ਪੈਰਿਸ, 11 ਜਨਵਰੀ (ਪੀ. ਟੀ.)- ਫਰਾਂਸ ਨੇ ਕਿਸੇ ਹੋਰ ਨਵੇਂ ਅੱਤਵਾਦੀ ਹਮਲੇ ਨੂੰ ਨਾਕਾਮ ਕਰਨ ਤੇ ਯਮਨ ਦੇ ਅਲਕਾਇਦਾ ਨਾਲ ਜੁੜੇ ਅੱਤਵਾਦੀਆਂ ਵੱਲੋਂ ਪੈਰਿਸ ਵਿਚ ਢਾਏ ਕਹਿਰ ਵਿਚ ਸਹਿਯੋਗ ਦੇਣ ਵਾਲੇ ਇੱਕ ਸ਼ੱਕੀ ਦੀ ਤਲਾਸ਼ ਲਈ ਹਜ਼ਾਰਾਂ ਦੀ ਗਿਣਤੀ ਵਿਚ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ। ਦੇਸ਼ ਵਿਚ 3 ਦਿਨਾਂ ਵਿਚ ਅੱਤਵਾਦੀ ਹਮਲਿਆਂ ਵਿਚ 17 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਫ਼ਿਲਹਾਲ ਫਰਾਂਸ ਦੇ ਲੋਕ ਹਿੰਸਾ ਦੀ ਦਹਿਸ਼ਤ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ। ਬੰਧਕ ਬਣਾਏ ਲੋਕਾਂ ਦੇ ਮਾਰੇ ਜਾਣ ਤੇ ਕਾਰਟੂਨਿਸਟਾਂ ਦੀ ਹੱਤਿਆ ਨੂੰ ਲੈ ਕੇ ਦੇਸ਼ ਵਿਚ ਸ਼ੋਕ ਪਸਰਿਆ ਹੋਇਆ ਹੈ। ਸੁਰੱਖਿਆ ਬਲਾਂ ਨੂੰ ਰਾਜਧਾਨੀ, ਆਸਪਾਸ, ਧਾਰਮਿਕ ਤੇ ਸੈਲਾਨੀ ਥਾਵਾਂ ‘ਤੇ ਤਾਇਨਾਤ ਕੀਤਾ ਗਿਆ ਹੈ। ਕੱਟੜਵਾਦੀਆਂ ਵਿਰੁੱਧ ਇੱਕਜੁੱਟਤਾ ਦਿਖਾਉਣ ਲਈ ਇੱਕ ਵਿਸ਼ਾਲ ਸ਼ਕਤੀ ਪ੍ਰਦਰਸ਼ਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਕੱਲ੍ਹ ਹੋਣ ਦੀ ਸੰਭਾਵਨਾ ਹੈ।


