ਅੰਮ੍ਰਿਤਸਰ, 9 ਦਸੰਬਰ (ਅੰਗਰੇਂਜ ਸਿੰਘ ਮੱਟੂ, ਬਲਜੀਤ ਸਿੰਘ ਬੱਲ)-ਮਾਣਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬੀ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਮਾਰ ਤੋ ਬਚਾਉਣ ਲਈ ਹਮੇਸ਼ਾ ਸਾਰਥਕ ਯਤਨ ਕੀਤੇ ਹਨ ਜਿਸ ਲਈ ਜਿੱਥੇ ਨਸ਼ਾ ਛੁਡਾਊ ਕੈਂਪ ਅਤੇ ਮੁਫਤ ਨਸ਼ਾ ਛੁਡਾਊ ਦਵਾਈਆ ਵੰਡੀਆ ਗਈਆ ਹਨ ਉਥੇ ਸੂਬਾ ਸਰਕਾਰ ਨੇ ਹਮੇਸ਼ਾ ਕੇਂਦਰ ਸਰਕਾਰ ਨੂੰ ਸਰਹੱਦਾਂ ਤੇ ਹੁੰਦੀ ਨਸ਼ਿਆਂ ਦੀ ਸਮੱਗਲਿੰਗ ਹੋਣ ਲਈ ਉਸਾਰੂ ਯਤਨ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਜਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ। ਪ੍ਰਧਾਨ ਉਪਕਾਰ ਸੰਧੂ ਨੇ ਕਿਹਾ ਕਿ ਇਸ ਲਈ ਅਕਾਲੀ ਦਲ ਹਾਈਕਮਾਂਡ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆ ਦੀ ਮਾਰ ਤੋਂ ਬਚਾਉਣ ਅਤੇ ਸੂਬੇ ਦੇ ਹੋ ਰਹੇ ਨੁਕਸਾਨ ਨੂੰ ਬਚਾਉਣ ਲਈ ਨਸ਼ਿਆਂ ਦੀ ਸਮੱਗਲਿੰਗ ਦੇ ਖਿਲਾਫ ਧਰਨੇ ਲਗਾਉਣ ਦਾ
ਪ੍ਰੋਗਰਾਮ ਉਲੀਕ ਕੇ ਜਾਗਰੂਕਤਾ ਫੈਲਾਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਸ਼ਿਆ ਨੁੂੰ ਰੋਕਣ ਲਈ ਹਰੇਕ ਅਕਾਲੀ ਵਰਕਰ ਡਟ ਕੇ ਖੜੇਗਾ ਤੇ ਪੰਜਾਬ ਵਿਚ ਨਸ਼ੇ ਦਾ ਖਾਤਮਾ ਕਰਾਗੇ। ਇਸ ਉਪਰੰਤ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਦੇ ਸਿਆਸੀ ਸਲਾਹਕਾਰ ਹਰਮਨ ਬੁਲਾਰੀਆ ਨੇ ਕਿਹਾ ਕਿ ਪੰਜਾਬ ਨੂੰ ਕਿਸੇ ਦੀ ਨਜ਼ਰ ਹੀ ਲੱਗ ਗਈ ਹੈ ਜਿਸ ਨਾਲ ਪੰਜ ਦਰਿਆਵਾ ਦੀ ਧਰਤੀ ਕਹੇ ਜਾਦੇ ਪੰਜਾਬ ਵਿਚ ਅੱਜ ਛੇਵਾ ਦਰਿਆ ਨਸ਼ਿਆ ਦੇ ਰੂਪ ਵਿਚ ਵਹਿ ਰਿਹਾ ਹੈ ਜੋ ਕਿ ਸਾਡੀ ਨੌਜਵਾਨ ਪੀੜ੍ਹੀ ਲਈ ਬਹੁਤ ਹੀ ਘਾਤਕ ਸਾਬਤ ਹੋ ਰਿਹਾ ਹੈ, ਇਨ੍ਹਾਂ ਨਸ਼ਿਆ ਦੇ ਪੰਜਾਬ ਵਿਚੋ ਖਾਤਮੇ ਲਈ ਹੀ ਬੀਤੇ ਦਿਨ ਪੰਜਾਬ ਦੇ ਵੱਖ ਵੱਖ ਬਾਰਡਰਾਂ ਤੇ ਸ਼੍ਰ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਲੜੀਵਾਰ ਧਰਨੇ ਦਿੱਤੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆ ਦੀ ਤਸਕਰੀ ਤੇ ਮੁਕੰਮਲ ਰੋਕ ਲਗਾਉਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਵਚਨਬੰਧ ਹੈ। ਇਸ ਮੌਕੇ ਵਾਰਡ ਨੰਬਰ 43 ਦੇ ਕੌਸਲਰ ਅਮਰਜੀਤ ਸਿੰਘ ਭਾਟੀਆ, ਵਾਰਡ ਨੰ 34 ਦੇ ਕੌਸਲਰ ਜਸਕੀਰਤ ਸਿੰਘ ਸੁਲਤਾਨਵਿੰਡ, ਹਰਪ੍ਰੀਤ ਸਿੰਘ ਭਾਟੀਆ ਜਿਲ੍ਹਾ ਮੀਤ ਪ੍ਰਧਾਨ ਆਦਿ ਹਾਜ਼ਰ ਸਨ।



