ਚੰਡੀਗੜ੍ਹ, 22 ਜਨਵਰੀ (ਪੀ. ਟੀ.)- ਸੂਬੇ ਵਿਚ ਸ਼ਰਾਬ ਦੀ ਵਿਕਰੀ ਤੋਂ ਇਕੱਠੇ ਹੁੰਦੇ ਵਿਸ਼ੇਸ਼ ਫੰਡ ਨੂੰ ਵਰਤਣ ਦੇ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਪੰਜਾਬ ਵਿਕਾਸ ਫੰਡ ਬੋਰਡ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਚੇਅਰਮੈਨ ਆਬਕਾਰੀ ਤੇ ਕਰ ਵਿਭਾਗ ਦੇ ਮੰਤਰੀ ਹੋਣਗੇ। ਬੋਰਡ ਉਚੇਚੇ ਰੂਪ ਵਿਚ ਇਕੱਤਰ ਕੀਤੇ ਫੰਡ ਦੀ ਵਰਤੋਂ ਵੱਖ-ਵੱਖ ਭਲਾਈ ਸਕੀਮਾਂ, ਜਨਤਕ ਭਲਾਈ ਲਈ ਢਾਂਚੇ ਦੀ ਉਸਾਰੀ, ਨਸ਼ਾ ਛਡਾਉ ਕੇਂਦਰਾਂ ਅਤੇ ਸਭਿਆਚਾਰ ਤੇ ਪੁਰਾਤੱਤਵ ਦੇ ਵਿਕਾਸ ਅਤੇ ਸਾਂਭ-ਸੰਭਾਲ ਲਈ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਬਕਾਰੀ ਤੇ ਕਰ ਵਿਭਾਗ ਵਲੋਂ ਸ਼ਰਾਬ ਦੀ ਵਿਕਰੀ ਮੌਕੇ ਉਕਤ ਫੰਡ ਲਈ ਮਾਲੀਆ ਇਕੱਠਾ ਕੀਤਾ ਜਾਂਦਾ ਹੈ ਜਿਸ ਨੂੰ ਰਾਜ ਵਿਚ ਭਲਾਈ ਸਕੀਮਾਂ ਲਈ ਖਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਰ ਨੀਤੀ ਤਹਿਤ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਲਈ ਪ੍ਰਾਪਤ ਅਰਜੀਤਆਂ ਰਾਹੀਂ ਇਕੱਠਾ ਕੀਤੇ ਮਾਲੀਏ ਦਾ 25
ਫੀਸਦੀ ਹਿੱਸਾ ਵਿਕਾਸ ਫੰਡ ਬੋਰਡ ਨੂੰ ਦਿੱਤਾ ਜਾਵੇਗਾ। ਰਾਜ ਸਰਕਾਰ ਦੀ ਅਧਿਸੂੁਚਨਾ ਅਨੁਸਾਰ ਆਬਕਾਰੀ ਤੇ ਕਰ ਵਿਭਾਗ ਦੇ ਮੰਤਰੀ ਬੋਰਡ ਦੇ ਚੇਅਰਮੈਨ ਹੋਣਗੇ ਜਦਕਿ ਮੁੱਖ ਸੰਸਦੀ ਸਕੱਤਰ ਆਬਕਾਰੀ ਤੇ ਕਰ, ਮੁੱਖ ਸਕੱਤਰ, ਵਿੱਤੀ ਕਮਿਸ਼ਨਰ ਕਰ, ਪ੍ਰਮੁੱਖ ਸਕੱਤਰ ਵਿੱਤ ਅਤੇ ਆਬਕਾਰੀ ਦੇ ਕਰ ਵਿਭਾਗ ਦੇ ਕਮਿਸ਼ਨਰ ਇਸ ਬੋਰਡ ਦੇ ਮੈਂਬਰ ਹੋਣਗੇ।



