ਗਾਂਧੀਨਗਰ ਵਿੱਚ ਪਰਵਾਸੀ ਭਾਰਤੀ ਦਿਵਸ ਵਿੱਚ ਕੀਤੀ ਸ਼ਿਰਕਤ
ਜਲੰਧਰ/ਗਾਂਧੀਨਗਰ (ਗੁਜਰਾਤ), 9 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪਰਵਾਸੀ ਭਾਰਤੀਆਂ ਖਾਸ ਕਰਕੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਵਿੱਚ ਵੱਡੀ ਪੱਧਰ ’ਤੇ ਪੂੰਜੀ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਨਿਵੇਸ਼ ਪੱਖੀ ਮਾਹੌਲ ਬਣਾਉਣ ਅਤੇ ਬਿਨਾਂ ਕਿਸੇ ਅੜਚਣ ਤੋਂ ਨਿਵੇਸ਼ ਨੂੰ ਯਕੀਨੀ ਬਣਾਉਣ ਵਾਸਤੇ ਪਹਿਲਾਂ ਹੀ ਅਨੇਕਾਂ ਪਹਿਲਕਦਮੀਆਂ ਕਰ ਲਈਆਂ ਹਨ। ਗਾਂਧੀਨਗਰ ਵਿਖੇ ਤਿੰਨ ਦਿਨਾ ਪਰਵਾਸੀ ਭਾਰਤੀ ਦਿਵਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਨਿਵੇਸ਼ ਪ੍ਰਤੀ ਦ੍ਰਿਸ਼ਟੀ ਦੀ ਸਰਾਹਨਾ ਕੀਤੀ ਜਿਨ੍ਹਾਂ ਨੇ ਲੀਹੋਂ ਹਟਵੇਂ ਕਦਮ ਪੁੱਟਦਿਆਂ ਦੇਸ਼ ਵਿੱਚ ਨਿਵੇਸ਼ ਪੱਖੀ ਮਾਹੌਲ ਸਿਰਜਿਆ ਹੈ ਅਤੇ ਭਾਰਤ ਨੂੰ ਨਿਵੇਸ਼ ਦੇ ਪੱਖ ਤੋਂ ਪਸੰਦੀਦਾ ਸਥਾਨ ਬਣਾਇਆ ਹੈ। ਉਨ੍ਹਾਂ ਕਿਹਾ
ਕਿ ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪਰਵਾਸੀ ਭਾਰਤੀਆਂ ਨੂੰ ਜਾਤ, ਨਸਲ, ਰੰਗ ਅਤੇ ਭੂਗੋਲਿਕ ਵਿਭਿੰਨਤਾ ਨੂੰ ਇਕ ਪਾਸੇ ਕਰਦੇ ਹੋਏ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਜੀਵਨ ਦੇ ਹਰ ਪੱਖ ਤੋਂ ਆਪਣੀ ਨਿੱਗਰ ਸਾਰਥਿਕਤਾ ਨੂੰ ਸਿੱਧ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਵਿਸ਼ੇਸ਼ ਕਰਕੇ ਪੰਜਾਬੀ, ਦੁਨੀਆ ਵਿੱਚ ਇਕੋ-ਇਕ ਭਾਈਚਾਰਾ ਹੈ ਜਿਸ ਨੇ ਆਪਣੀ ਸਖਤ ਮਿਹਨਤ, ਸੰਜੀਦਗੀ ਤੇ ਵਚਨਬੱਧਤਾ ਨਾਲ ਆਪਣਾ ਲੋਹਾ ਮੰਨਵਾਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਅਤੇ ਪੰਜਾਬੀ ਧੀਆਂ ਦੇ ਹਿੱਤਾਂ ਦੀ ਸੁਰੱਖਿਆ ਲਈ ਵਿਆਹ ਨਾਲ ਸਬੰਧਤ ਧੋਖੇਧੜੀ ਨੂੰ ਰੋਕਣ ਵਾਸਤੇ ਕਦਮ ਪੁੱਟੇ ਗਏ ਹਨ ਅਤੇ ਹੁਣ ਵਿਆਹ ਦੀ ਲਾਜ਼ਮੀ ਰਜਿਸਟ੍ਰੇਸ਼ਨ ਲਈ ਮੈਰਿਜ ਰਜਿਸਟ੍ਰੇਸ਼ਨ ਐਕਟ ਬਣਾਇਆ ਗਿਆ ਹੈ ਜਿਸ ਲਈ ਡਿਪਟੀ ਕਮਿਸ਼ਨਰ, ਜ਼ਿਲ੍ਹਾ ਮਾਲ ਅਫਸਰ, ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਸ਼ਕਤੀਆਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਹੀ ਪਾਵਰ ਆਫ ਅਟਾਰਨੀ ਦੇ ਮਾਮਲਿਆਂ ਨਾਲ ਨਿਪਟਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ।
ਸੂਬਾ ਸਰਕਾਰ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਨੂੰ ਰਿਹਾਇਸ਼ੀ ਤੇ ਸਨਅਤੀ ਪਲਾਟਾਂ ਲਈ 10 ਫੀਸਦੀ ਰਾਖਵਾਂਕਰਨ ਦੀ ਵਿਵਸਥਾ ਕੀਤੀ ਗਈ ਹੈ। ਵੱਖ-ਵੱਖ ਦੁਕਾਨਾਂ, ਮਾਲ, ਸਕੂਲ, ਹਸਪਤਾਲ ਆਦਿ ਲਈ ਛੋਟਾਂ ਅਤੇ ਰਾਖਵਾਂਕਰਨ ਦੀ ਵਿਵਸਥਾ ਕੀਤੀ ਗਈ ਹੈ। ਪਰਵਾਸੀਆਂ ਨੂੰ ਗੈਰ-ਜ਼ਰੂਰੀ ਪਰੇਸ਼ਾਨੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੇ ਉਨ੍ਹਾਂ ਵਿਰੁੱਧ ਐਫ.ਆਈ.ਆਰ. ਦਰਜ ਹੋਣ ਤੋਂ ਰੋਕਣ ਲਈ ਥਾਣਾ ਮੁਖੀ ਨੂੰ ਡੀ.ਐਸ.ਪੀ. ਜਾਂ ਉਚ ਅਧਿਕਾਰੀ ਪਾਸੋਂ ਅਗਾਊਂ ਪ੍ਰਵਾਨਗੀ ਲੈਣੀ ਜ਼ਰੂਰੀ ਬਣਾਈ ਗਈ ਹੈ ਅਤੇ ਐਨ.ਆਰ.ਆਈਜ਼ ਦੇ ਮਾਲ ਵਿਭਾਗ ਨਾਲ ਸਬੰਧਤ ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐਨ.ਆਰ.ਆਈਜ਼ ਲਈ ਵਿਸ਼ੇਸ਼ ਸਿਵਲ ਕੋਰਟ ਜ¦ਧਰ ਵਿੱਚ ਸਥਾਪਤ ਕੀਤੀ ਅਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਅਜਿਹੀਆਂ ਅਦਾਲਤਾਂ ਸਥਾਪਤ ਕੀਤੀਆਂ ਜਾ ਰਹੀਆਂ। ਮੁੱਖ ਮੰਤਰੀ ਨੇ ਦੱਸਿਆ ਕਿ ਪਰਵਾਸੀ ਪੰਜਾਬੀਆਂ ਦੇ ਹਿੱਤਾਂ ਦੀ ਰੱਖਿਆ ਲਈ 13 ਪੁਲੀਸ ਥਾਣੇ ਬਣਾਏ ਅਤੇ 38 ਐਨ.ਆਰ.ਆਈ. ਨੰਬਰਦਾਰ ਦੀ ਨਿਯੁਕਤੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਐਨ.ਆਰ.ਆਈ. ਪੱਤਰਕਾਰਾਂ ਨੂੰ ਐਕਰੇਡੀਸ਼ਨ ਦੀ ਸਹੂਲਤ ਪ੍ਰਦਾਨ ਕੀਤੀ। ਇਸ ਮੌਕੇ ਪਰਵਾਸੀ ਪੰਜਾਬੀਆਂ ਦੇ ਮਾਮਲਿਆਂ ਬਾਰੇ ਮੰਤਰੀ ਜਥੇਦਾਰ ਤੋਤਾ ਸਿੰਘ, ਪ੍ਰਮੁੱਖ ਸਕੱਤਰ ਐਨ.ਆਰ.ਆਈਜ਼. ਮਾਮਲੇ ਸ੍ਰੀ ਸੰਜੇ ਕੁਮਾਰ ਅਤੇ ਐਨ.ਆਈਰ.ਆਈ. ਕਮਿਸ਼ਨਰ ਸ੍ਰੀ ਬੀ. ਪੁਰਸਾਰਥਾ ਵੀ ਹਾਜ਼ਰ ਸਨ।



