ਬਠਿੰਡਾ/ਸੰਗਤ ਮੰਡੀ, 14 ਜਨਵਰੀ (ਰਾਜੇਸ਼ ਗੋਇਲ)- ਲੋਹੜੀ ਦੇ ਖੁਸ਼ੀਆਂ ਭਰੇ ਤਿਉਹਾਰ ’ਤੇ ਜ਼ੋਰਦਾਰ ਮੀਂਹ ਨੇ ਬਠਿੰਡਾ ਜਿਲ੍ਹੇ ਦੇ ਲੋਕਾਂ ਦੀਆਂ ਖੁਸ਼ੀਆਂ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ। ਇੱਥੇ ਦੱਸਣਯੋਗ ਹੈ ਕਿ ਲੋਹੜੀ ਤਿਉਹਾਰ ਨੂੰ ਲੈ ਕੇ ਬਠਿੰਡਾ ਜ਼ਿਲ੍ਹੇ ਅੰਦਰ ਰਾਤ ਸਮੇਂ ਨਾਚ ਗਾਣੇ, ਪੰਜਾਬੀ ਢੋਲ ਤੇ ਭੰਗੜੇ ਆਦਿ ਦੀਆਂ ਕੀਤੀਆਂ ਪਹਿਲਾਂ ਤੋਂ ਤਿਆਰੀਆਂ ਮੀਂਹ ਪੈ ਜਾਣ ਕਰਕੇ ਢੇਰ ਹੋ ਗਈਆਂ। ਰਾਤ ਹੁੰਦਿਆਂ ਸਾਰ ਲੋਕਾਂ ਨੇ ਹਰ ਸਾਲ ਵਾਂਗ ਆਪਣੇ ਗਲੀਆਂ ਮੁਹੱਲਿਆਂ ਵਿੱਚ ਪਾਥੀਆਂ-ਛਟੀਆਂ ਸਜਾ ਕੇ ਲੋਹੜੀ ਮਨਾਉਣ ਦੀਆਂ ਸਾਰੀਆਂ ਤਿਆਰੀਆਂ ਲੱਗਭੱਗ ਮੁਕੰਮਲ ਕਰ ਲਈਆਂ ਸਨ ਕਿ ਐਨ ਮੌਕੇ ਜ਼ੋਰਦਾਰ ਮੀਂਹ ਪੈਣ ਕਾਰਨ ਇਕੱਠੇ ਹੋਏ ਲੇਕਾਂ ਨੂੰ ਭਾਜੜਾਂ ਪੈ ਗਈਆਂ ਤੇ ਲੋਹੜੀ ਨੂੰ ਬਿਨਾਂ ਅਗਨੀ ਦਿੱਤਿਆਂ ਲੋਕ ਮੀਂਹ ਰੁੱਕ ਜਾਣ ਦੀ ਉਡੀਕ ਨੂੰ ਲੈ ਕੇ ਘਰ ਵੜ ਗਏ।ਲੋਹੜੀ ’ਤੇ ਇਕੱਠੇ ਲੋਕਾਂ ਨੇ ਕਿਹਾ ਕਿ ਉਏ ਸਾਡਿਆ ਰੱਬਾ ਅੱਜ ਕਿਹੋ ਜਿਹਾ ਕਾਲਾ ਦਿਨ ਚਾੜ੍ਹਤਾ ਸਾਰੀਆਂ ਖੁਸ਼ੀਆਂ ਢੇਰ ਹੋ ਗਈਆਂ। ਇਥੇ ਦੱਸ ਦਈਏ ਕਿ ਤੀਹ ਸਾਲ ਮਗਰੋਂ ਲੋਹੜੀ ਮੌਕੇ ਜ਼ੋਰਦਾਰ ਮੀਂਹ ਪਿਆ ਹੈ। ਦੂਜੇ ਪਾਸੇ ਇਕੱਠੇ ਹੋਏ ਲੋਕਾਂ ਪਾਸੋਂ ਲੋਹੜੀ ਮੰਗਣ ਆਉਣ ਵਾਲੇ ਗਰੀਬਾਂ ਦੀ ਰੋਜ਼ੀ-ਰੋਟੀ ’ਤੇ ਲੱਤ ਵੱਜ ਗਈ, ਕਿਉਂਕਿ ਲੋਹੜੀ ਦੇ ਇਸ ਦਿਨ ਦੀ ਗਰੀਬ ਲੋਕ ਵੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਹਨ।



