬਾਰੇ ਦੂਰ ਦਰਸ਼ਨ ਅਤੇ ਅਖਬਾਰਾਂ ਵਿੱਚ ਕੀਤੇ ਜਾ ਰਹੇ ਪ੍ਰਚਾਰ ਉੱਤੇ ਟਿੱਪਣੀ ਕਰਦਿਆ ਚੋਣਵੇਂ ਪੱਤਰਕਾਰਾਂ ਸਾਹਮਣੇ ਪ੍ਰਗਟ ਕੀਤੇ। ਸੁਆਮੀ ਕਸ਼ਮੀਰਾ ਸਿੰਘ ਜੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਸਰਕਾਰ
ਚਲਾ ਰਿਹਾ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਭਰੂਣ ਹੱਤਿਆ ਦੇ ਦੋਸ਼ ਵਿੱਚ ਸਜ਼ਾਯਾਫਤਾ ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨਗੀ ਨਾਲ ਨਿਵਾਜ ਕੇ ਪ੍ਰਧਾਨ ਮੰਤਰੀ ਜੀ ਦੇ ਇਸ ਨਾਅਰੇ ਦੀ ਖਿੱਲੀ ਉਡਾ ਰਹੇ ਹਨ। ਸੁਆਮੀ ਜੀ ਨੇ ਕਿਹਾ ਜਿਸ ਬੀਬੀ ਜਗੀਰ ਕੌਰ ਨੇ ਆਪਣੀ ਬੇਟੀ ਦੀ ਕੁਖ ਉਜਾੜ ਕੇ ਫੇਰ ਉਸ ਦਾ ਵੀ ਕਤਲ ਕਰ ਦਿੱਤਾ ਉਸ ਕੋਲੋਂ ਸਮੁੱਚੀ ਇਸਤਰੀ ਜਾਤੀ ਦੀ ਸੁਰੱਖਿਆ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਬੀਬੀ ਜੀ ਦੇ ਪਰਿਵਾਰ ਨੂੰ ਚਾਰ ਉੱਚ ਪ੍ਰਧਾਨਗੀ, ਅਤੇ ਜਨਰਲ ਸੈਕਟ੍ਰੀਸ਼ਿਪ, ਅਤੇ ਉਨ੍ਹਾਂ ਦੇ ਜੁਆਈ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਸੈਕਟਰੀਸ਼ਿਪ ਇਸ ਕਰਕੇ ਦੇ ਰੱਖੀਆਂ ਹਨ ਤਾਕਿ ਸਰਕਾਰੀ ਅਧਿਕਾਰੀ ਉਨ੍ਹਾਂ ਵਿਰੁਧ ਚੱਲ ਰਹੇ ਕੇਸ ਵਿੱਚ ਅੰਦਰਖਾਤੇ ਉਨ੍ਹਾਂ ਦੀ ਸਹਾਇਤਾ ਕਰਨ।
ਸੁਆਮੀ ਕਸ਼ਮੀਰਾ ਸਿੰਘ ਜੀ ਨੇ ਅੱਗੇ ਕਿਹਾ ਕਿ ਅੱਜ ਸਵੇਰੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਕਥਾ ਕਰਦਿਆਂ ਸ੍ਰੀ ਅਕਾਲੀ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਨੇੜ ਭਵਿੱਖ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤ ਸੰਚਾਰ ਕੀਤਾ ਜਾਣਾ ਹੈ। ਜਿਸ ਦਾ ਲਾਹਾ ਲੈਂਦਿਆ ਸਭ ਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ। ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰਿਆਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਹਿਦਾਇਤਾਂ ਦੀ ਵਿਆਖਿਆਂ ਕਰਦਿਆਂ ਉਨ੍ਹਾਂ ਨੇ ਉਚੇਚੇ ਤੌਰ ਤੇ ਦੱਸਿਆ ਕਿ ਅੰਮ੍ਰਿਤਧਾਰੀ ਸਿੰਘ ਨੂੰ ਮੀਣੇ, ਮਸੰਦਾਂ, ਨੜੀਮਾਰ, ਕੁੜੀਮਾਰ ਆਦਿ ਨਾਲ ਕੋਈ ਨਾਤਾ ਨਹੀਂ ਰੱਖਣਾ ਚਾਹੀਦਾ। ਅਸੀਂ ਬਹੁਤ ਹੀ ਅਦਬ ਸਹਿਤ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਕੁੜੀ ਮਾਰ ਬੀਬੀ ਜਗਰੀ ਕੌਰ ਜੀ ਨੂੰ ਅਕਾਲੀ ਦਲ ਵਿੱਚ ਉਚ ਪਦਵੀਂਆਂ ਦੇ ਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨਿਮਰਤਾ ਸਾਹਿਬ ਇਹ ਜਾਨਣਾ ਚਾਹੁੰਦੇ ਹਾਂ ਕਿ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਜਦੋਂ ਕਿ ਹੋਰ ਛੋਟੇ ਛੋਟੇ ਮਸਲਿਆਂ ਲਈ ਪੰਜ ਸਿੰਘ ਸਾਹਿਬਾਨ ਦੀਆਂ ਇਕਤਰਤਰਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ ਅਤੇ ਐਕਸ਼ਨ ਲਏ ਜਾਂਦੇ ਹਨ-ਇਸ ਕੇਸ ਵਿੱਚ ਵੀ ਐਕਸ਼ਨ ਹੋਣਾ ਚਾਹੀਦਾ ਹੈ।



