ਹੈਮਬਰਗ, (ਪੀ. ਟੀ.)- ਫਰਾਂਸ ਵਿਚ ਮੈਗਜ਼ੀਨ ਦਫਤਰ ‘ਚਾਰਲੀ ਹੇਬਦੋ’ ’ਤੇ ਹੋਏ ਅੱਤਵਾਦੀ ਹਮਲੇ ਤੋਂ ਚਾਰ ਦਿਨਾਂ ਬਾਅਦ ਇਸ ਵਾਰ ਹੁਣ ਜਰਮਨੀ ਦੇ ਹੈਮਬਰਗ ਵਿਖੇ ਸਥਿਤ ‘ਹੈਮਬਰਗਰ ਮਾਰਗਨ‘ ਪ੍ਰਿੰਟਿੰਗ ਪ੍ਰੈੱਸ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਐਤਵਾਰ ਨੂੰ ਜਰਮਨੀ ਦੇ ਇਸ ਅਖਬਾਰ ਨੇ ਵੀ ‘ਚਾਰਲੀ ਹੇਬਦੋ‘ ਦੀ ਮੈਗਜ਼ੀਨ ‘ਚ ਛਪੇ ਪੈਗੰਬਰ ਮੁਹੰਮਦ ਦੇ ਵਿਵਾਦਤ ਕਾਰਟੂਨ ਨੂੰ ਛਾਪਿਆ ਸੀ। ਇਸ ਹਮਲੇ ਵਿਚ ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਜਦੋਂ ਕਿ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੈਰਿਸ ਦੀ ਮੈਗਜ਼ੀਨ ‘ਤੇ
ਛਾਪੇ ਗਏ ਪੈਗੰਬਰ ਮੁਹੰਮਦ ਦੇ ਕਾਰਟੂਨ ਕਾਰਨ ਪਿਛਲੇ 4 ਦਿਨਾਂ ਤੋਂ ਫਰਾਂਸ ਅੱਤਵਾਦ ਦੀ ਅੱਗ ਵਿਚ ਦਹਿਲ ਰਿਹਾ ਹੈ। ਇਸੇ ਪਿੱਠਭੂਮੀ ‘ਤੇ ਅੱਤਵਾਦੀਆਂ ਨੇ ‘ਚਾਰਲੀ ਹੇਬਦੋ‘ ਦੇ ਮੈਗਜ਼ੀਨ ਦਫਤਰ ‘ਤੇ ਹਮਲਾ ਕੀਤਾ ਸੀ। ਉਸ ਹਮਲੇ ਵਿਚ 10 ਸੰਪਾਦਕਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਪੈਰਿਸ ਦੀਆਂ ਸੜਕਾਂ ‘ਤੇ ਦੋ ਦਿਨਾਂ ਤੱਕ ਗੋਲੀਬਾਰੀ ਹੁੰਦੀ ਰਹੀ। ਆਖਰਕਾਰ ਪੁਲਸ ਨੇ ਦੋਸ਼ੀਆਂ ਨੂੰ ਮਾਰ ਸੁੱਟਿਆ।‘ਹੈਮਬਰਗਰ ਮਾਰਗਨ‘ ਪੋਸਟ ਨੇ ਟਵਿੱਟਰ ‘ਤੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅਖਬਾਰ ਦੇ ਦਫਤਰ ਦੀ ਖਿੜਕੀ ‘ਤੇ ਪਹਿਲਾਂ ਪੱਥਰ ਮਾਰਿਆ ਗਿਆ ਤੇ ਫਿਰ ਇਕ ਬਲਦੀ ਹੋਈ ਵਸਤੂ ਸੁੱਟੀ ਗਈ। ਉਨ੍ਹਾਂ ਨੇ ਕਿਹਾ ਕਿ ਦਫਤਰ ਦੀ ਇਮਾਰਤ ਦੀ ਹੇਠਲੀ ਮੰਜ਼ਿਲ ਦੇ ਦੋ ਕਮਰਿਆਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਅੱਗ ‘ਤੇ ਛੇਤੀ ਹੀ ਕਾਬੂ ਪਾ ਲਿਆ ਗਿਆ।


