ਲਹਿਰਾਗਾਗਾ, ਸੰਗਰੂਰ, 21 ਜਨਵਰੀ (ਰਾਕੇਸ਼ ਜਿੰਦਲ ਘਾਬਦਾਂ )-ਅੱਜ ਹਲਕਾ ਲਹਿਰਗਾਗਾ ਦੇ ਪਿੰਡ ਖੰਡੇਬਾਦ ਵਿਖੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਸੀਨੀਅਰ ਅਕਾਲੀ ਆਗੂ ਜੱਥੇਦਾਰ ਸ. ਗਰਜ਼ਾ ਸਿੰਘ ਖੰਡੇਵਾਦ ਦੇ ਅਚਾਨਕ ਅਕਾਲ ਚਲਾਣੇ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਉਨ੍ਹਾਂ ਦੇ ਨਿਵਾਸ ਸਥਾਨ ਤੇ ਪੁੱਜੇ। ਸ. ਬਾਦਲ ਨੇ ਜੱਥੇਦਾਰ ਗਰਜ਼ਾ ਦੇ ਸਪੁੱਤਰ ਸ. ਗਗਨਦੀਪ ਸਿੰਘ ਅਤੇ ਪਰਿਵਾਰਕ ਮੈਂਬਰਾਂ ਨਾਲ ਅਫ਼ਸੋਸ ਕਰਦਿਆਂ ਕਿਹਾ ਕਿ ਜੱਥੇਦਾਰ ਗਰਜ਼ਾ ਦੀ ਅਚਾਨਕ ਮੋਤ ਹੋਣ ਨਾਲ ਸ਼ੋਮ੍ਹਣੀ ਅਕਾਲੀ ਦਲ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਜੱਥੇਦਾਰ ਗਰਜ਼ਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਕਿਹਾ ਕਿ ਜੱਥੇਦਾਰ ਸ. ਗਰਜ਼ਾ ਇਕ ਇਮਾਨਦਾਰ ਅਤੇ ਮਿਹਨਤੀ ਆਗੂ ਸਨ। ਉਨ੍ਹਾਂ ਕਿਹਾ ਪਾਰਟੀ ਅੰਦਰ ਜੱਥੇਦਾਰ
ਗਰਜ਼ਾ ਦੇ ਪਰਿਵਾਰ ਨੂੰ ਹਮੇਸ਼ਾ ਸਤਿਕਾਰ ਦਿੱਤਾ ਜਾਵੇਗਾ। ਇਕ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਅਗਾਮੀ ਨਗਰ ਕੋਸ਼ਲਾਂ ਚੋਣਾਂ ਅਕਾਲੀ ਭਾਜਪਾ ਇਕਜੁੱਟ ਹੋ ਕੇ ਲੜੇਗੀ। ਪੱਤਰਕਾਰਾਂ ਵੱਲੋਂ ਐਮ.ਐਸ.ਜੀ. ਫਿਲਮ ਨੂੰ ਸੈਂਸਰ ਵੱਲੋਂ ਹਰੀ ਝੰਡੀ ਮਿਲਣ ਤੇ ਬਾਵਜੂਦ ਪੰਜਾਬ ਵਿੱਚ ਨਾ ਚਲਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਏਜੰਡਾ ਹੈ ਕਿ ਪੰਜਾਬ ਦੇ ਅੰਦਰ ਹਮੇਸ਼ਾ ਅਮਨ ਅਤੇ ਸਾਂਤੀ ਦਾ ਮਾਹੌਲ ਰਹੇ। ਉਨ੍ਹਾਂ ਕਿਹਾ ਹਾਲ ’ਚ ਅੰਗਰੇਜ਼ੀ ਦੀ ਇਕ ਅਖਬਾਰ ਨੇ ਸਰਵੈ ਕਰਵਾਇਆ ਸੀ ਜਿਸ ’ਚ 80 ਫੀਸਦੀ ਲੋਕਾਂ ਨੇ ਫਿਲਮ ਨੂੰ ਨਾਪਸੰਦ ਤੇ 10 ਫੀਸਦੀ ਨੇ ਕੁੱਝ ਕਹਿਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਪੰਜਾਬ ਅੰਦਰ ਅਜਿਹੀ ਫਿਲਮਾਂ ਚਲਾ ਕੇ ਅਮਨ ਸਾਂਤੀ ਦੇ ਮਾਹੌਲ ਨੂੰ ਕਿਸੇ ਕੀਮਤ ਤੇ ਖਰਾਬ ਨਹੀ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਸ. ਸੁਖਵੰਤ ਸਿੰਘ ਸਰਾਓ ਹਲਕਾ ਇੰਚਾਰਜ਼ ਲਹਿਰਗਾਗਾ ਸਤਪਾਲ ਸਿੰਗਲਾ ਸਾਬਕਾ ਚੇਅਰਮੈਨ ਪੰਜਾਬ ਐਗਰੋ, ਵਰਿੰਦਰ ਕੁਮਾਰ ਐਡਵੋਕੇਟ, ਜ਼ਿਲ੍ਰਾ ਪ੍ਰਧਾਨ ਸ਼ੋਮ੍ਹਣੀ ਅਕਾਲੀ ਦਲ ਜੱਥੇਦਾਰ ਸ. ਤੇਜਾ ਸਿੰਘ ਕਮਾਲਪੁਰ, ਗੋਬਿੰਦ ਸਿੰਘ ਲੌਗੋਂਵਾਲ ਸਾਬਕਾ ਮੰਤਰੀ ਪੰਜਾਬ, ਕੇਵਲ ਸਿੰਗਲਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਇੰਦਰਮੋਹਨ ਸਿੰਘ ਲਖਮੀਰਵਾਲਾ ਮੈਂਬਰ ਐਸ.ਜੀ.ਪੀ.ਸੀ, ਦਲੀਪ ਚੰਦ ਬਨਾਰਸੀ ਭਾਜਪਾ ਆਗੂ, ਸ. ਨਰਿੰਦਰ ਪਾਲ ਸਿੰਘ, ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ, ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਅਤੇ ਹੋਰ ਅਧਿਕਾਰੀ ਅਤੇ ਅਕਾਲੀ ਭਾਜਪਾ ਆਗੂ ਹਾਜ਼ਰ ਸਨ।



