ਰੋਜ਼ਾਨਾ ਪੰਜਾਬ ਟਾਇਮਜ਼ ’ਚ ਛਪੀ ਖ਼ਬਰ ਦਾ ਜ਼ੋਰਦਾਰ ਅਸਰ
ਬਠਿੰਡਾ, 12 ਜਨਵਰੀ- ‘ਪੰਜਾਬ ਟਾਇਮਜ਼’ ਵਿਚ ਛਪੀ ਖਬਰ ‘ਬਾਹਰਲੇ ਨੇਤਾ ਨੂੰ ਥਾਪਿਆ ਬਠਿੰਡਾ ਮਾਰਕੀਟ ਕਮੇਟੀ ਚੇਅਰਮੈਨ’ ਨੇ ਸਮੁੱਚੇ ਬਠਿੰਡਾ ਜ਼ਿਲ੍ਹੇ ਅੰਦਰ ਬਾਦਲ ਪਰਿਵਾਰ ਤੋਂ ਰੁੱਸੇ ਤਮਾਮ ਅਕਾਲੀਆਂ ਨੂੰ ਹਿੰਮਤ ਦੇ ਕੇ ਇੱਕਜੁੱਟ ਕਰਕੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਾਹਮਣੇ ਆਪਣੇ ਹੱਕ ਦੀ ਮੰਗ ਨੂੰ ਲੈ ਕੇ ਖੜ੍ਹਾ ਕਰ ਦਿੱਤਾ। ਅੱਜ ਬਠਿੰਡਾ ਮਹਾਨਗਰ ਦੇ ਅਕਾਲੀ ਵਰਕਰਾਂ ਨੇ ਬਾਹਰਲੇ ਵਿਅਕਤੀ ਨੂੰ ਜਬਰਦਸਤੀ ਬਠਿੰਡਾ ਅਕਾਲੀ ਲੀਡਰਸ਼ਿੱਪ ਜੋ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰਦੀ ਆ ਰਹੀ ਹੈ, ਦੇ ਸਿਰ ਉਤੇ ਬਿਠਾਏ ਮਾਰਕੀਟ ਕਮੇਟੀ ਚੇਅਰਮੈਨ ਨੂੰ ਨਗਰ-ਨਿਗਮ ਚੋਣਾਂ ਤੋਂ ਪਹਿਲਾਂ ਕੁਰਸੀ ਤੋਂ ਉਤਾਰ ਕੇ ਬਠਿੰਡਾ ਅਕਾਲੀ ਲੀਡਰਸ਼ਿੱਪ ਦੇ ਕਿਸੇ ਅਕਾਲੀ ਵਫਾਦਾਰ ਨੂੰ ਚੇਅਰਮੈਨ ਬਣਾਏ ਜਾਣ ਦੀ ਜ਼ੋਰਦਾਰ ਮੰਗ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਇਕ ਵਾਰ ਫਿਰ ਗੰਭੀਰਤਾਪੂਰਵਕ ਸੋਚਣ ਲਈ ਮਜਬੂਰ ਕਰ ਦਿੱਤਾ।
ਇਥੇ ਵਿਸ਼ੇਸ਼ ਤੌਰ ’ਤੇ ਦੱਸਣਯੋਗ ਹੈ ਕਿ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਕਾਲੀ ਦਲ, ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਪਾਰਟੀ ਦੇ ਵਰਕਰ ‘ਰੋਜ਼ਾਨਾ ਪੰਜਾਬ ਟਾਇਮਜ਼’ ਅਖ਼ਬਾਰ ਜੋ ਸੱਚ ਨੂੰ ਪੂਰੀ ਦਲੇਰੀ ਅਤੇ ਨਿਧੱੜਕਤਾ ਨਾਲ ਪੇਸ਼ ਕਰਦਾ ਹੈ। ਇਸ ਪੰਜਾਬੀ ਅਖ਼ਬਾਰ ਨੂੰ ਹਾਸਿਲ ਕਰਨ ਲਈ ਤਰਲੋਮੱਛੀ ਹੁੰਦੇ ਹੋਏ ਥਾਂ-ਥਾਂ ਫੋਨ ਖੜਕਾਉਂਦੇ ਨਜ਼ਰ ਆਏ। ਅੱਜ ਬਠਿੰਡਾ ਜ਼ਿਲ੍ਹੇ ਅੰਦਰ ਤਮਾਮ ਅਕਾਲੀ ਵਰਕਰਾਂ ਨੇ ਪ੍ਰਕਾਸ਼ਿਤ ਖਬਰ ਦੀਆਂ ਸੈਂਕੜੇ ਫੋਟੋ ਕਾਪੀਆਂ ਕਰਵਾ ਕੇ ਆਪਣੇ ਕੋਲੋਂ ਵੰਡੀਆਂ। ਅਕਾਲੀ ਵਰਕਰਾਂ ਦਾ ਕਹਿਣਾ ਸੀ ਕਿ ਅਖ਼ਬਾਰ ਤਾਂ ਹੋਰ ਵੀ ਵਥੇਰੇ ਹਨ, ਪਰ ਕਿਸੇ ਨੇ ਵੀ ਸੱਚ ਨੂੰ ਜਨਤਕ ਕਰਨ ਦੀ ਸਰਕਾਰ ਤੱਕ ਸਾਡੀ ਦੱਬ ਚੁੱਕੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਅੱਜ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਟਾਇਮਜ਼ ’ਚ ਪ੍ਰਕਾਸ਼ਿਤ ਸੱਚੀ ਖਬਰ ਨੂੰ ਗੰਭੀਰਤਾ ਨਾਲ ਲੈਂਦਿਆਂ ਬਠਿੰਡਾ ਜ਼ਿਲ੍ਹੇ ਦੀ ਸਮੁੱਚੀ ਅਕਾਲੀ ਲੀਡਰਸ਼ਿੱਪ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਨਾਲ ਪਾਰਟੀ ਪੂਰੀ ਤਰ੍ਹਾਂ ਵਫਾਦਾਰ ਰਹੇਗੀ ਅਤੇ ਨਾ ਹੀ ਕਿਸੇ ਦਾ ਹੱਕ ਮਾਰਿਆ ਜਾਵੇਗਾ।



