Skip to content
Independent perspectives. Global stories.
BREAKING

ਧੜੱਲੇਦਾਰ ਆਗੂ ਜਗਮੀਤ ਸਿੰਘ ਬਰਾੜ ਨਵੀਂ ਰਣਨੀਤੀ ਦਾ ਐਲਾਨ ਜਲਦੀ ਕਰਨਗੇ : ਸੰਤ ਸਿੰਘ ਘੱਗਾ

Share this story

ਘੱਗਾ, 13 ਜਨਵਰੀ (ਹੇਮ ਰਾਜ ਬਰਾਸ) ਨਿਧੜਕ ਆਗੂ ‘ਆਵਾਜ਼ ਏ ਪੰਜਾਬ’ ਨਾਮ ਨਾਲ ਜਾਣੇ ਜਾਂਦੇ ਸ. ਜਗਮੀਤ ਸਿੰਘ ਬਰਾੜ ਪੰਜਾਬ ਦੀ ਸਰਗਰਮ ਸਿਆਸਤ ਵਿੱਚ ਬਹੁਤ ਵੱਡੀ ਭੁਮਿਕਾ ਅਦਾ ਕਰਨ ਜਾ ਰਹੇ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਜਗਮੀਤ ਸਿੰਘ ਬਰਾੜ ਦੇ ਨਿੱਜੀ ਰਾਜਸੀ ਸਕੱਤਰ ਸੰਤ ਸਿੰਘ ਘੱਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੀ ਘੱਗਾ ਨੇ ਦੱਸਿਆ ਕਿ ਪੰਜਾਬ ਵਿੱਚ ਨਸ਼ਾ ਬਹੁਤ ਵੱਡੀ ਪੱਧਰ ਤੇ ਫੈਲਿਆ ਹੋਇਆ ਹੈ ਜਿਸ ਨਾਲ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਨਰਕਮਈ ਹੋ ਗਈ ਹੈ ਤੇ ਪੰਜਾਬ ਦੀ ਜਵਾਨੀ ਕੁਰਾਹੇ ਪੈ ਕੇ ਤਬਾਹੀ ਵੱਲ ਵੱਧ ਚੁੱਕੀ ਹੈ।ਜੇਕਰ ਨਸ਼ੇ ਦੇ ਕਾਰੋਬਾਰ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਇਸ ਦੇ ਨਤੀਜੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦੇਣਗੇ। ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀ ਘੱਗਾ ਨੇ ਕਿਹਾ ਕਿ ਕਾਂਗਰਸ ਪਾਰਟੀ ਨਿੱਤ ਨਵੇਂ ਘੋਟਾਲਿਆਂ ਤੇ ਪ੍ਰਵਾਰਪ੍ਰਸਤੀ ਕਾਰਨ ਬਹੁਤ ਕਮਜ਼ੋਰ ਹੋ ਚੁੱਕੀ ਹੈ ਜਿਸ ਕਾਰਨ ਕਾਂਗਰਸ

ਪਾਰਟੀ ਹਾਲੀਆ ਲੋਕ ਸਭਾ ਚੋਣਾਂ ਵਿੱਚ 44 ਕੁ ਸੀਟਾਂ ਲੈ ਕੇ ਸਿਮਟ ਗਈ ਹੈ।ਉਹਨਾਂ ਕੈਪਟਨ ਅਮਰਿੰਦਰ ਸਿੰਘ ਤੇ ਤਾਬੜਤੋੜ ਹਮਲਾ ਬੋਲਦਿਆਂ ਕਿਹਾ ਕਿ ਦੋ ਵਾਰ ਪੰਜਾਬ ਵਿੱਚ ਕਾਂਗਰਸ ਪਾਰਟੀ ਅਮਰਿੰਦਰ ਸਿੰਘ ਦੀ ਅਯੋਗ ਅਗਵਾਈ ਤੇ ਤਾਨਾਸ਼ਾਹੀ ਵਤੀਰੇ ਕਾਰਨ ਵਿਧਾਨ ਸਭਾ ਚੋਣਾਂ ਹਾਰ ਚੁੱਕੀ ਹੈ ਜਿਸ ਸਦਕਾ ਅਮਰਿੰਦਰ ਸਿੰਘ ਦੀ ਘਸੀ-ਪਿਟੀ ਰਣਨੀਤੀ ਕਾਰਨ ਕਾਂਗਰਸੀ ਵਰਕਰਾਂ ਦੇ ਹੌਸਲੇ ਪਸਤ ਹੋ ਗਏ ਹਨ।ਦੂਜੇ ਪਾਸੇ ਪਾਰਟੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਸਿੰਘ ਦੀ ਆਪਸੀ ਖਹਿਬਾਜ਼ੀ ਵਿੱਚ ਕਾਂਗਰਸ ਪਾਰਟੀ ਪਤਨ ਦੇ ਰਾਹ ਤੇ ਤੁਰ ਪਈ ਹੈ।
ਉੇਹਨਾਂ ਅੱਗੇ ਕਿਹਾ ਕਿ ਨਰਿੰਦਰ ਮੋਦੀ ਦੇਸ਼ ਦੇ ਬਹੁਤ ਵਧੀਆ ਤੇ ਸੂਝਵਾਨ ਪ੍ਰਧਾਨ ਮੰਤਰੀ ਹਨ ਜੋ ਕਿ ਭਾਰਤ ਦੇ ਲੋਕਾਂ ਦੀ ਖਾਤਰ ਦੇਸ਼ ਦੀ ਅਰਥ ਵਿਵਸਥਾ ਨੂੰ ਸਹੀ ਪਟੜੀ ਤੇ ਲਿਆਉਣ ਲਈ ਸਖਤ ਮਿਹਨਤ ਕਰ ਰਹੇ ਹਨ। ਅੰਤ ‘ਚ ਸ਼੍ਰੀ ਘੱਗਾ ਨੇ ਕਿਹਾ ਕਿ ਜਗਮੀਤ ਸਿੰਘ ਬਰਾੜ ਆਪਣੀ ਨਵੀਂ ਰਾਜਨੀਤਿਕ ਰਣਨੀਤੀ ਦਾ ਐਲਾਨ ਜਲਦੀ ਹੀ ਕਰਨਗੇ ਤੇ ਹਸਦੇ-ਵਸਦੇ ਰੰਗਲੇ ਪੰਜਾਬ ਨੂੰ ਸਮਗਲਰਾਂ ਤੇ ਰਜਵਾੜਾਸ਼ਾਹੀ, ਪਰਿਵਾਰਵਾਦੀ ਨੇਤਾਵਾਂ ਤੋਂ ਮੁਕਤੀ ਦਿਵਾਉਣਗੇ।

WRITTEN BY